ਮੁੱਖ ਮੰਤਰੀ ਨੇ ਆਪਣੇ ਮੰਤਰੀਆਂ ਦੀ ਇੱਜ਼ਤ ਦਾ ਖਿਆਲ ਰੱਖਦਿਆਂ ਮੁੱਖ ਸਕੱਤਰ ਕਰਨ ਅਵਤਾਰ ਨੂੰ ਕੈਬਨਿਟ ਮੀਟਿੰਗ ਵਿੱਚੋਂ ਆਊਟ ਕਰ ਦਿੱਤਾ

0
167

ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਪਣੇ ਮੰਤਰੀਆਂ ਦੀ ਇੱਜ਼ਤ ਦਾ ਖਿਆਲ ਰੱਖਦਿਆਂ ਮੁੱਖ ਸਕੱਤਰ ਕਰਨ ਅਵਤਾਰ ਸਿੰਘ (Chief Secretary Karan Avtar Singh) ਨੂੰ ਕੈਬਨਿਟ ਮੀਟਿੰਗ (Cabinet meeting) ਵਿੱਚੋਂ ਆਊਟ ਕਰ ਦਿੱਤਾ। ਅੱਜ ਉਨ੍ਹਾਂ ਦੀ ਥਾਂ ਗ੍ਰਹਿ ਸਕੱਤਰ ਸਤੀਸ਼ ਚੰਦਰ (Home Secretary Satish Chandra) ਮੀਟਿੰਗ ਵਿੱਚ ਸ਼ਾਮਲ ਹੋਏ। ਬੇਸ਼ੱਕ ਕੈਪਟਨ ਨੇ ਅੱਜ ਮੌਕਾ ਸੰਭਾਲ ਲਿਆ ਹੈ ਪਰ ਆਉਂਦੇ ਦਿਨਾਂ ਦੌਰਾਨ ਅਫਸਰਸ਼ਾਹੀ ਤੇ ਮੰਤਰੀਆਂ ਵਿਚਾਲੇ ਹੋਰ ਤਣਾਅ ਵਧਣ ਦੇ ਆਸਾਰ ਹਨ।

ਮੀਟਿੰਗ ਮਗਰੋਂ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਕਰਨ ਅਵਤਾਰ ਸਿੰਘ ਦਾ ਕੈਬਿਨਟ ਮੰਤਰੀਆਂ ਪ੍ਰਤੀ ਰਵੱਈਆ ਠੀਕ ਨਹੀਂ ਸੀ। ਇਸ ਕਰਕੇ ਉਨ੍ਹਾਂ ਨੇ ਪ੍ਰਸਤਾਵ ਰੱਖਿਆ ਸੀ ਕਿ ਜੇਕਰ ਮੀਟਿੰਗ ‘ਚ ਕਰਨ ਅਵਤਾਰ ਸ਼ਾਮਲ ਹੁੰਦਾ ਹੈ ਤਾਂ ਉਹ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਅੱਗੇ ਕਿਹਾ ਕਿ ਇਸ ਬਾਰੇ ਜਦੋਂ ਉਨ੍ਹਾਂ ਨੇ ਬਾਕੀ ਮੰਤਰੀਆਂ ਨਾਲ ਗੱਲ਼ ਕੀਤਾ ਤਾਂ ਚਰਨਜੀਤ ਚੰਨੀ ਨੇ ਕਿਹਾ ਕਿ ਉਹ ਵੀ ਮੀਟਿੰਗ ‘ਚ ਸ਼ਾਮਲ ਨਹੀਂ ਹੋਣਗੇ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸਭ ਨੂੰ ਆਪਣਾ ਬਿਆਨ ਦਰਜ ਕਰਵਾਉਣ ਲਈ ਕਿਹਾ।

ਦੱਸ ਦਈਏ ਕਿ ਸ਼ਨੀਵਾਰ ਨੂੰ ਸ਼ਰਾਬ ਦੇ ਠੇਕੇਦਾਰਾਂ ਨੂੰ ਰਾਹਤ ਦੇਣ ਬਾਰੇ ਕੈਬਨਿਟ ਮੰਤਰੀਆਂ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਿਚਾਲੇ  ਝੜਪ ਹੋ ਗਈ ਸੀ। ਇਸ ਮਗਰੋਂ ਮੰਤਰੀਆਂ ਨੇ ਮੀਟਿੰਗ ਵਿੱਚੋਂ ਵਾਕਆਊਟ ਕਰ ਦਿੱਤਾ ਸੀ। ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸੋਮਵਾਰ ਦੀ ਕੈਬਨਿਟ ਮੀਟਿੰਗ ਤੋਂ ਕਰਨ ਅਵਤਾਰ ਨੂੰ ਦੂਰ ਰਹਿਣ ਲਈ ਕਿਹਾ ਸੀ।

ਕੈਬਨਿਟ ਦੀ ਬੈਠਕ ਦੁਪਹਿਰ 1 ਵਜੇ ਸ਼ੁਰੂ ਹੋਈ, ਜਿਸ ਨਾਲ ਸਾਰੇ ਮੰਤਰੀ ਪੰਜਾਬ ਭਵਨ ਪਹੁੰਚੇ ਤੇ ਮੁੱਖ ਮੰਤਰੀ ਅਮਰਿੰਦਰ ਸਿੰਘ ਵੀਡਿਓ ਕਾਨਫਰੰਸ ਰਾਹੀਂ ਆਪਣੀ ਰਿਹਾਇਸ਼ ਤੋਂ ਸ਼ਾਮਲ ਹੋਏ। ਸੂਤਰਾਂ ਨੇ ਦੱਸਿਆ ਕਿ ਸਰਕਾਰ ਨੇ ਗ੍ਰਹਿ ਸਕੱਤਰ ਸਤੀਸ਼ ਚੰਦਰ ਨੂੰ ਅੱਜ ਕੈਬਨਿਟ ਸਕੱਤਰ ਨਿਯੁਕਤ ਕੀਤਾ ਸੀ।

ਕੈਬਨਿਟ ਦੀ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਆਬਕਾਰੀ ਨੀਤੀ ‘ਤੇ ਵਿਚਾਰ ਵਟਾਂਦਰਾ ਹੋਇਆ। ਇਸ ਵਿੱਚ ਜਿਸ ਤਬਦੀਲੀ ਦੀ ਲੋੜ ਸੀ, ਮੀਟਿੰਗ ਦੌਰਾਨ ਇਸ ‘ਤੇ ਵਿਚਾਰ ਕੀਤਾ ਗਿਆ। ਮੰਤਰੀ ਮੰਡਲ ਨੇ ਫੈਸਲਾ ਕੀਤਾ ਹੈ ਕਿ ਸਾਰੇ ਅਧਿਕਾਰ ਮੁੱਖ ਮੰਤਰੀ ਨੂੰ ਦਿੱਤੇ ਗਏ ਹਨ ਕਿ ਉਹ ਹੀ ਅੰਤਮ ਫੈਸਲਾ ਲੈਣਗੇ।

NO COMMENTS