*ਮੁੱਖ ਮੰਤਰੀ ਭਗਵੰਤ ਮਾਨ ਨੇ ਫਗਵਾੜਾ ਭਾਜਪਾ ਦੇ ਦੋ ਦਿੱਗਜ ਆਗੂਆਂ ਗੁਰਦੀਪ ਦੀਪਾ ਅਤੇ ਰਵੀ ਕੁਮਾਰ ਨੂੰ ‘ਆਪ’ ਪਾਰਟੀ ‘ਚ ਕੀਤਾ ਸ਼ਾਮਲ*

0
13

ਫਗਵਾੜਾ 7 ਨਵੰਬਰ (ਸਾਰਾ ਯਹਾਂ/ਸਿਵ ਕੋੜਾ) ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਪ ਪਾਰਟੀ ਨੇ ਫਗਵਾੜਾ ਭਾਜਪਾ ਨੂੰ ਇੱਕ ਹੋਰ ਵੱਡਾ ਝੱਟਕਾ ਦਿੰਦਿਆਂ ਸਾਬਕਾ ਭਾਜਪਾ ਕੌਂਸਲਰ ਗੁਰਦੀਪ ਸਿੰਘ ਦੀਪਾ ਅਤੇ ਐੱਸ.ਸੀ. ਮੋਰਚੇ ਦੇ ਸੂਬਾ ਸਕੱਤਰ ਰਵੀ ਕੁਮਾਰ ਨੂੰ ਆਪ ਪਾਰਟੀ ਵਿਚ ਸ਼ਾਮਲ ਕਰਵਾਇਆ ਹੈ। ਗੁਰਦੀਪ ਸਿੰਘ ਦੀਪਾ ਸਾਲ 2015 ਵਿੱਚ ਜਦੋਂ ਫਗਵਾੜਾ ਨਗਰ ਨਿਗਮ ਬਣੀ ਤਾਂ ਭਾਜਪਾ ਦੀ ਟਿਕਟ ਤੇ ਚੋਣ ਲੜ ਕੇ ਕੌਂਸਲਰ ਬਣੇ ਸਨ। ਇਸ ਤੋਂ ਇਲਾਵਾ ਉਹ ਬੀ.ਸੀ. ਮੋਰਚਾ ਪੰਜਾਬ, ਜ਼ਿਲ੍ਹਾ ਕਪੂਰਥਲਾ ਭਾਜਪਾ ਦੇ ਜਨਰਲ ਸਕੱਤਰ, ਭਾਜਯੁਮੋ ਦੇ ਜ਼ਿਲ੍ਹਾ ਪ੍ਰਧਾਨ ਤੇ ਸੂਬਾ ਸਕੱਤਰ ਅਤੇ ਆਰ.ਐਸ.ਐਸ. ਦੇ ਨਗਰ ਪ੍ਰਧਾਨ ਵਜੋਂ ਵੱਖ-ਵੱਖ ਅਹੁਦਿਆਂ ’ਤੇ ਸੇਵਾਵਾਂ ਨਿਭਾ ਚੁੱਕੇ ਹਨ। ਜਦਕਿ ਰਵੀ ਕੁਮਾਰ ਭਾਜਪਾ ਐੱਸ.ਸੀ. ਮੋਰਚਾ ਪੰਜਾਬ ਦੇ ਮੌਜੂਦਾ ਸਕੱਤਰ ਸਨ। ਬੀਜੇਪੀ ਦੇ ਇਹਨਾਂ ਦੋਵੇਂ ਦਿੱਗਜਾਂ ਆਗੂਆਂ ਨੇ ‘ਆਪ’ ਪਾਰਟੀ ’ਚ ਸ਼ਾਮਲ ਹੋਣ ਸਮੇਂ ਕਿਹਾ ਕਿ ਉਹ ਭਗਵੰਤ ਮਾਨ ਸਰਕਾਰ ਦੀਆਂ ਲੋਕ ਭਲਾਈ ਨੀਤੀਆਂ ਅਤੇ ਸੂਬੇ ਨੂੰ ਤਰੱਕੀ ਵੱਲ ਲਿਜਾਣ ਦੇ ਸਾਰਥਕ ਯਤਨਾਂ ਤੋਂ ਪ੍ਰਭਾਵਿਤ ਹੋ ਕੇ ਅਤੇ ਕੇਂਦਰ ਸਰਕਾਰ ਦੀਆਂ ਕਿਸਾਨ ਵਿਰੋਧੀ ਤੇ ਪੰਜਾਬ ਵਿਰੋਧੀ ਨੀਤੀਆਂ ਤੋਂ ਦੁਖੀ ਹੋ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਹੁਣ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਆਪ ਪਾਰਟੀ ਦੇ ਮੈਂਬਰ ਪਾਰਲੀਮੈਂਟ ਡਾ. ਰਾਜ ਕੁਮਾਰ ਚੱਬੇਵਾਲ ਅਤੇ ਜੋਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ ਤੇ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਗੇ। ਸੰਸਦ ਮੈਂਬਰ ਰਾਜਕੁਮਾਰ ਚੱਬੇਵਾਲ ਅਤੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਦੋਵਾਂ ਆਗੂਆਂ ਨੂੰ ਜੀ ਆਇਆਂ ਆਖਿਆ ਅਤੇ ਭਰੋਸਾ ਦਿੱਤਾ ਪਾਰਟੀ ਵਿੱਚ ਪੂਰਾ ਸਤਿਕਾਰ  ਮਿਲੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਦੇ ਨੌਜਵਾਨ ਆਗੂਆਂ ਵਿਚ ਆਪ ਪਾਰਟੀ ਨਾਲ ਹੱਥ ਮਿਲਾ ਕੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣ ਲਈ ਭਾਰੀ ਉਤਸ਼ਾਹ ਹੈ, ਜੋ ਕਿ ਬਹੁਤ ਹੀ ਸ਼ਲਾਘਾਯੋਗ ਹੈ। ਜਿਕਰਯੋਗ ਹੈ ਕਿ ਪਿਛਲੇ ਮਹੀਨੇ ਭਾਰਤੀ ਜਨਤਾ ਯੁਵਾ ਮੋਰਚਾ ਫਗਵਾੜਾ ਮੰਡਲ ਦੇ ਪ੍ਰਧਾਨ ਅਸ਼ੀਸ਼ ਆਹਲੂਵਾਲੀਆ, ਜ਼ਿਲ੍ਹਾ ਮੀਤ ਪ੍ਰਧਾਨ ਕੁਲਜੀਤ ਸਿੰਘ ਬਸਰਾ ਅਤੇ ਸਾਬਕਾ ਸੀਨੀਅਰ ਮੀਤ ਪ੍ਰਧਾਨ ਸੰਨੀ ਬੱਤਾ ਨੇ ਵੀ ਐਮ.ਪੀ ਚੱਬੇਵਾਲ ਅਤੇ ਹਲਕਾ ਇੰਚਾਰਜ ਜੋਗਿੰਦਰ ਮਾਨ ਦੀ ਹਾਜਰੀ ਵਿੱਚ ‘ਆਪ’ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ ਸੀ। ਫਗਵਾੜਾ ਭਾਜਪਾ ਦੇ ਆਗੂਆਂ ਦਾ ਭਾਜਪਾ ਛੱਡ ਕੇ ‘ਆਪ’ ’ਚ ਸ਼ਾਮਲ ਹੋਣਾ ਯਕੀਨਨ ਹੀ ਭਾਜਪਾ ਲੀਡਰਸ਼ਿਪ ਨੂੰ ਆਤਮ ਚਿੰਤਨ ਕਰਨ ਲਈ ਮਜਬੂਰ ਕਰੇਗਾ। ਇਸ ਮੌਕੇ ਆਮ ਆਦਮੀ ਪਾਰਟੀ ਪੰਜਾਬ ਦੇ ਬੁਲਾਰੇ ਹਰਨੂਰ ਸਿੰਘ ਹਰਜੀ ਮਾਨ, ਸੀਨੀਅਰ ਆਗੂ ਦਲਜੀਤ ਸਿੰਘ ਰਾਜੂ, ਬਲਾਕ ਪ੍ਰਧਾਨ ਫੌਜੀ ਸ਼ੇਰਗਿਲ ਅਤੇ ਸਰਪੰਚ ਵਰੁਣ ਬੰਗੜ ਵੀ ਹਾਜ਼ਰ ਸਨ।

NO COMMENTS