*ਮੁੱਖ ਮੰਤਰੀ ਭਗਵੰਤ ਮਾਨ ਨੂੰ ਕੰਮ ਨਹੀਂ ਗੱਲਾਂ ਆਉਂਦੀਆਂ ਹਨ :ਹਰਸਿਮਰਤ ਕੌਰ ਬਾਦਲ*

0
82

ਮਾਨਸਾ 06 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੇ ਸੈੱਲਰਾਂ ਨੂੰ ਸਰਕਾਰ ਪਾਸੋਂ ਚਲਾਉਣ ਦੀ ਮਨਜੂਰੀ ਨਾ ਮਿਲਣ ਤੇ ਭਗਵੰਤ ਮਾਨ ਸਰਕਾਰ ਨੂੰ ਜਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੀ ਇਸ ਲਾਪਰਵਾਹੀ ਕਾਰਨ ਪੰਜਾਬ ਦਾ ਸੈੱਲਰ ਉਦਯੋਗ ਅਤੇ ਕਾਰੋਬਾਰੀ ਕਿੰਨ੍ਹੀ ਦੇਰ ਤੋਂ ਸਰਕਾਰ ਦੇ ਮੂੰਹ ਵੱਲ ਦੇਖ ਰਹੇ ਹਨ ਅਤੇ ਮੁੱਖ ਮੰਤਰੀ ਇਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਨੂੰ ਅਣਦੇਖਿਆ ਕਰਕੇ ਵਿਸਾਖਾਪਟਨਮ (ਆਂਧਰਾ ਪ੍ਰਦੇਸ਼) ਵਿਖੇ ਸਾਧਨਾ ਕਰਨ ਵਿੱਚ ਲੱਗੇ ਹੋਏ ਹਨ। ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅੱਜ ਅਤੇ ਕੱਲ੍ਹ ਪੰਜਾਬ ਦੇ ਸੈੱਲਰ ਮਾਲਕ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਦੀ ਅਗਵਾਈ ਵਿੱਚ ਉਨ੍ਹਾਂ ਨੂੰ ਆਪਣੀਆਂ ਮੰਗਾਂ ਲੈ ਕੇ ਮਿਲੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜਨ ਲੰਘ ਚੁੱਕਿਆ ਹੈ। ਨਵੰਬਰ ਮਹੀਨੇ ਵਿੱਚ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਤੋਂ ਸੈੱਲਰਾਂ ਨੂੰ ਚਲਾਉਣ ਦੀ ਮਨਜੂਰੀ ਲੈ ਕੇ ਦੇਣੀ ਹੁੰਦੀ ਹੈ, ਜੋ ਅਜੇ ਤੱਕ ਨਹੀਂ ਦਿੱਤੀ ਗਈ ਅਤੇ ਮਿੱਲਰ ਮਾਲਕਾਂ ਤੇ ਬਿਜਲੀ ਤੇ ਮਜਦੂਰਾਂ ਦਾ ਪ੍ਰਤੀ ਸੈੱਲਰ 10 ਲੱਖ ਰੁਪਏ ਦੇ ਕਰੀਬ ਖਰਚਾ ਪੈ ਚੁੱਕਿਆ ਹੈ ਅਤੇ ਪੰਜਾਬ ਦੇ 6 ਹਜਾਰ ਮਿੱਲਰ ਬੰਦ ਪਏ ਹਨ। ਜਿਨ੍ਹਾਂ ਵਿੱਚ ਲੱਖਾਂ ਮਜਦੂਰ ਕੰਮ ਕਰਦੇ ਸੀ, ਜੋ ਵਿਹਲੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਣਜਾਣ ਮੁੱਖ ਮੰਤਰੀ ਦੱਸਦਿਆਂ ਕਿਹਾ ਕਿ ਇਸ ਮੁੱਖ ਮੰਤਰੀ ਨੂੰ ਇਹ ਵੀ ਨਹੀਂ ਪਤਾ ਕਿ ਕਿਹੜੇ ਵੇਲੇ ਕਿਹੜਾ ਕੰਮ ਕਰਨਾ ਹੈ। ਇਹ ਸਿਰਫ ਪੰਜਾਬ ਦਾ ਪੈਸਾ ਕੇਜਰੀਵਾਲ ਤੇ ਲੁਟਾਉਣ ਵਿੱਚ ਲੱਗੇ ਹੋਏ ਹਨ। ਉਨ੍ਹਾਂ ਪਿੰਡ ਬੁਰਜ ਹਰੀ ਦੇ ਇੱਕ ਸ਼ਹੀਦ ਬਾਰੇ ਪੰਜਾਬ ਸਰਕਾਰ ਵੱਲੋਂ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦੀ ਸਹਾਇਤਾ ਨਾ ਦਿੱਤੇ ਜਾਣ ਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਸ਼ਹੀਦ ਦਾ ਪਰਿਵਾਰ ਮੁੱਖ ਮੰਤਰੀ ਨੂੰ ਮਿਲ ਕੇ ਵੀ ਇਹ ਸਾਰੀ ਗੱਲ ਦੱਸ ਚੁੱਕਿਆ ਹੈ। ਪਰ ਸਰਕਾਰ ਨੇ ਇਸ ਤੇ ਚੁੱਪ ਵੱਟੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਸਰਕਾਰ ਸ਼ਹੀਦਾਂ ਦਾ ਅਪਮਾਨ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਨੇ ਇਹ ਮਾਮਲਾ ਡੀ.ਸੀ ਮਾਨਸਾ ਦੇ ਧਿਆਨ ਵਿੱਚ ਵੀ ਲਿਆਂਦਾ। ਉਨ੍ਹਾਂ ਨੇ ਇਸ ਦੌਰਾਨ ਨੰਨ੍ਹੀ ਛਾਂ ਮੁੰਹਿਮ ਅਧੀਨ ਕੁੜੀਆਂ ਨੂੰ ਆਤਮ ਨਿਰਭਰਤਾ ਲਈ ਸਿਲਾਈ ਮਸ਼ੀਨਾਂ ਵੀ ਵੰਡੀਆਂ ਅਤੇ ਉਨ੍ਹਾਂ ਨੂੰ ਆਸ਼ੀਰਵਾਦ ਦੇ ਕੇ ਹੋਂਸਲਾ ਦਿੱਤਾ ਕਿ ਉਹ ਸਿਲਾਈ-ਕਢਾਈ ਦੇ ਕੰਮ ਸਿੱਖ ਕੇ ਆਤਮ ਨਿਰਭਰ ਹੋਣ। ਇਸ ਮੌਕੇ ਹਲਕਾ ਮਾਨਸਾ ਦੇ ਇੰਚਾਰਜ ਪ੍ਰੇਮ ਕੁਮਾਰ ਅਰੋੜਾ, ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲ, ਸ਼੍ਰੌਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਅਕਾਲੀ ਆਗੂ ਨਿਰਵੈਰ ਸਿੰਘ ਬੁਰਜ ਹਰੀ, ਅਕਾਲੀ ਆਗੂ ਹਨੀਸ਼ ਬਾਂਸਲ ਹਨੀ, ਜੁਗਰਾਜ ਸਿੰਘ ਰਾਜੂ ਦਰਾਕਾ, ਸੈੱਲਰ ਯੂਨੀਅਨ ਦੇ ਆਗੂ ਐਡਵੋਕੇਟ ਮੁਕੇਸ਼ ਕੁਮਾਰ ਮਾਨਸਾ, ਸ਼ਿਵ ਕੁਮਾਰ, ਸੋਮਨਾਥ, ਸੁਮਿਤ ਕੁਮਾਰ, ਜਥੇਦਾਰ ਜਸਵਿੰਦਰ ਸਿੰਘ ਤਾਮਕੋਟ, ਸਵਰਨ ਸਿੰਘ ਹੀਰੇਵਾਲਾ, ਗੁਰਪ੍ਰੀਤ ਸਿੰਘ ਪੀਤਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS