ਮੁੱਖ ਮੰਤਰੀ ਦੀ ਸਨਮਾਨ ਰਾਸ਼ੀ ‘ਚ ਮਾਨਸਾ ਦੇ ਪਾੜ੍ਹਿਆਂ ਦੀ ਸਭ ਤੋਂ ਵੱਧ ਗਿਣਤੀ।

0
79

ਮਾਨਸਾ, 27 ਜੁਲਾਈ (ਸਾਰਾ ਯਹਾ, ਬਲਜੀਤ ਸ਼ਰਮਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਰਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ 5100 ਰੁਪਏ ਦੀ ਸਨਮਾਨ ਰਾਸ਼ੀ ਵਿੱਚ ਸਭ ਤੋਂ ਵੱਧ ਗਿਣਤੀ ਮਾਨਸਾ ਦੇ 19 ਵਿਦਿਆਰਥੀਆਂ ਦੀ ਹੈ। ਇਹ ਰਾਸ਼ੀ ਰਾਜ ਦੇ 335 ਵਿਦਿਆਰਥੀਆਂ ਨੂੰ ਦਿੱਤੀ ਜਾਣੀ ਹੈ, ਜਿਨ੍ਹਾਂ ਵਿਚ ਸਭ ਤੋਂ ਵੱਧ 155 ਵਿਦਿਆਰਥੀਆਂ ਦੀ ਗਿਣਤੀ ਸੂਬੇ ਦੇ ਸਰਕਾਰੀ ਸਕੂਲਾਂ ਦੀ ਹੈ, ਬਾਕੀ ਦੇ ਸਕੂਲਾਂ ਵਿੱਚ ਏਡਿਡ, ਐਫੀਲੇਟਿਡ,ਐਸੋਸੀਲੇਟਿਡ
ਮੈਰੀਟੋਰੀਅਸ ਅਤੇ ਹੋਰਨਾਂ ਕੈਟਾਗਿਰੀ ਸਕੂਲਾਂ ਦੀ ਹੈ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਨੇ ਇਸ ਵੱਡੀ ਪ੍ਰਾਪਤੀ ਤੇ ਖੁਸ਼ੀ ਜ਼ਾਹਿਰ ਕਰਦਿਆਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ। ਉਨ੍ਹਾਂ ਅੱਜ ਸਭ ਤੋਂ ਵੱਧ ਨੰਬਰ 449/450  ਹਾਸਲ ਕਰਨ ਵਾਲੀ ਸਿਮਰਜੀਤ ਕੌਰ ਬੁਢਲਾਡਾ ਦਾ ਮੂੰਹ ਮਿੱਠਾ ਕਰਵਾਉਂਦਿਆਂ ਮੁਬਾਰਕਬਾਦ ਅਤੇ ਅਸ਼ੀਰਵਾਦ ਦਿੱਤਾ।
   ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਜੇਕਰ ਸਰਕਾਰੀ ਸਕੂਲਾਂ ਦੀ ਜ਼ਿਲ੍ਹਾ ਵਾਰ ਸੂਚੀ ਨੂੰ ਦੇਖਿਆ ਜਾਵੇ ਤਾਂ ਇਸ ਵਿੱਚ ਸਭ ਤੋਂ ਵੱਧ ਗਿਣਤੀ ਮਾਨਸਾ ਜ਼ਿਲ੍ਹੇ ਦੇ 19 ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਹੈ, ਦੂਜਾ ਸਥਾਨ ਜ਼ਿਲ੍ਹਾ ਫਾਜ਼ਿਲਕਾ ਦਾ ਹੈ ਜਿਨ੍ਹਾਂ ਦੇ 18 ਵਿਦਿਆਰਥੀ ਹਨ ਅਤੇ ਤੀਸਰੇ ਸਥਾਨ ਤੇ ਬਠਿੰਡਾ, ਸੰਗਰੂਰ ਹਨ ਜਿਨ੍ਹਾਂ ਦੇ 12-12  ਵਿਦਿਆਰਥੀ ਸ਼ਾਮਲ ਹਨ।
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ  ਦੇ 19 ਵਿਦਿਆਰਥੀਆਂ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬੁਢਲਾਡਾ ਦੇ 4 ਵਿਦਿਆਰਥੀ ਸਿਮਰਜੀਤ ਕੌਰ, ਕਵਿਤਾ ਰਾਣੀ, ਸਿਮਰਨਜੀਤ ਕੌਰ, ਵੰਸ਼ਿਤਾ ਸ਼ਾਮਲ ਹਨ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਆਲਮਪੁਰ ਮੰਦਰਾਂ ਦੇ ਵੀ 4 ਵਿਦਿਆਰਥੀ ਰਮਨਪ੍ਰੀਤ ਕੌਰ, ਮਨਪ੍ਰੀਤ ਕੌਰ, ਰਮਨਦੀਪ ਕੌਰ, ਜਸਕਰਨ ਸਿੰਘ, ਬਾਜੇਵਾਲਾ ਸਕੂਲ ਦੇ ਤਿੰਨ ਵਿਦਿਆਰਥੀ ਜਸਪ੍ਰੀਤ ਕੌਰ, ਹਰਦੀਪ ਕੌਰ, ਅਮਨਦੀਪ ਕੌਰ, ਰਿਉੰਦ ਕਲਾਂ ਦੀ ਗੁਰਪ੍ਰੀਤ ਕੌਰ, ਭੈਣੀਬਾਘਾ ਸਕੂਲ ਦੀ ਕਮਲਜੀਤ ਕੌਰ, ਰਮਨਦੀਪ ਕੌਰ, ਜੋਗਾ ਸਕੂਲ ਦੀ ਤਰਨਪ੍ਰੀਤ ਕੌਰ,ਕਰੰਡੀ ਸਕੂਲ ਦੀ ਪਰਮਿਲਾ ਦੇਵੀ, ਝੰਡਾ ਖੁਰਦ ਦੀ ਅਸ਼ਹੀਨਾ, ਖੈਰਾ ਖੁਰਦ ਦੀ ਮੋਨਿਕਾ ਦੇਵੀ, ਮੀਨੂੰ ਸ਼ਾਮਲ ਹੈ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਬੁਢਲਾਡਾ ਦੀ ਸਿਮਰਜੀਤ ਕੌਰ ਨੇ 449/450  ਅੰਕ ਪ੍ਰਾਪਤ ਕਰਕੇ ਪੰਜਾਬ ਦੇ ਸਰਕਾਰੀ ਸਕੂਲਾਂ ਚ ਸਭ ਤੋਂ ਵੱਧ ਨੰਬਰ ਹਾਸਲ ਕਰਨ ਵਾਲੀਆਂ ਲੜਕੀਆਂ ਚ ਸ਼ਮੂਲੀਅਤ ਕੀਤੀ ਹੈ। ਇਸੇ ਤਰ੍ਹਾਂ ਬਾਜੇਵਾਲਾ ਜਸਪ੍ਰੀਤ ਕੌਰ ਅਤੇ ਰਿਉੰਦ ਕਲਾਂ ਦੀ ਗੁਰਪ੍ਰੀਤ ਕੌਰ ਵੱਲੋਂ 448/450 ਨੰਬਰ ਪ੍ਰਾਪਤ ਕਰਕੇ ਸੂਬੇ ਚੋਂ ਦੂਸਰਾ ਸਥਾਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਦੀ ਕਤਾਰ ‘ਚ ਸ਼ਮੂਲੀਅਤ ਕੀਤੀ ਹੈ। ਇਸ ਤੋਂ ਇਲਾਵਾ ਰਮਨਪ੍ਰੀਤ ਕੌਰ ਨੇ ਜ਼ਿਲੇ ਚੋਂ ਤੀਜਾ ਅਤੇ ਪੰਜਾਬ ਭਰ ਚੋਂ ਚੰਗੀ ਪੁਜ਼ੀਸ਼ਨ ਵਾਲੀ ਕਤਾਰ ਵਿੱਚ ਆਪਣਾ ਨਾਮ ਸ਼ਾਮਲ ਕਰਵਾਇਆ ਹੈ। ਬਾਕੀ ਸਕੂਲਾਂ ਦੇ ਵਿਦਿਆਰਥੀਆਂ ਨੇ ਵੀ ਪੰਜਾਬ ਭਰ ਚੋਂ ਚੰਗੀਆਂ ਪੁਜ਼ੀਸ਼ਨਾਂ ਹਾਸਲ ਕਰਕੇ ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸਕੂਲਾਂ ਅਤੇ ਅਪਣੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ ਹੈ।
ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਨੋਡਲ ਅਫਸਰ ਰੇਨੂੰ ਗੁਪਤਾ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਜਗਰੂਪ ਭਾਰਤੀ, ਡਾਇਟ ਪ੍ਰਿੰਸੀਪਲ ਡਾ ਬੂਟਾ ਸਿੰਘ ਸੇਖੋਂ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ ਅਤੇ ਸਿੱਖਿਆ ਵਿਕਾਸ ਮੰਚ ਮਾਨਸਾ ਦੇ ਜਨਰਲ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਦੱਸਿਆ ਕਿ ਸਿੱਖਿਆ ਵਿਭਾਗ ਦੀ ਸੁਚੱਜੀ ਅਗਵਾਈ, ਸਮਾਰਟ ਸਿੱਖਿਆ ਨੀਤੀ, ਮਿਸ਼ਨ ਸ਼ਤ ਪ੍ਰਤੀਸ਼ਤ ਅਤੇ ਅਧਿਆਪਕਾਂ ਵੱਲ੍ਹੋਂ ਸਵੇਰੇ ਸ਼ਾਮੀ ਲਾਈਆਂ ਵਾਧੂ ਕਲਾਸਾਂ ਅਤੇ ਹੋਰ ਹਰ ਪੱਖ ਤੋਂ ਕੀਤੀ ਮਿਹਨਤ ਦਾ ਨਤੀਜਾ ਹੈ ਕਿ ਵਿਦਿਆਰਥੀਆਂ ਨੇ ਸ਼ਾਨਦਾਰ ਪੁਜੀਸ਼ਨਾਂ ਹਾਸਲ ਕਰਕੇ ਸਰਕਾਰੀ ਸਕੂਲਾਂ ਦੇ ਕਾਰਗੁਜ਼ਾਰੀ ਨੂੰ ਚਮਕਾਇਆ ਹੈ।

NO COMMENTS