ਮੁਹਾਲੀ, 16 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ ) :ਪੰਜਾਬ ਓਲੰਪਿਕ ਭਵਨ ਵਿਖੇ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਦਰਸਾਉਂਦੇ ਬਣਾਏ ਗਏ ‘ਹਾਲ ਆਫ ਫੇਮ’ ਦਾ ਉਦਘਾਟਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਜਲਦ ਕੀਤਾ ਜਾਵੇਗਾ। ਇਹ ਉਦਘਾਟਨ ‘ਹਾਲ ਆਫ ਫੇਮ’ ਦਾ ਹਿੱਸਾ ਪੰਜਾਬ ਦੇ ਸਾਰੇ ਤਮਗਾ/ਐਵਾਰਡ ਜੇਤੂ ਤੇ ਓਲੰਪੀਅਨ ਖਿਡਾਰੀਆਂ ਦੀ ਹਾਜ਼ਰੀ ਵਿੱਚ ਕੀਤਾ ਜਾਵੇਗਾ।ਇਹ ਗੱਲ ਅੱਜ ਇਥੇ ਪੰਜਾਬ ਓਲੰਪਿਕ ਭਵਨ ਵਿਖੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਮੀਟਿੰਗ ਉਪਰੰਤ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਅਤੇ ਖੇਡ ਮੰਤਰੀ ਪਰਗਟ ਸਿੰਘ ਵੱਲੋਂ ਸਾਂਝੇ ਤੌਰ ਉਤੇ ਕੀਤਾ ਗਿਆ। ਪੰਜਾਬ ਓਲੰਪਿਕ ਐਸਸੋਸੀਏਸ਼ਨ ਵੱਲੋਂ ਖੇਡ ਮੰਤਰੀ ਦਾ ਉਚੇਚੇ ਤੌਰ ਉਤੇ ਸਨਮਾਨ ਕੀਤਾ ਗਿਆ। ਪਰਗਟ ਸਿੰਘ ਪਹਿਲੇ ਓਲੰਪੀਅਨ ਹਨ, ਜੋ ਪੰਜਾਬ ਦੇ ਖੇਡ ਮੰਤਰੀ ਬਣੇ ਹਨ। ਇਸ ਮੌਕੇ ਬ੍ਰਹਮ ਮਹਿੰਦਰਾ ਨੇ ਪਰਗਟ ਸਿੰਘ ਨੂੰ ਪੰਜਾਬ ਓਲੰਪਿਕ ਐਸਸੋਸੀਏਸ਼ਨ ਦਾ ਪੈਟਰਨ ਬਣਾਉਣ ਦਾ ਐਲਾਨ ਵੀ ਕੀਤਾ।ਬ੍ਰਹਮ ਮਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਖੇਡਾਂ ਦੇ ਖੇਤਰ ਲਈ ਮਾਣ ਵਾਲੀ ਗੱਲ ਹੈ ਕਿ ਇਸ ਵਿਭਾਗ ਦੀ ਵਾਗਡੋਰ ਇਕ ਸਾਬਕਾ ਓਲੰਪੀਅਨ ਹੱਥ ਹੈ। ਉਨ੍ਹਾਂ ਖੇਡ ਮੰਤਰੀ ਨੂੰ ਕਿਹਾ ਕਿ ਸਾਬਕਾ ਖਿਡਾਰੀਆਂ ਦੀ ਪੈਨਸ਼ਨ ਵਧਾਈ ਜਾਵੇ, ਖਿਡਾਰੀਆਂ ਨੂੰ ਨੌਕਰੀਆਂ ਤੇ ਬਣਦੀਆਂ ਤਰੱਕੀਆਂ ਦਿੱਤੀਆਂ ਜਾਣ ਅਤੇ ਕੋਚਾਂ ਦੀ ਤਾਇਨਾਤੀ ਕੀਤੀ ਜਾਵੇ। ਖੇਡ ਮੰਤਰੀ ਪਰਗਟ ਸਿੰਘ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਸਾਲਾਨਾ 5-5 ਲੱਖ ਰੁਪਏ ਗਰਾਂਟ ਦਿੱਤੀ ਜਾਵੇਗੀ ਜਿਸ ਦਾ ਬਜਟ ਵਿੱਚ ਪੱਕਾ ਪ੍ਰਬੰਧ ਕੀਤਾ ਜਾਵੇਗਾ ਤਾਂ ਜੋ ਇਹ ਗਰਾਂਟ ਨਿਰੰਤਰ
ਮਿਲਦੀ ਰਹੇ। ਪਰਗਟ ਸਿੰਘ ਨੇ ਕਿਹਾ ਕਿ ਹਰ ਖੇਡ ਐਸਸੀਏਸ਼ਨ ਆਪਣਾ ਇਕ ਨੁਮਾਇੰਦਾ ਦੇਵੇ ਜੋ ਖੇਡਾਂ ਨੂੰ ਹੁਲਾਰਾ ਦੇਣ ਲਈ ਪੁਰਾਣੇ ਖਿਡਾਰੀਆਂ ਨੂੰ ਲੈ ਕੇ ਮਾਹਿਰਾਂ ਦੀ ਕਮੇਟੀ ਬਣਾਈ ਜਾਵੇ। ਉਨ੍ਹਾਂ ਖੇਡ ਖੇਤਰ ਦੀ ਪ੍ਰਫੁੱਲਤਾ ਲਈ ਖੇਡ ਵਿਭਾਗ ਤੇ ਖੇਡ ਐਸੋਸੀਏਸ਼ਨਾਂ ਵੱਲੋਂ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਖੇਡਾਂ ਤੇ ਸਿੱਖਿਆ ਵਿਭਾਗ ਨੂੰ ਜੋੜਨ ਉਤੇ ਵੀ ਕੰਮ ਕੀਤਾ ਜਾ ਰਿਹਾ ਹੈ ਕਿਉਂਕਿ ਖਿਡਾਰੀ ਸਕੂਲਾਂ ਜਾਂ ਕਾਲਜਾਂ ਵਿੱਚੋਂ ਹੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਐਵਾਰਡ ਤੇ ਤਮਗਾ ਜੇਤੂ ਖਿਡਾਰੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਉਤੇ ਆਮਦਨ ਹੱਦ ਲਈ ਲਗਾਈ ਸ਼ਰਤ ਵੀ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ ਨੇ ਪਰਗਟ ਸਿੰਘ ਜਿਨ੍ਹਾਂ ਕੋਲ ਸਿੱਖਿਆ ਵਿਭਾਗ ਵੀ ਹੈ, ਨੂੰ ਅਪੀਲ ਕੀਤੀ ਕਿ ਸਕੂਲਾਂ ਦੇ ਬੱਚਿਆਂ ਲਈ ਦਿਨ ਤੈਅ ਕੀਤੇ ਜਾਣ ਜਿਸ ਦਿਨ ਉਹ ਹਾਲ ਆਫ ਫੇਮ ਦਾ ਦੇਖਣ ਆਉਣ ਤਾਂ ਜੋ ਵੱਡੇ ਖਿਡਾਰੀਆਂ ਦੇ ਬੁੱਤ, ਤਸਵੀਰਾਂ ਤੇ ਪ੍ਰਾਪਤੀਆਂ ਦੇਖ ਕੇ ਪ੍ਰੇਰਨਾ ਲੈ ਕੇ ਜਾਣ।
ਐਸਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਕੇ ਐਸ ਸਿੱਧੂ ਨੇ ਮੀਟਿੰਗ ਵਿੱਚ ਹਾਜ਼ਰ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਤੇ ਭਾਰਤ ਭੂਸ਼ਣ ਆਸ਼ੂ ਦਾ ਉਚੇਚਾ ਧੰਨਵਾਦ ਕੀਤਾ ਜਿਨ੍ਹਾਂ ਵੱਲੋਂ ਆਪਣੇ ਅਖਤਿਆਰੀ ਫੰਡ ਵਿੱਚੋਂ 10-10 ਲੱਖ ਰੁਪਏ ਦੀ ਗਰਾਂਟ ਦਿੱਤੀ। ਉਨ੍ਹਾਂ ਖੇਡ ਮੰਤਰੀ ਪਰਗਟ ਸਿੰਘ ਵੱਲੋਂ ਸ਼ੁਰੂ ਕੀਤੀਆਂ ਪਹਿਲਕਦਮੀਆਂ ਦੀ ਵੀ ਸ਼ਲਾਘਾ ਕੀਤੀ।ਮੀਟਿੰਗ ਵਿੱਚ ਪੰਜਾਬ ਓਲੰਪਿਕ ਐਸਸੋਸੀਏਸ਼ਨ ਦੇ ਸਮੂਹ ਅਹੁਦੇਦਾਰ ਕਰਤਾਰ ਸਿੰਘ, ਸਿਕੰਦਰ ਸਿੰਘ ਮਲੂਕਾ, ਤੇਜਾ ਸਿੰਘ ਧਾਲੀਵਾਲ, ਰਾਜਿੰਦਰ ਸਿੰਘ ਕਲਸੀ, ਕੇ ਪੀ ਐਸ ਬਰਾੜ, ਤਾਰਾ ਸਿੰਘ, ਕੇ ਬੀ ਐਸ ਸਿੱਧੂ, ਗੁਰਮੀਤ ਸਿੰਘ, ਉਪਕਾਰ ਸਿੰਘ ਵਿਰਕ, ਮਨਿੰਦਰ ਕੌਰ, ਜਸਵੀਰ ਸਿੰਘ, ਉਪਜੀਤ ਸਿੰਘ ਬਰਾੜ ਅਤੇ ਖੇਡ ਵਿਭਾਗ ਦੇ ਉਪ ਸਕੱਤਰ ਕਿਰਪਾਲ ਵੀਰ ਸਿੰਘ ਹਾਜ਼ਰ ਸਨ।———-