ਮੁੱਖ ਮੰਤਰੀ ਦੇ ਉਪ ਪ੍ਰਮੁੱਖ ਸਕੱਤਰ ਵੱਲੋਂ ਸਾਈਕਲ ਰੈਲੀ ਦੇ ਪ੍ਰਤੀਭਾਗੀਆਂ ਨੂੰ ਟੀ-ਸ਼ਰਟਾਂ ਤੇ ਮਾਸਕ ਦੀ ਵੰਡ

0
52

ਚੰਡੀਗੜ੍ਹ, 12 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) :ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਸਬੰਧੀ ਸੁਰੱਖਿਆ ਪ੍ਰੋਟੋਕਾਲਾਂ ਦੀ ਪਾਲਣਾ ਉੱਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਦੇ ਉੱਪ ਪ੍ਰਮੁੱਖ ਸਕੱਤਰ ਗੁਰਿੰਦਰ ਸਿੰਘ ਸੋਢੀ ਨੇ ਆਗਾਮੀ 15 ਅਗਸਤ, 2020 ਨੂੰ ਹੋਣ ਵਾਲੀ ਆਜ਼ਾਦੀ ਦਿਹਾੜੇ ਅਤੇ ਮਿਸ਼ਨ ਫ਼ਤਿਹ ਨੂੰ ਸਮਰਪਿਤ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਅੱਜ ਸੰਬੋਧਨ ਕਰਦੇ ਹੋਏ ਕਿਹਾ ਕਿ ਸੁਰੱਖਿਆ ਪ੍ਰੋਟੋਕਾਲ ਦੀ ਇੰਨ-ਬਿੰਨ ਪਾਲਣਾ ਦਾ ਸੁਨੇਹਾ ਜ਼ਮੀਨੀ ਪੱਧਰ ’ਤੇ ਪ੍ਰਚਾਰਿਤ ਕੀਤੇ ਜਾਣ ਦੀ ਲੋੜ ਹੈ।

        ਉੱਪ ਪ੍ਰਮੁੱਖ ਸਕੱਤਰ ਨੇ ਅੱਜ ਸਥਾਨਕ ਸੈਕਟਰ 42 ਦੀ ਝੀਲ ਵਿਖੇ ਇਸ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਟੀ-ਸ਼ਰਟਾਂ ਅਤੇ ਮਾਸਕ ਵੰਡੇ ਅਤੇ ਉਨ੍ਹਾਂ ਨੂੰ ਸੱਚੇ ਅਰਥਾਂ ਵਿੱਚ ਮਿਸ਼ਨ ਫਤਿਹ ਦੇ ਯੋਧੇ ਵਜੋਂ ਸੰਬੋਧਨ ਕਰਦੇ ਹੋਏ ਕਿਹਾ ਕਿ ਆਜ਼ਾਦੀ ਅੰਦੋਲਨ ਦੇ ਸ਼ਹੀਦਾਂ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹ ਹੋਵੇਗੀ ਕਿ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਲਈ ਆਪਣਾ ਪੂਰਾ ਤਾਣ ਲਾ ਕੇ ਭਰਪੂਰ ਯੋਗਦਾਨ ਪਾਇਆ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਇਸ ਟੀਚੇ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਆਮ ਲੋਕਾਂ ਨੂੰ ਆਪਣੇ ਬਚਾਅ  ਲਈ ਘਰੋਂ ਬਾਹਰ ਨਿਕਲਦੇ ਸਮੇਂ ਮਾਸਕ ਪਾਉਣਾ ਯਕੀਨੀ ਬਣਾਉਣ, ਸਮਾਜਿਕ ਦੂਰੀ ਬਣਾਏ ਰੱਖਣ, ਘੱਟੋ-ਘੱਟ 20 ਸੈਕਿੰਡ ਲਈ ਸੈਨੇਟਾਈਜ਼ਰ/ਸਾਬਣ ਨਾਲ ਹੱਥ ਧੋਣ ਅਤੇ ਹੱਥ ਮਿਲਾਉਣ ਤੋਂ ਗੁਰੇਜ਼ ਕਰਨ ਲਈ ਪ੍ਰੇਰਿਤ ਕੀਤਾ ਜਾਵੇ।

        ਇਸ ਮੌਕੇ ਜੁਗਨੀ ਕਲਚਰਲ ਯੂਥ ਐਂਡ ਵੈਲਫੇਅਰ ਕਲੱਬ ਐਸ.ਏ.ਐਸ. ਨਗਰ ਦੇ ਪ੍ਰਧਾਨ ਦਵਿੰਦਰ ਸਿੰਘ ਜੁਗਨੀ ਤੇ ਹੈਰੀਟੇਜ਼ ਕਲਚਰਲ ਐਂਡ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਰੈਲੀ ਨਯਾਗਾਉਂ ਵਿਖੇ ਸਵੇਰੇ 5:00 ਵਜੇ ਸ਼ੁਰੂ ਹੋਵੇਗੀ ਅਤੇ ਚੱਪੜਚਿੜੀ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਅੱਗੇ ਦੱਸਿਆ ਕਿ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਆ ਪ੍ਰੋਟੋਕਾਲ ਨੂੰ ਧਿਆਨ ’ਚ ਰੱਖਦੇ ਹੋਏ ਥੋੜੀ ਗਿਣਤੀ ਵਿੱਚ ਹੀ ਪ੍ਰਤੀਭਾਗੀ ਇਸ ਰੈਲੀ ਵਿੱਚ ਹਿੱਸਾ ਲੈਣਗੇ।

        ਇਸ ਮੌਕੇ ਹਾਜ਼ਰ ਪ੍ਰਤੀਭਾਗੀਆਂ ਵਿੱਚ ਭਗਵੰਤ ਸਿੰਘ ਬੇਦੀ, ਨਰੇਸ਼ ਕੁਮਾਰ ਸ਼ਰਮਾ, ਬਲਜੀਤ ਸਿੰਘ ਫਿੱਡੀਆਂ ਵਾਲੇ, ਜਸਵੰਤ ਸਿੰਘ ਰੰਧਾਵਾ, ਪਰਮਦੀਪ ਭਬਾਤ ਅਤੇ ਭੁਪਿੰਦਰ ਸਿੰਘ ਝੱਜ ਸ਼ਾਮਿਲ ਸਨ।

NO COMMENTS