*ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਪਿੰਡ ਭੈਣੀ ਬਾਘਾ, ਖੋਖਰ ਕਲਾਂ ਅਤੇ ਠੂਠਿਆਂਵਾਲੀ ਵਿਖੇ ਕਣਕ ਦੇ ਖੇਤਾਂ ਦਾ ਦੌਰਾ*

0
68

ਮਾਨਸਾ, 20 ਨਵੰਬਰ :(ਸਾਰਾ ਯਹਾਂ/ਮੁੱਖ ਸੰਪਾਦਕ)
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਦੀਆਂ ਹਦਾਇਤਾਂ ਅਤੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਮੋਹਾਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤਪਾਲ ਕੌਰ ਵੱਲੋਂ ਬੀਤੇ ਦਿਨੀਂ ਟੀਮ ਸਮੇਤ ਪਿੰਡ ਭੈਣੀ ਬਾਘਾ, ਖੋਖਰ ਕਲਾਂ ਅਤੇ ਠੂਠਿਆਂਵਾਲੀ ਵਿਖੇ ਕਣਕ ਦੇ ਖੇਤਾਂ ਦਾ ਦੌਰਾ ਕੀਤਾ ਗਿਆ।
ਇਸ ਦੌਰਾਨ ਉਹਨਾਂ ਨੇ ਮੋਜੂਦ ਕਿਸਾਨਾਂ ਨੂੰ ਦੱਸਿਆ ਕਿ ਖੇਤਾਂ ਵਿੱਚ ਕਿਤੇ—ਕਿਤੇ ਗੁਲਾਬੀ ਸੁੰਡੀ ਦੇਖਣ ਵਿੱਚ ਆਈ ਹੈ। ਉਨ੍ਹਾਂ ਦੱਸਿਆ ਕਿ ਜਿੱਥੇ ਕਣਕ ਦੇ ਖੇਤਾਂ ਵਿੱਚ ਗੁਲਾਬੀ ਸੁੰਡੀ ਦੇਖੀ ਗਈ ਹੈ, ਉੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀਆਂ ਸ਼ਿਫਾਰਿਸ਼ਾਂ ਅਨੁਸਾਰ 01 ਲਿਟਰ ਡਰਸਬਾਨ 20 ਈ.ਸੀ (ਕਲੋਰਪਾਈਰੀਫਾਸ) ਨੂੰ 20 ਕਿਲੋ ਸਲਾਬੀ ਮਿੱਟੀ ਵਿੱਚ ਰਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾ ਪਾਣੀ ਲਗਾਉਣ ਤੋਂ ਪਹਿਲਾ ਛੱਟਾ ਦੇਣ ਜਾਂ ਇਸ ਦੇ ਬਦਲ ਵਿੱਚ 50 ਮਿਲੀ. ਲੀਟਰ ਪ੍ਰਤੀ ਏਕੜ ਕੋਰਾਜਨ 18.5 ਐਸ.ਸੀ (ਕਲੋਰਐਂਟਰਾਨਿਲੀਪਰੋਲ) ਨੂੰ 80-100 ਲਿਟਰ ਪਾਣੀ ਵਿੱਚ ਘੋਲ ਕੇ ਨੈਪਸੈਕ ਪੰਪ ਨਾਲ ਸਪਰੇਅ ਕਰਨ ਦੀ ਸਲਾਹ ਦਿੱਤੀ।
ਉਨ੍ਹਾਂ ਦੱਸਿਆ ਕਿ ਮਾਨਸਾ ਜ਼ਿਲ੍ਹੇ ਵਿੱਚ ਕਰੀਬ 88 ਫੀਸਦੀ ਖੇਤਰਫਲ ਵਿੱਚ ਕਣਕ ਦੀ ਬਿਜਾਈ ਹੋ ਚੁੱਕੀ ਹੈ। ਜਿਹਨਾਂ ਕਿਸਾਨਾਂ ਵੱਲੋਂ ਹੁਣ ਤੱਕ ਬਿਜਾਈ ਨਹੀਂ ਕੀਤੀ ਗਈ ਹੈ ਉਹ ਡੀ.ਏ.ਪੀ. ਖਾਦ ਦੇ ਬਦਲ ਵਜੋਂ ਪੀ.ਏ.ਯੂ ਲੁਧਿਆਣਾ ਵੱਲੋਂ ਸ਼ਿਫਾਰਿਸ਼ ਹੋਰ ਵੀ ਫਾਸਫੇਟਿਕ ਖਾਦਾਂ (ਸਿੰਗਲ ਸੁਪਰ ਫਾਸਫੇਟ, 20:20:13, ਟਰਿਪਲ ਸੁਪਰ ਫਾਸਫੇਟ) ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਕਣਕ ਦੀ ਬਿਜਾਈ ਸਮੇਂ ਇਹਨਾਂ ਖਾਦਾਂ ਦੀ ਵਰਤੋ ਕਰਕੇ ਵੀ ਫਾਸਫੋਰਸ ਤੱਤ ਦੀ ਪੂਰਤੀ ਕੀਤੀ ਜਾ ਸਕਦੀ ਹੈ।
ਇਸ ਮੌਕੇ ਸ਼੍ਰੀ ਹਰਵਿੰਦਰ ਸਿੰਘ ਖੇਤੀਬਾੜੀ ਅਫਸਰ ਬਲਾਕ ਭੀਖੀ, ਸ਼੍ਰੀ ਚਮਨਦੀਪ ਸਿੰਘ ਡਿਪਟੀ ਪੋਜੈਕਟ ਡਾਇਰੈਕਟਰ (ਆਤਮਾ), ਮਿਸ ਜਸਲੀਨ ਕੌਰ ਧਾਲੀਵਾਲ, ਸ਼੍ਰੀ ਗੁਰਪ੍ਰੀਤ ਸਿੰਘ, ਸ਼੍ਰੀ ਸੁਖਜਿੰਦਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਸ਼੍ਰੀ ਗੁਰਬਖਸ਼ ਸਿੰਘ, ਸ਼੍ਰੀ ਦਵਿੰਦਰ ਸਿੰਘ ਖੇਤੀਬਾੜੀ ਉਪ ਨਿਰੀਖਕ ਅਤੇ ਕਿਸਾਨ ਸ਼੍ਰੀ ਜਗਰਾਜ ਸਿੰਘ ਤੇ ਸ਼੍ਰੀ ਸੁਖਵੀਰ ਸਿੰਘ ਵੀ ਮੋਜੂਦ ਸਨ।

NO COMMENTS