*ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ‘ਪਾਲੀ ਭੁਪਿੰਦਰ’ ਦੀ ਜ਼ਮੀਰ ਜਗਾਊ ਲਿਖਤ*

0
169

ਮਾਨਸਾ 08 ਜੂਨ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਸਿਰਫ਼ ਦੋ ਸਾਲ ਪਹਿਲਾਂ ਜਿਹੜੀ ‘ਆਪ’ ਨੂੰ ਪੰਜਾਬ ਦੇ ਲੋਕਾਂ ਨੇ ਵਾਜੇ-ਗਾਜੇ ਨਾਲ ਸੱਤਾ ’ਤੇ ਬਿਠਾਇਆ ਸੀ, ਅੱਜ ਉਸੇ ਨੂੰ ਸੱਤਾ ਤੋਂ ਲਾਹੁਣ ਦਾ ਮਹੂਰਤ ਕੱਢ ਦਿੱਤਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੁਰਾਂ ਨੇ 13-0 ਦਾ ਦਾਅਵਾ ਕੀਤਾ ਸੀ, ਪੰਜਾਬੀਆਂ ਨੇ ਤੇਰਾਂ ਅੱਗੋਂ ਏਕਾ ਹਟਾ ਕੇ ਸਾਫ਼ ਕਹਿ ਦਿੱਤਾ, ‘‘ਜਾਹ ਕਾਕਾ, ਤੇਰੀ ਚਾਲੇ ਨੀ ਜਚੇ ਸਾਨੂੰ।’’ ਇਹੀ ਪੰਜਾਬੀਆਂ ਦੀ ਉਹ ਖਸਲਤ ਹੈ, ਜਿਸ ਅੱਗੇ ਔਰੰਗੇ-ਅਬਦਾਲੀ-ਡਾਇਰ ਮਾਰ ਖਾ ਗਏ। ਪੰਜਾਬ ਜੱਟ ਹੈ। ਕੋਈ ਡਰਾ ਕੇ ਮੰਗੇ ਗੰਨਾ ਨਹੀਂ ਦਿੰਦਾ। ਪਰ ਜੇ ਕੋਈ ਪਿਆਰ ਨਾਲ ਗੁੜ ਦੀ ਭੇਲੀ ਵੀ ਮੰਗੇ, ਘਰੇ ਪੁਚਾ ਆਉਂਦਾ ਹੈ। ਜਿਵੇਂ 22 ’ਚ ਕੱਲ ਦੇ ਜੁਆਕਾਂ ਨੂੰ ਪੂਰੀਆਂ 92 ਸੀਟਾਂ ਫੜਾ ਦਿੱਤੀਆਂ। ਪਰ ਉਹ ਅੱਗੋਂ ਚਾਂਭਲ ਗਏ। ਕਹਿੰਦੇ ਸਾਡੇ ਅਰਗਾ ‘ਪੋਲੀਟੀਸ਼ਨ’ ਈ ਕੋਈ ਨੀ। ਭੁੱਲ ਗਏ, ਅੰਨ੍ਹੇ ਦੇ ਪੈਰਾਂ ’ਚ ਬਟੇਰਾ ਆਇਆ ਸੀ। ਪੰਜਾਬ ਅਕਾਲੀਆਂ-ਕਾਂਗਰਸੀਆਂ ਤੋਂ ਸਤਿਆ ਪਿਆ ਸੀ। ਨਸ਼ੇ, ਮਾਫ਼ੀਆ, ਗੈਂਗ, ਭਰਿਸ਼ਟਾਚਾਰ… ਕਿਹੜਾ ਦੁੱਖ ਨਹੀਂ ਸੀ, ਜਿਹੜਾ ਪੰਜਾਬ ਦੇ ਪਿੰਡੇ ਨੂੰ ਕਾਵਾਂ ਵਾਂਗ ਚੂੰਡਦਾ ਪਿਆ। ਅੱਧੇ ਪੁੱਤ ਟੀਕੇ ਲਾ ਕੇ ਮਰੀ ਜਾਂਦੇ ਸੀ। ਅੱਧੇ ਟੈਂਕੀਆਂ ਤੇ ਚੜ੍ਹਨ ਲਈ ਮਜ਼ਬੂਰ ਸੀ ਤੇ ਬਾਕੀ ਆਈਲੈਟਸ ਸੈਂਟਰਾਂ ਦੇ ਗੇੜੇ ਕੱਢਦੇ ਸੀ। ਕੋਈ ਨੀ ਸੀ ਸੁਣਦਾ। ਕੋਈ ਬੋਲਦਾ, ਅੱਗੋਂ ਪਰਚੇ ਪੈ ਜਾਂਦੇ। ‘ਆਪ’ ਨੇ ਆ ਕੇ ਕਿਹਾ, ਅਸੀਂ ‘ਤੁਸੀਂ’ ਹਾਂ ਤਾਂ ਭੋਲੇ ਪੰਜਾਬੀਆਂ ਨੇ ਫੱਟ ਮੰਨ ਲਿਆ। ਭਗਤ ਸਿੰਘ ਦੀਆਂ ਸਹੁੰਆਂ। ਇਨਕਲਾਬ ਦੇ ਨਾਅਰੇ। ਵੀ ਆਈ ਪੀ ਕਲਚਰ ਖ਼ਤਮ ਕਰਨ ਦੇ ਦਾਅਵੇ। ਲੱਗਾ ਕਿ ਬੱਸ ਹੁਣ ਸਭ ਕੁੱਝ ਬਦਲ ਜੂ। ਪਰ ਬਦਲਨਾ ਕੀ ਸੀ? ਲਾਟੂ? ਉਹੀ ਡਰੱਗਾਂ, ਉਹੀ ਖੱਡਾਂ, ਉਹੀ ਮਾਫ਼ੀਆ, ਉਹੀ ਗੈਂਗ, ਉਹੀ ਲਾਰੇ ਤੇ ਝੂਠੇ ਦਾਅਵੇ। ਕੱਖ ਨਹੀਂ ਸੰਵਰਿਆ ਪੰਜਾਬ ਦਾ ਪਰ ਇਸ਼ਤਿਹਾਰਬਾਜ਼ੀ ਆਲੇ ਸਾਰੇ ਰਿਕਾਰਡ ਟੁੱਟ ਗਏ। ਆਹ ਕਰ’ਤਾ। ਓਹ ਕਰਤਾ। ਇੱਕ ਫਿਲਮ ਵੇਖਣ ਜਾਓ ਤੇ ਪਹਿਲਾਂ ਪੰਜ ਵਾਰ ਮੁੱਖ ਮੰਤਰੀ ਨੂੰ ਵੇਖੋ ਤੇ ਸੋਚੋ, ਸਾਲੀ ਝੂਠ ਬੋਲਣ ਦੀ ਹੱਦ ਕੀ ਕੀ ਹੁੰਦੀ ਐ!

ਵੀ ਆਈ ਪੀ ਕਲਚਰ ਡਬਲ ਹੋ ਗਿਆ। ਪਰਿਵਾਰਵਾਦ ਵਾਲਾ ਸਿਰਾ ਲੱਗ ਗਿਆ। ਸਰਕਾਰ ਦਾ ਐਰਾ-ਗੈਰਾ ਸੱਜਾ-ਖੱਬਾ ਮਹਾਰਾਜੇ ਪਟਿਆਲੇ ਵਾਂਗੂੰ ਦਰਬਾਰ ਸਜਾ ਕੇ ਬੈਠਣ ਲੱਗਾ। ਪਹਿਲੀ ਵਾਰ ਪੰਜਾਬ ਨੇ ਆਪਣੇ 91 ਨੁੰਮਾਇੰਦਿਆਂ ਨੂੰ ਇੰਨੇ ਲਾਚਾਰ ਤੇ ਬੇਵੱਸ ਵੇਖਿਆ। ਇੱਕ-ਇੱਕ ਉੱਤੇ ਦਿੱਲੀ ਦੇ ਦੋ-ਦੋ ਮੋਨੀਟਰ। ਦਿੱਲੀ ਤੋਂ ਪੁੱਛੇ ਬਿਨਾਂ ਕੋਈ ਹੱਗਣ ਤੱਕ ਨੀ ਸੀ ਜਾ ਸਕਦਾ। ਫੇਰ ਚੱਲੀ ਪੰਜਾਬ ਨੂੰ ਲੁੱਟਣ ਦੀ ਖੇਡ। ਅੱਗ ਲੈਣ ਆਏ ਸੀ ਘਰ ਦੇ ਮਾਲਕ ਬਣ ਬੈਠੇ। ਆਪ ਬਣ ਜਾਂਦੇ ਕੀ ਦੁੱਖ ਸੀ! ਸਾਰਾ ਘਰ ਚੱਕ ਕੇ ਦਿੱਲੀ ਆਲਿਆਂ ਨੂੰ ਫੜ੍ਹਾ ਦਿੱਤਾ। ਪਹਿਲਾਂ ਰਾਜ ਸਭਾ ਦੀਆਂ ਸੱਤੇ ਸੀਟਾਂ ਚੱਕ ਕੇ ਦਿੱਲੀ ਨੂੰ ਫੜ੍ਹਾ ਦਿੱਤੀਆਂ। ਫੇਰ ਪ੍ਰਚਾਰ ਵਿਭਾਗ। ਫੇਰ ਇੱਕ ਇੱਕ ਮਹਿਕਮਾ। ਚੋਣਾਂ ਕਿਸੇ ਸੂਬੇ ’ਚ ਹੁੰਦੀਆਂ ਮੁੱਖ ਮੰਤਰੀ ਸਣੇ ਪੰਜਾਬ ਦੇ ਸਾਰੇ ਸਾਧਨ ਉਸ ਚੋਣ ਵਿੱਚ ਸੁੱਟੇ ਜਾਂਦੇ। ਪੰਜਾਬ ਸਿਰ ਕਰਜਾ ਹੋਰ ਵੱਧ ਗਿਆ। ਪਰ ਹਾਲੇ ਕਸਰ ਸੀ। ਚੈਨਲ ਖ਼ਰੀਦ ਲਏ। ਜਿਹੜੇ ਨਹੀਂ ਵਿਕੇ, ਪੁਲਿਸ ਪਿੱਛੇ ਪਾ ਦਿੱਤੀ। ਪੇਜ ਬੰਦ ਕਰਾ ਦਿੱਤੇ। ਮੈਂ ਵੀ ਵਿਰੋਧੀ ਸੀ ਅਮ੍ਰਿਤਪਾਲ ਦਾ ਪਰ ਅਜਿਹਾ ਕੀ ਕੀਤਾ ਸੀ ਉਸ ਨੇ ਕਿ ਉਸ ਉੱਤੇ ਐਨ ਐਸ ਏ ਲੱਗ ਗਈ ਤੇ ਕੱਟੜ ਇਮਾਨਦਾਰ ਕੁਸਕੇ ਤੱਕ ਨੀ। ਸ਼ਰੇਆਮ ਹਰਿਆਣਾ ਸਾਡੇ ਲੋਕਾਂ ’ਤੇ ਗੋਲੀਆਂ ਚਲਾਉਂਦਾ ਰਿਹਾ ਤੇ ਮੁੱਖ ਮੰਤਰੀ ਵਾਲੀਬਾਲ ਵੇਖਦਾ ਰਿਹਾ। ਰਾਜਨੀਤੀ ਬਦਲਨ ਆਏ ਇਨਕਲਾਬੀ ਇੰਨੇ ਬਦਲ ਗਏ ਕਿ ਜਿਹੜੀ ਹੇਠਲੇ ਕੇਡਰ ਦੀ ਪੌੜੀ ’ਤੇ ਚੜ੍ਹ ਕੇ ਸੱਤਾ ਦੇ ਕੋਠੇ ਪਹੁੰਚੇ ਸੀ, ਉਸੇ ਉੱਤੇ ਧਾਰਾਂ ਮਾਰਨ ਲੱਗੇ। ਉਨ੍ਹਾਂ ਨੂੰ ਪਿੱਛੇ ਛੱਡ ਦੂਜੀਆਂ ਪਾਰਟੀਆਂ ਦੇ ਦੁੱਕੀ-ਤਿੱਕੀ ਨੂੰ ਸੀਨੀਅਰ ਆਗੂ ਦੱਸਣ ਲੱਗੇ ਜਿਸਨੂੰ ਪਤਾ ਸੀ, ਪੈਸਾ ਕਿੱਧਰੋਂ ਆਉਂਦਾ ਹੈ ਤੇ ਕਿੱਧਰ ਜਾਂਦਾ ਹੈ। ਆਮ ਘਰਾਂ ਦੇ ਪੁੱਤਾਂ ਦਾ ਨਾਂ ਪਰ ਚੌਧਰ ਸਦਾ ਦੂਜਿਆਂ ਪਾਰਟੀਆਂ ਦੇ ਦਲ-ਬਦਲੂਆਂ ਨੂੰ। ਜੇ ਕੋਈ ਆਪਣਾ ਪੁਰਾਣਾ ਸਾਥੀ ਬੋਲਦਾ, ਉਸ ਨੂੰ ਪਰਚਿਆਂ ਦੀ ਧਮਕੀ ਦੇਣ ਲੱਗੇ। ਹੈਂਕੜ ਇੰਨੀ ਵੱਧ ਗਈ ਕਿ ਸਾਡੇ ਆਲੇ ਦੀ ਸਾਰੀ ਹਲੀਮੀ ਖੰਭ ਲਾ ਕੇ ਉੱਡ ਗਈ ਤੇ ਉਹ ਵਿਧਾਨ ਸਭਾ ਵਿੱਚ ਸਲਮਾਨ ਖਾਨ ਵਾਂਗੂੰ ਵਿਰੋਧੀਆਂ ਨੂੰ ਅੱਖਾਂ ਵੱਲ ਝਾਕਣ ਦਾ ਇਸ਼ਾਰਾ ਕਰਦਿਆਂ ਲਲਕਾਰਨ ਲੱਗਾ, ‘‘ਓ ਮਿਸਟਰ ਬਾਜਵਾ!’’ ਅੱਗੋਂ ਉਸਦੀ ਮੀਡੀਆ ਟੀਮ ਸਿਰੇ ਦੀ ਚਵਲ। ਲਾ ਕੇ ਉਹੀ ਕਲਿਪ ਰੀਲ ਬਣਾਈ ਤੇ ਪਿੱਛੇ ਲਾ’ਤਾ ਆਰ ਨੇਤ ਦਾ ਗਾਣਾ, ‘‘ਦੱਬਦਾ ਕਿੱਥੇ ਐ!’’

ਦੱਬ ਲਿਆ ਸਾਡੇ ਆਲਿਆ। ਅੱਜ ਤੂੰ ਭਾਵੇਂ ਗੁੱਸਾ ਕਰ, ਭਾਵੇਂ ਕਿਸੇ ਤੋਂ ਫ਼ੋਨ ਕਰਾ ਕੇ ਧਮਕੀ ਦੇ ਤੇ ਭਾਵੇਂ ਪਾ ਦੇ ਪਰਚੇ। ਪਰ ਅੱਜ ਤੈਨੂੰ ਇਹ ਦੱਸਣਾ ਬਣਦੈ ਕਿ ਤੈਨੂੰ ਪੰਜਾਬ ਨੇ ਦੱਬ ਲਿਆ। ਤੈਨੂੰ ਤੇਰਾਂ ਤੋਂ ਸਿੱਧਾ ਤਿੰਨ ’ਤੇ ਲਿਆ ਮਾਰਿਆ। ਤੂੰ ਜੋ ਮਰਜ਼ੀ ਬਹਾਨੇ ਬਣਾ। ਗੱਲ ਤਾਂ ਸਿਰਫ਼ ਇੰਨੀ ਕੁ ਐ ਬਾਈ ਕਿ ਤੂੰ ਉਹ ਨੀ ਨਿਕਲਿਆ ਜੋ ਤੈਨੂੰ ਪੰਜਾਬ ਨੇ ਸਮਝਿਆ ਸੀ। ਤੈਨੂੰ ਪੰਜਾਬ ਨੇ ਯੋਧਾ ਸਮਝਿਆ, ਤੂੰ ਖ਼ੁਦ ਨੂੰ ਮਹਾਰਾਜਾ ਸਮਝਣ ਲੱਗ ਪਿਆ। ਤੇ ਤੈਨੂੰ ਬਹੁਤ ਵਾਰ ਦੱਸਿਆ ਸੀ, ਪੰਜਾਬ ਨੂੰ ਰਾਜਿਆਂ ਮਹਾਰਾਜਿਆਂ ਨਾਲ ਜਮਾਂਦਰੂ ਖੁੰਦਕ ਹੁੰਦੀ ਐ। ਤੂੰ ਤਿੰਨ ਸੌ ਯੂਨਿਟਾਂ ਨੂੰ ਈ ਸਭ ਕੁੱਝ ਸਮਝ ਲਿਆ। ਬਾਕੀ ਪੰਜਾਬ ਦੀ ਡੱਕਾ ਸਾਰ ਨੀ ਲਈ। ਵੋਟ ਤਾਂ ਤਿੰਨ ਸੌ ਯੂਨਿਟਾਂ ਵਾਲਿਆਂ ਨੇ ਫੇਰ ਵੀ ਨੀ ਪਾਈ ਤੈਨੂੰ! ਤੈਨੂੰ ਕੀ ਲੱਗਦਾ ਸੀ, ਲੋਕ ਲੀਡਰ ਹੁੰਦੇ ਐ ਜਿਹੜੇ ਮਾੜੇ ਜਿਹੇ ਲਾਲਚ ਨੂੰ ਆਪਣੀਆਂ ਜਮੀਰਾਂ ਵੇਚ ਦੇਣਗੇ!  ਇਸ਼ਤਿਹਾਰ ਦੇ ਕੇ ਤੇ ਚੈਨਲਾਂ ਤੇ ਆਪਣੇ ਵੀਡੀਓ ਪੁਆ ਕੇ ਸਮਝ ਲਿਆ, ਲੋਕ ਫੁੱਦੂ ਬਣ ਗਏ ਪਰ ਬਾਈ, ਲੋਕਾਂ ਨੂੰ ਰਿਜਲਟ ਚਾਹੀਦਾ ਸੀ। ਉਹ ਕਿੱਥੇ ਐ। ਸਗੋਂ ਸਾਰਾ ਪੈਸਾ ਇਹੋ ਜਿਹੀਆਂ ਘਤਿੱਤਾਂ ’ਚ ਉਜਾੜ ਕੇ ਪੰਜਾਬ ਦੀ ਸਾਰੀ ਡਿਵੈਲਪਮੈਂਟ ਰੋਕ ਦਿੱਤੀ। ਕੀ ਕੀਤਾ ਪੰਜਾਬੀ ਬੋਲੀ, ਸਾਹਿਤ, ਫਿਲਮਾਂ ’ਤੇ ਕਲਾ ਲਈ। ਜਿਹੜੇ ਪਾਤਰ ਸਾਹਬ ਦੇ ਸਸਕਾਰ ਅਤੇ ਭੋਗ ਉੱਤੇ ਤੂੰ ਅੱਖਾਂ ਭਰੀ ਫਿਰਦਾ ਸੀ ਬਾਈ, ਚਲਾਣੇ ਤੋਂ ਪਹਿਲਾਂ ਸਿਰਫ਼ ਇੱਕ ਹਫ਼ਤਾ ਪਹਿਲਾਂ ਮਿਲੇ ਸਨ ਮੈਨੂੰ ’ਤੇ ਬਹੁਤ ਉਦਾਸੀ ਨਾਲ ਕਹਿੰਦੇ ਸਨ, ‘‘ਕੱਖ ਨਹੀਂ ਦਿੱਤਾ ਮਾਨ ਨੇ ਕਲਾ ਪਰਿਸ਼ਦ ਨੂੰ। ਸਗੋਂ ਜੋ ਪੁਰਾਣਾ ਲੱਖ ਡੇਢ ਲੱਖ ਪਿਆ ਸੀ, ਉਹ ਵੀ ਵਾਪਸ ਮੰਗ ਲਿਆ।’’ ਆਹ ਐ ਤੇਰਾ ਇਨਕਲਾਬ! ਆਹ ਐ ਬਦਲਾਅ! ਤੂੰ ਤਾਂ ਬਾਈ ਭਗਤ ਸਿੰਘ ਦਾ ਨਾਂ ਵੀ ਮਿੱਟੀ ਕਰ’ਤਾ। ਹੁਣ ਦੱਸ, ਕੌਣ ਭਰੋਸਾ ਕਰੂ ਉਸ ਦੇ ਨਾਂ ਦੀਆਂ ਸਹੁੰਆਂ ਦਾ!

ਤੈਨੂੰ ਤੇ ਤੇਰੇ ਸੱਜੇ-ਖੱਬਿਆਂ ਨੂੰ ਲੱਗਦਾ ਹੋਊ ਬਾਈ ਕਿ ਜਦੋਂ ਬਣ ਜਾਂਦੀ ਹੈ ਸਰਕਾਰ ਮੰਤਰੀਆਂ ਦੀ ਹੋ ਜਾਂਦੀ ਹੈ। ਪਾਰਟੀ ਦੀ ਹੋ ਜਾਂਦੀ ਹੈ। ਨਹੀਂ, ਉਹ ਵੋਟਰਾਂ ਦੀ ਸਰਕਾਰ ਹੁੰਦੀ ਹੈ। ਸਾਡੇ ਵਰਗੇ ਸਪੋਟਰਾਂ ਦੀ ਵੀ ਸਰਕਾਰ ਹੁੰਦੀ ਹੈ। ਉਨ੍ਹਾਂ ਦਾ ਪੂਰਾ ਹੱਕ ਹੁੰਦਾ ਹੈ ਸਰਕਾਰ ’ਤੇ। ਪੂਰੇ ਸੱਤ ਸਾਲ ਮੈਂ ਵੀ ਤੇਰੇ ਤੇ ਤੇਰੀ ‘ਆਪ’ ਦੇ ਸੋਹਲੇ ਗਾਏ. ਸਗੋਂ ਤੇਰੇ ਤੋਂ ਪਹਿਲਾਂ, ਤੂੰ ਤਾਂ ਪਾਰਟੀ ਵਿੱਚ ਆਇਆ ਹੀ ਮੈਥੋਂ ਬਾਅਦ ਵਿੱਚ ਤੇ ਮੇਰੀ ਸਲਾਹ ਨਾਲ। ਤੇ ਓਸੇ ਹੱਕ ਨਾਲ ਤੈਨੂੰ ਇਹ ਦੱਸ ਰਿਹਾਂ ਬਾਈ ਕਿ ਝਾੜੂ ਖਿੰਡਰਨਾ ਸ਼ੁਰੂ ਹੋ ਚੁੱਕਾ ਹੈ। ਸਾਰਾ ਕੇਡਰ ਤੈਥੋਂ ਬੁਰੀ ਤਰ੍ਹਾਂ ਨਰਾਜ਼ ਹੈ। ਲੋਕਾਂ ਦਾ ਭਰੋਸਾ ਉੱਠ ਚੁੱਕਿਆ ਹੈ। ਸੰਭਲ ਜਾ ਬਾਈ। ਨਾ ਆਪਣੇ ਸਪੋਟਰਾਂ ਨੂੰ ਨਮੋਸ਼ੀ ਦੁਆ। ਛੱਡ ਦੇ ਬਿਗਾਨਿਆਂ ਦੀ ਆਸ ’ਤੇ ਉਵੇਂ 92% ਪੰਜਾਬ ਦਾ ਹੋ ਜਾ, ਜਿਵੇਂ ਪੰਜਾਬ 22 ਚ ਬਿਨਾ ਸ਼ਰਤ ਤੇਰਾ ਹੋ ਗਿਆ ਸੀ। ਪੰਜਾਬ ਬਹੁਤ ਦੁਖੀ ਹੈ। ਨਿੱਕੀ ਜਿਹੀ ਆਸ ‘ਤੇ ਕਦੇ ਉਸ ਝੋਲੀ ਜਾ ਡਿੱਗਦਾ ਹੈ, ਕਦੇ ਉਸ। ਤੂੰ ਕੱਢ ਸਕਦਾ ਹੈਂ ਪੰਜਾਬ ਨੂੰ ਇਸ ਘੁੰਮਣਘੇਰੀ ਵਿੱਚੋਂ, ਤੇਰੇ ਕੋਲ ਹਾਲੇ ਪੂਰੇ ਢਾਈ ਸਾਲ ਪਏ ਨੇ। ਬਾਬਾ ਸ਼ੇਖ਼ ਫਰੀਦ ਦਾ ਸਲੋਕ ਹੈ, ‘ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ। ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ’। ਭਾਵ ਜਦੋਂ ਚੰਗੇ ਕੰਮਾਂ ਦੀ ਬੇੜੀ ਤਿਆਰ ਕਰਨ ਦਾ ਟਾਈਮ ਸੀ, ਉਦੋਂ ਤਾਂ ਕੀਤੀ ਨਹੀਂ। ਹੁਣ ਜਦੋਂ (ਭਵ) ਸਾਗਰ ਉੱਛਲਨ ਲੱਗ ਪਿਆ ਤਾਂ ਹੁਣ ਬੇੜੀ ਬਿਨਾ ਕਿਵੇਂ ਪਾਰ ਲੰਘੇਂਗਾ! ਸਤਾਈ ਆਲਾ ਭਵ-ਸਾਗਰ ਨਹੀਂ ਲੰਘਿਆ ਜਾਣਾ ਇਹੋ ਜਿਹੇ ਕੰਮਾਂ ਨਾਲ। ਮੰਨ ਲੈ ਮੇਰੀ ਗੱਲ।

ਮੈਂ ਤੇਰੇ ਬੰਦੇ ਦੇ ਪਿਛਲੇ ਫ਼ੋਨ ਵੇਲੇ ਵਾਅਦਾ ਕੀਤਾ ਸੀ ਕਿ ਜੇ ਮੇਰੀਆਂ ਪੋਸਟਾਂ ਨਾਲ ਸਰਕਾਰ ਨੂੰ ਨੁਕਸਾਨ ਹੁੰਦੈ, ਮੈਂ ਹੁਣ ਕੁੱਝ ਨਹੀਂ ਬੋਲਾਂਗਾ। ਪਰ ਉਦੋਂ ਜਰੂਰ ਬੋਲਾਂਗਾ ਜਦੋਂ ਮੈਨੂੰ ਲੱਗੇਗਾ ਕਿ ਤੁਹਾਡੇ ਲੱਛਣਾਂ ਨਾਲ ਪੰਜਾਬ ਨੂੰ ਨੁਕਸਾਨ ਹੁੰਦਾ ਹੈ। ਇਹ ਸਰਕਾਰ ਪੰਜਾਬ ਦੇ ਲੋਕਾਂ ਦੀ ਆਖਰੀ ਆਸ ਹੈ। ਜੇ ਪੰਜਾਬ ਦਾ ਇਹ ਐਕਸਪੈਰੀਮੈਂਟ ਵੀ ਫੇਲ ਹੋ ਗਿਆ, ਪੰਜਾਬ ਤੋਂ ਵੱਧ ਦੁੱਖੀ ਸਟੇਟ ਕੋਈ ਨਹੀਂ ਹੋਣੀ। ਇਸ ਲਈ ਅੱਜ ਬੋਲਿਆਂ। ਨਿਕਟ ਭਵਿੱਖ ਵਿੱਚ ਦੁਬਾਰਾ ਬੋਲਣ ਦੀ ਕੋਈ ਮੰਸ਼ਾ ਨਹੀਂ ਪਰ ਜੇ ਮੁੜ ਮੈਨੂੰ ਕਿਸੇ ਨੇ ਧਮਕਾਇਆ, ਫੇਰ ਰੋਜ਼ ਬੋਲਾਂਗਾ। ਅੱਗੇ ਤੇਰੀ ਤੇ ਤੇਰੇ ਸੱਜੇ-ਖੱਬਿਆਂ ਦੀ ਮਰਜ਼ੀ। 

NO COMMENTS