*ਮੁਹਾਲੀ ਬਲਾਸਟ ‘ਚ ਇਸਤਮਾਲ 3 ਮੋਬਾਈਲ ਫੋਨ ਤੇ ਫਾਰਚੂਨਰ ਗੱਡੀ ਬਰਾਮਦ*

0
39

ਮੁਹਾਲੀ  23,ਮਈ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਹੈੱਡਕੁਆਰਟਰ ‘ਤੇ ਹੋਏ ਹਮਲੇ ਦੀਆਂ ਪਰਤਾਂ ਖੁੱਲ੍ਹਣ ਲੱਗ ਪਈਆਂ ਹਨ। ਪੁਲਿਸ ਨੇ ਘਟਨਾ ਵਿੱਚ ਵਰਤੇ ਤਿੰਨ ਮੋਬਾਈਲ ਫੋਨ ਤੇ ਰੇਕੀ ਲਈ ਵਰਤੀ ਗਈ ਇੱਕ ਫਾਰਚੂਨਰ ਕਾਰ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਪੁਲਿਸ ਨੂੰ ਕੁਝ ਅਹਿਮ ਸੁਰਾਗ ਵੀ ਮਿਲੇ ਹਨ।

ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਜਗਦੀਪ ਸਿੰਘ ਕੰਗ ਦੀ ਨਿਸ਼ਾਨ ਦੇਹੀ ’ਤੇ ਹੀ ਪੁਲੀਸ ਨੇ ਇਹ ਸਭ ਕੁਝ ਬਰਾਮਦ ਕੀਤਾ ਹੈ। ਜਦੋਂ ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਲਈ 7 ਮਈ ਨੂੰ ਮੁਹਾਲੀ ਪਹੁੰਚੇ ਸਨ ਤਾਂ ਕੰਗ ਨੇ ਆਪਣੇ ਠਹਿਰਨ ਤੋਂ ਲੈ ਕੇ ਬਾਕੀ ਸਾਰੇ ਇੰਤਜਾਮ ਕਰ ਲਏ ਸੀ। ਜਿਸ ਇਲਾਕੇ ‘ਚ ਇਹ ਘਟਨਾ ਵਾਪਰੀ ਉਹ ਵੀਆਈਪੀ ਹੈ।

ਅਜਿਹੇ ‘ਚ ਆਰੋਪੀਆਂ ਨੇ ਫਾਰਚੂਨਰ ਕਾਰ ਦੀ ਵਰਤੋਂ ਕੀਤੀ ਤਾਂ ਜੋ ਕਿਸੇ ਨੂੰ ਉਨ੍ਹਾਂ ‘ਤੇ ਸ਼ੱਕ ਨਾ ਹੋ ਸਕੇ। ਇਸ ਮਾਮਲੇ ਵਿੱਚ ਪੁਲਿਸ ਹਰ ਗੱਲ ਦਾ ਰਿਕਾਰਡ ਬਣਾ ਰਹੀ ਹੈ ਤਾਂ ਕਿ ਜਦੋਂ ਕੇਸ ਅਦਾਲਤ ਵਿੱਚ ਜਾਂਦਾ ਹੈ ਤਾਂ ਕਹਾਣੀ ਕਿਤੇ ਵੀ ਕਮਜ਼ੋਰ ਨਾ ਹੋ ਜਾਵੇ। ਇਸ ਤੋਂ ਇਲਾਵਾ ਹੋਰ ਸੁਰੱਖਿਆ ਏਜੰਸੀਆਂ ਵੀ ਮਾਮਲੇ ਦੀ ਜਾਂਚ ‘ਚ ਜੁਟੀਆਂ ਹੋਈਆਂ ਹਨ।

ਇੰਟੈਲੀਜੈਂਸ ਹੈੱਡਕੁਆਰਟਰ ‘ਤੇ ਹਮਲੇ ਦੀ ਪੂਰੀ ਸਾਜ਼ਿਸ਼ ਪਾਕਿਸਤਾਨ ‘ਚ ਬੈਠੇ ਅੱਤਵਾਦੀਆਂ ਨੇ ਰਚੀ ਸੀ। ਰਾਕੇਟ ਲਾਂਚਰ ਤੋਂ ਲੈ ਕੇ ਹੋਰ ਚੀਜ਼ਾਂ ਨੂੰ ਪੂਰੀ ਰਣਨੀਤੀ ਨਾਲ ਮੁਹਾਲੀ ਭੇਜਿਆ ਗਿਆ। ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਸੁਰੱਖਿਆ ਏਜੰਸੀਆਂ ਦਾ ਮਨੋਬਲ ਤੋੜਿਆ ਜਾਵੇ। ਇਸ ਦੇ ਨਾਲ ਹੀ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਜਾਵੇ, ਹਾਲਾਂਕਿ ਮੁਲਜ਼ਮ ਇਸ ਵਿੱਚ ਕਾਮਯਾਬ ਨਹੀਂ ਹੋ ਸਕੇ।

ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਸ ਕੇਸ ਦਾ ਮੁੱਖ ਮੁਲਜ਼ਮ ਚੜ੍ਹਤ ਸਿੰਘ ਬਹੁਤ ਚਲਾਕ ਹੈ। ਮੁਲਜ਼ਮ ਨੇ ਆਪਣਾ ਪਾਸਪੋਰਟ ਵੀ ਨਹੀਂ ਬਣਵਾਇਆ। ਕਈ ਏਜੰਸੀਆਂ ਉਸ ਦੇ ਪਿੱਛੇ ਹਨ। ਸੂਤਰਾਂ ਅਨੁਸਾਰ ਮੁਲਜ਼ਮ ਆਪਣੇ ਦੋ ਸਾਥੀਆਂ ਨਾਲ ਨੇਪਾਲ ਦੇ ਰਸਤੇ ਵਿਦੇਸ਼ ਭੱਜਣ ਦੀ ਕੋਸ਼ਿਸ਼ ਕਰ ਰਿਹਾ ਹੈ।

NO COMMENTS