*ਮੁੱਖ ਮੰਤਰੀ ਚੰਨੀ ਨੇ ਬੁਲਾਈ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ*

0
45

ਚੰਡੀਗੜ੍ਹ 19,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਮੀਟਿੰਗ 23 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ਸਥਿਤ ਪੰਜਾਬ ਭਵਨ ਵਿੱਚ ਹੋ ਰਹੀ ਹੈ। ਇਸ ਮੀਟਿੰਗ ਸਬੰਧੀ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਨੇ ਕਿਸਾਨ ਜਥੇਬੰਦੀਆਂ ਨੂੰ ਮੀਟਿੰਗ ਵਿੱਚ ਵੇਲੇ ਸਿਰ ਪੁੱਜਣ ਬਾਰੇ ਪੱਤਰ ਭੇਜੇ ਹਨ।

ਦੱਸ ਦਈਏ ਕਿ ਦਿੱਲੀ ਦਾ ਮੋਰਚਾ ਫ਼ਤਹਿ ਕਰਨ ਬਾਅਦ 32 ਕਿਸਾਨ ਜਥੇਬੰਦੀਆਂ ਪੰਜਾਬ ਸਰਕਾਰ ਦੁਆਲੇ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਸ਼ਨੀਵਾਰ ਨੂੰ ਹੀ ਮੁੱਲਾਂਪੁਰ ਦੇ ਗੁਰਸ਼ਰਨ ਕਲਾ ਭਵਨ ਵਿੱਚ ਮੀਟਿੰਗ ਕੀਤੀ ਸੀ।

ਇਸ ਦੌਰਾਨ ਪੰਜਾਬ ਦੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੀਟਿੰਗ ਤੈਅ ਕਰਨ ਤੇ ਅਗਲੀ ਰਣਨੀਤੀ ਲਈ ਚਰਚਾ ਕੀਤੀ ਗਈ। ਕਿਸਾਨ ਲੀਡਰਾਂ ਨੇ ਕਿਹਾ ਕਿ ਕਿਸਾਨੀ ਮਸਲਿਆ ਤੇ ਚੋਣ ਵਾਅਦਿਆਂ ਬਾਰੇ ਪੰਜਾਬ ਸਰਕਾਰ ਤੋਂ ਜੁਆਬ ਮੰਗਿਆ ਜਾਵੇਗਾ।

ਉਧਰ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ, ‘‘ਮੋਦੀ ਸਰਕਾਰ ਨਾਲ ਹਿਸਾਬ-ਕਿਤਾਬ ਕਰਕੇ ਆਏ ਹਾਂ ਤੇ ਚੰਨੀ ਸਰਕਾਰ ਨਾਲ ਕਰਨਾ ਅਜੇ ਬਾਕੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ ਤੇ ਪੜ੍ਹੇ-ਲਿਖੇ ਨੌਜਵਾਨਾਂ ਕੋਲੋਂ ਠੇਕੇਦਾਰ ਦਿਹਾੜੀਆਂ ਕਰਵਾ ਰਹੇ ਹਨ।’’

ਉਨ੍ਹਾਂ ਨੇ ਪੰਜਾਬ ਸਰਕਾਰ ਖ਼ਿਲਾਫ਼ 20 ਦਸੰਬਰ ਤੋਂ ਲਾਏ ਜਾ ਰਹੇ ਪੱਕੇ ਮੋਰਚਿਆਂ ਸਬੰਧੀ ਤਿਆਰੀਆਂ ਮੁਕੰਮਲ ਕਰਨ ਦਾ ਦਾਅਵਾ ਕੀਤਾ ਹੈ। ਯੂਨੀਅਨ ਦੀਆਂ ਮਾਨਸਾ ਤੋਂ ਇਲਾਵਾ ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਮੋਗਾ, ਸੰਗਰੂਰ, ਪਟਿਆਲਾ ਤੇ ਫਿਰੋਜ਼ਪੁਰ ਇਕਾਈਆਂ ਨੇ ਸੂਬਾ ਕਮੇਟੀ ਨੂੰ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦੀ ਬਾਕਾਇਦਾ ਸੂਚਨਾ ਭੇਜੀ ਹੈ। 

ਉਧਰ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੱਲ੍ਹ ਪੰਜਾਬ ‘ਚ ਰੇਲਾਂ ਰੋਕੀਆਂ ਜਾਣਗੀਆਂ। ਸੰਘਰਸ਼ ਕਮੇਟੀ ਨੇ 4 ਥਾਵਾਂ ‘ਤੇ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਮਾਝੇ ਵਿੱਚ ਦੇਵੀਦਾਸ ਪੁਰ ਰੇਲਵੇ ਟਰੈਕ, ਤਰਨ ਤਾਰਨ ਰੇਲਵੇ ਸਟੇਸ਼ਨ, ਦੁਆਬੇ ਵਿੱਚ ਦਸੂਹਾ ਹੁਸ਼ਿਆਰਪੁਰ ਤੇ ਮਾਲਵਾ ਵਿੱਚ ਬਸਤੀ ਟੈਂਕਾਂ ਵਾਲੀ ਫਿਰੋਜ਼ਪੁਰ ਵਿਖੇ ਮੋਰਚਾ ਸ਼ੁਰੂ ਹੋਵੇਗਾ।

NO COMMENTS