ਮਾਨਸਾ, 21 ਨਵੰਬਰ (ਸਾਰਾ ਯਹਾ / ਮੁੱਖ ਸੰਪਾਦਕ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਵੀਡੀਓ ਕਾਨਫਰੰਸਿੰਗ ਦੌਰਾਨ ਸੂਬੇ ਭਰ ਵਿਚ 107 ‘ਤੰਦਰੁਸਤ ਪੰਜਾਬ ਸਿਹਤ ਕੇਂਦਰਾਂ’ ਦਾ ਉਦਘਾਟਨ ਕੀਤਾ। ਇਸ ਮੌਕੇ ਉਨਾਂ ਨੇ ਕੋਵਿਡ ਦੇ ਮੌਜੂਦਾ ਰੁਝਾਨ ਦੇ ਮੱਦੇਨਜਰ ਸੂਬਾ ਵਾਸੀਆਂ ਨੂੰ ਵਧੇਰੇ ਸਾਵਧਾਨ ਰਹਿਣ ਦੀ ਅਪੀਲ ਕਰਦਿਆਂ ਮਿਸ਼ਨ ਫਤਿਹ ਤਹਿਤ ‘ਮਾਸਕ ਹੀ ਵੈਕਸੀਨ ਹੈ’ ਦਾ ਨਾਅਰਾ ਦਿੱਤਾ ਅਤੇ ਕਿਹਾ ਕਿ ਇਸ ਲੜਾਈ ਵਿਚ ਮਾਸਕ ਪਾ ਕੇ ਰੱਖਣਾ ਹੀ ਸਾਡਾ ਸਹਾਇਕ ਸਿੱਧ ਹੋ ਸਕਦਾ ਹੈ। ਇਸ ਦੌਰਾਨ ਵਿਧਾਇਕ ਮਾਨਸਾ ਸ. ਨਾਜਰ ਸਿੰਘ ਮਾਨਸਾਹੀਆ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ੍ਰੀ ਬਿਕਰਮ ਮੋਫ਼ਰ, ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਸਮੇਤ ਹੋਰ ਸ਼ਖ਼ਸੀਅਤਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਇਸ ਸਮਾਗਮ ਵਿੱਚ ਹਿੱਸਾ ਲਿਆ। ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਵੀ ਮੰਨਿਆ ਹੈ ਕਿ ਪੰਜਾਬ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਿਚ ਮੋਹਰੀ ਸੂਬਾ ਹੈ। ਉਨਾਂ ਨੇ ਕਿਹਾ ਕਿ ਰਾਜ ਵਿਚ 3049 ਕੇਂਦਰ ਸਥਾਪਿਤ ਕੀਤੇ ਜਾਣ ਦਾ ਟੀਚਾ ਹੈ ਜਿਸ ਵਿਚੋਂ 2046 ਸਥਾਪਿਤ ਕੀਤੇ ਜਾ ਚੁੱਕੇ ਹਨ ਜਦ ਕਿ 800 ਹੋਰ ਅਗਲੇ ਦੋ ਮਹੀਨਿਆਂ ਵਿੱਚ ਸ਼ੁਰੂ ਕਰ ਦਿੱਤੇ ਜਾਣਗੇ। ਕੋਵਿਡ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਰਾਜ ਸਰਕਾਰ ਨੇ ਪੀਪੀਈ ਕਿੱਟਾਂ, 95 ਐਨ ਮਾਸਕ ਅਤੇ ਹੋਰ ਡਾਕਟਰੀ ਸਾਜੋ ਸਮਾਨ ਮੁਹੱਈਆ ਕਰਵਾਉਣ ‘ਤੇ ਰਾਜ ਵਿਚ 184.95 ਕਰੋੜ ਰੁਪਏ ਖਰਚ ਕੀਤੇ ਹਨ ਜਦ ਕਿ 5.57 ਕਰੋੜ ਦੀਆਂ ਦਵਾਈਆਂ ਮੁਹੱਈਆ ਕਰਵਾਈਆਂ ਗਈਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ ਸਿਹਤ ਬੀਮਾ ਯੋਜਨਾ, ਬਾਲ ਸਵਾਸਥਯ ਕਾਰਯਕ੍ਰਮ, ਹੈਪੇਟਾਈਟਸ ਅਤੇ ਕੈਂਸਰ ਦੇ ਇਲਾਜ ਦੀ ਸਹੁਲਤ ਅਤੇ ਨਸ਼ਾ ਮੁਕਤ ਪੰਜਾਬ ਦੀ ਸਿਰਜਣਾ ਲਈ ਸਿਹਤ ਵਿਭਾਗ ਦੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਵੀਡੀਓ ਕਾਨਫਰੰਸਿੰਗ ਤੋਂ ਬਾਅਦ ਵਿਧਾਇਕ ਸ੍ਰ ਮਾਨਸਾਹੀਆ ਨੇ ਜ਼ਿਲ੍ਹਾ ਮਾਨਸਾ ਵਿੱਚ ਕੋਵਿਡ ਦੌਰਾਨ ਸ਼ਲਾਘਾਯੋਗ ਭੂਮਿਕਾ ਨਿਭਾਉਣ ਵਾਲੇ ਮੈਡੀਕਲ ਸਟਾਫ ਅਤੇ ਪੈਰਾ ਮੈਡੀਕਲ ਸਟਾਫ ਦੀ ਹੌਂਸਲਾ ਅਫਜਾਈ ਕਰਦਿਆਂ ਕਿਹਾ ਕਿ ਇੰਨ੍ਹਾਂ ਯੋਧਿਆਂ ਦੀ ਹਿੰਮਤ ਨਾਲ ਹੀ ਅਸੀਂ ਇਸ ਬਿਮਾਰੀ ਦੇ ਪਾਸਾਰ ’ਤੇ ਕਾਬੂ ਪਾਉਣ ਵਿਚ ਸਫਲ ਹੋਏ ਹਾਂ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ, ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ, ਸਿਵਲ ਸਰਜਨ ਡਾ. ਲਾਲ ਚੰਦ ਠਕਰਾਲ, ਕਾਂਗਰਸੀ ਆਗੂ ਡਾ. ਮੰਜੂ ਬਾਂਸਲ, ਸ਼੍ਰੀ ਚੁਸਪਿੰਦਰ ਸਿੰਘ ਚਹਿਲ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਅਰਸ਼ਦੀਪ ਸਿੰਘ ਮਾਈਕਲ ਗਾਗੋਵਾਲ ਅਤੇ ਡਿਪਟੀ ਮੈਡੀਕਲ ਕਮਿਸ਼ਨਰ-ਕਮ-ਇੰਚਾਰਜ ਜ਼ਿਲ੍ਹਾ ਸੈਂਪÇਲੰਗ ਟੀਮ ਡਾ. ਰਣਜੀਤ ਸਿੰਘ ਰਾਏ ਵੀ ਹਾਜ਼ਰ ਸਨ।