ਮੁੜ ਖੜ੍ਹਾ ਹੋਇਆ ਕਿਸਾਨ ਅੰਦੋਲਨ, ਦਿੱਲੀ ਦੀਆਂ ਹੱਦਾਂ ‘ਤੇ ਲੋਕਾਂ ਦਾ ਹੜ੍ਹ

0
55

ਚੰਡੀਗੜ੍ਹ 01,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ): 26 ਜਨਵਰੀ ਦੀ ਘਟਨਾ ਤੋਂ ਬਾਅਦ ਕਿਸਾਨਾਂ ਦਾ ਅੰਦੋਲਨ ਇੱਕ ਵਾਰ ਫੇਰ ਤੋਂ ਤੇਜ਼ ਹੋ ਗਿਆ ਹੈ। ਕਿਸਾਨਾਂ ਨੇ ਆਗੂਆਂ ਵੱਲੋਂ ਕੀਤੀ ਅਪੀਲ ਮਗਰੋਂ ਟ੍ਰੈਕਟਰਾਂ ਦੇ ਮੂੰਹ ਦਿੱਲੀ ਵੱਲ ਕਰ ਲਏ ਹਨ। ਗਣਤੰਤਰ ਦਿਹਾੜੇ ਤੋਂ ਬਆਦ ਕਿਸਾਨ ਲੀਡਰ ਰਾਕੇਸ਼ ਟਿਕੈਤ ਦੀ ਭਾਵੁਕ ਅਪੀਲ ਨੇ ਕਿਸਾਨਾਂ ਸਣੇ ਹੋਰਨਾਂ ਲੋਕਾਂ ‘ਚ ਨਵਾਂ ਜੋਸ਼ ਭਰ ਦਿੱਤਾ। ਇਸ ਤੋਂ ਬਾਅਦ ਯੂਪੀ ਦੇ ਕਿਸਾਨਾਂ ਨੇ ਸਹੁੰ ਚੁੱਕੀ ਹੈ ਕਿ ਜਦੋਂ ਤੱਕ ਕੇਂਦਰ ਸਰਕਾਰ ਇਨ੍ਹਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤਕ ਉਹ ਵਾਪਸ ਨਹੀਂ ਆਉਣਗੇ।

ਇਸ ਦੇ ਨਾਲ ਹੀ ਦੱਸ ਦਈਏ ਕਿ ਲੱਖਾਂ ਦੀ ਗਿਣਤੀ ‘ਚ ਹਰਿਆਣਾ-ਪੰਜਾਬ ਤੇ ਉਤਰ ਪ੍ਰਦੇਸ਼ ਦੇ ਕਿਸਾਨ ਗਾਜ਼ੀਪੁਰ, ਸਿੰਘੂ ਤੇ ਟਿੱਕਰੀ ਬਾਰਡਰ ਪਹੁੰਚ ਗਏ ਹਨ। ਗਾਜ਼ੀਪੁਰ ਸਰਹੱਦ ‘ਤੇ ਵੱਡੀ ਗਿਣਤੀ ਪੱਛਮੀ ਉੱਤਰ ਪ੍ਰਦੇਸ਼ ਦੇ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਭੀੜ ਹੈ। ਗਾਜ਼ੀਪੁਰ ਸਰਹੱਦ ‘ਤੇ ਪਹੁੰਚੇ ਕਿਸਾਨਾਂ ਵਿੱਚ ਵੱਡੀ ਗਿਣਤੀ ਮੇਰਠ, ਮੁਜ਼ੱਫਰਨਗਰ, ਸ਼ਾਮਲੀ, ਸਹਾਰਨਪੁਰ, ਬਾਗਪਤ, ਬੁਲੰਦਸ਼ਹਿਰ, ਹਾਪੁਰ ਆਦਿ ਜ਼ਿਲ੍ਹਿਆਂ ਤੋਂ ਹਨ। ਸ਼ਨੀਵਾਰ ਨੂੰ ਸ਼ਾਮਲੀ ਤੇ ਸਹਾਰਨਪੁਰ ਜ਼ਿਲ੍ਹਿਆਂ ਦੇ ਬਹੁਤ ਸਾਰੇ ਕਿਸਾਨ ਟਰੱਕਾਂ ਵਿੱਚ ਰਾਸ਼ਨ ਲੈ ਕੇ ਗਾਜ਼ੀਪੁਰ ਪਹੁੰਚੇ।

ਇਸ ਦੌਰਾਨ ਇੱਥੇ ਪ੍ਰਦਰਸ਼ਨਕਾਰੀ ਲੋਕਾਂ ਲਈ ਲੰਗਰ ਦੀ ਸੇਵਾ ਕਰ ਰਹੇ ਸੇਵਾਦਾਰ ਹਰਜੀਤ ਸਿੰਘ ਨੇ ਕਿਹਾ ਕਿ ਦੋ ਦਿਨ ਤੋਂ ਪਹਿਲਾਂ ਦੇ ਮੁਕਾਬਲੇ ਵਧੇਰੇ ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਹੁਣ ਹਰ ਰੋਜ਼ ਕਰੀਬ 10 ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨਾਂ ਦੀ ਵਧ ਰਹੀ ਗਿਣਤੀ ਨੂੰ ਵੇਖਦਿਆਂ ਪੁਲਿਸ ਦੀ ਤਾਦਾਦ ਵੀ ਵਧਾਈ ਗਈ ਹੈ। ਗਾਜ਼ੀਪੁਰ ਸਰਹੱਦ ‘ਤੇ ਪੁਲਿਸ ਨੇ ਕਈ ਪਰਤਾਂ ‘ਤੇ ਬੈਰੀਕੇਟ ਲਗਾਏ ਹਨ। ਇਸ ਦੇ ਨਾਲ, ਪੁਆਇੰਟ ਤਾਰ ਵੀ ਜੁੜੇ ਹੋਏ ਹਨ। ਐਨਐਚ-9 ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ।

ਕਿਸਾਨਾਂ ਨੇ ਖੁਦ ਲਗਾਏ ਬੈਰੀਕੇਡ

ਦਿੱਲੀ-ਮੇਰਠ ਐਕਸਪ੍ਰੈਸ ਵੇਅ ‘ਤੇ ਉੱਤਰ ਪ੍ਰਦੇਸ਼ ਤੇ ਦਿੱਲੀ ਦੀਆਂ ਸਰਹੱਦਾਂ ‘ਤੇ ਪੁਲਿਸ ਬੈਰੀਕੇਡਾਂ ਤੋਂ ਲਗਪਗ 40 ਮੀਟਰ ਪਹਿਲਾਂ ਕਿਸਾਨਾਂ ਨੇ ਵੀ ਬੈਰੀਕੇਡਿੰਗ ਲਾਈ ਹੈ। ਇੱਥੋਂ ਕਿਸੇ ਨੂੰ ਵੀ ਦਿੱਲੀ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਵਾਲੰਟੀਅਰ ਪਰਮਵੀਰ ਸਿੰਘ ਨੇ ਕਿਹਾ ਕਿ ਸਮਾਜ ਵਿਰੋਧੀ ਅਨਸਰ ਕਿਸਾਨਾਂ ਦੇ ਰੂਪ ਵਿੱਚ ਬੈਰੀਕੇਡਿੰਗ ਤਕ ਪਹੁੰਚ ਕੇ ਕੋਈ ਗੜਬੜ ਨਾ ਕਰਨ ਇਸ ਲਈ ਕਿਸਾਨਾਂ ਨੇ ਖੁਦ ਬੈਰੀਕੇਡ ਲਾਏ ਹਨ। ਇਹ ਫੈਸਲਾ ਕਿਸਾਨ ਏਕਤਾ ਮੋਰਚਾ ਦੇ ਲੀਡਰਾਂ ਨੇ ਲਿਆ ਹੈ।

ਉਧਰ ਦੂਜੇ ਪਾਸੇ ਪੁਲਿਸ ਨੇ ਸੁਰੱਖਿਆ ਵੀ ਤਾਇਨਾਤੀ ਵੀ ਸਖ਼ਤ ਕਰ ਦਿੱਤੀ ਹੈ। ਕਿਸੇ ਨੂੰ ਵੀ ਦਿੱਲੀ ਤੋਂ ਗਾਜ਼ੀਪੁਰ ਸਰਹੱਦ ‘ਤੇ ਆਉਣ ਦੀ ਆਗਿਆ ਨਹੀਂ ਦਿੱਤੀ ਜਾ ਰਹੀ। ਸਰਹੱਦ ਨੂੰ ਸਾਰੇ ਪਾਸਿਆਂ ਤੋਂ ਸੀਲ ਕਰ ਦਿੱਤਾ ਗਿਆ ਹੈ। ਹਾਲਾਂਕਿ, ਗਾਜ਼ੀਆਬਾਦ ਦੇ ਮੋਹਨ ਨਗਰ ਦੇ ਰਸਤੇ ਕਿਸਾਨ ਗਾਜ਼ੀਪੁਰ ਸਰਹੱਦ ‘ਤੇ ਪਹੁੰਚ ਰਹੇ ਹਨ।

NO COMMENTS