ਸੰਗਰੂਰ/ਮੂਨਕ, 23 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਡੈਮੋਕ੍ਰੇਟਿਕ ਟੀਚਰਜ਼ ਫਰੰਟ ਸੰਗਰੂਰ ਵੱਲੋਂ ਪੰਜਾਬ ਦੇ ਮੁਲਾਜ਼ਮ ਵਿਰੋਧੀ ਛੇਵੇਂ ਤਨਖਾਹ ਕਮਿਸ਼ਨ ਨੂੰ ਲੈ ਕੇ ਜ਼ਿਲ੍ਹਾ ਸੰਗਰੂਰ ਵਿਚਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੰਡਵੀਂ (ਮੂਨਕ) ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਤਨਖ਼ਾਹ ਕਮਿਸ਼ਨ ਦੇ ਤਤਕਾਲੀ ਅਤੇ ਭਵਿੱਖੀ ਮਾਰੂ ਪ੍ਰਭਾਵਾਂ ਸਬੰਧੀ ਚਰਚਾ ਕੀਤੀ ਗਈ। ਸੈਮੀਨਾਰ ਦੇ ਮੁੱਖ ਬੁਲਾਰੇ ਡੀ.ਟੀ.ਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਸਾਢ਼ੇ ਚਾਰ ਸਾਲ ਛੇਵੇਂ ਪੇ ਕਮਿਸ਼ਨ ਨੂੰ ਤਾਲਾਬੰਦ ਕਰਕੇ ਰੱਖਣ ਮਗਰੋਂ, ਕਮਿਸ਼ਨ ਵੱਲੋਂ ਜਾਰੀ ਕੀਤੀ ਮੁਲਾਜ਼ਮ ਮਾਰੂ ਰਿਪੋਰਟ ਅਤੇ ਵਿੱਤ ਵਿਭਾਗ ਦੀਆਂ ਉਸਤੋਂ ਵੀ ਨਿੰਦਣਯੋਗ ਸਿਫਾਰਸ਼ਾਂ ਖਿਲਾਫ਼ ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਵਿੱਚ ਵਿਆਪਕ ਰੋਸ ਉੱਭਰਿਆ ਹੈ, ਜਿਸਦਾ ਪ੍ਰਗਟਾਵਾ ਸਮੂਹ ਜ਼ਿਲ੍ਹਿਆਂ, ਵਿਭਾਗਾਂ ਵਿੱਚ ਦੋ ਦਿਨਾ ‘ਪੈੱਨ ਡਾਊਨ ਟੂਲ ਡਾਊਨ’ ਹੜਤਾਲ ਨੂੰ ਮਿਲੇ ਭਰਵੇਂ ਹੁੰਗਾਰੇ ਤੋਂ ਹੁੰਦਾ ਹੈ। ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਵੱਲੋਂ ਉਠਾਏ ਤੌਖਲਿਆਂ ਨੂੰ ਦੂਰ ਕਰਨ ਲਈ ਇੱਕ ਪਾਸੇ ਮੰਤਰੀਆਂ ਅਤੇ ਅਫਸਰਾਂ ਦੀ ਕਮੇਟੀ ਬਣਾਉਣ ਦਾ ਗੁਮਰਾਹਕੁੰਨ ਦਿਖਾਵਾ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਮੁਲਾਜ਼ਮਾਂ ਨੂੰ ਤਨਖਾਹ ਫਿਕਸੇਸ਼ਨ ਲਈ ਮਾਰੂ ਆਪਸ਼ਨਾਂ ਨੂੰ ਚੁਣਨ ਲਈ ਨੋਟੀਫਿਕੇਸ਼ਨ ਵੀ ਕਰ ਦਿੱਤਾ ਗਿਆ ਹੈ।
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਛੇਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਰਿਪੋਰਟ/ਵਿੱਤ ਵਿਭਾਗ ਦੀਆਂ ਮੁਲਾਜ਼ਮ ਵਿਰੋਧੀ ਸਿਫਾਰਸ਼ਾਂ ਰੱਦ ਕਰਕੇੇ ਵਿਭਾਗ/ਕਾਡਰ ਅਨੁਸਾਰ ਜਾਰੀ ਹੋਵੇ ਅਤੇ ਸਾਰੇ ਵਾਧੇ 1-1-2016 ਤੋਂ ਹੀ ਲਾਗੂ ਕੀਤੇ ਜਾਣ, ਪੰਜਵੇਂ ਤਨਖਾਹ ਕਮਿਸ਼ਨ ਦੀ ਅਨਾਮਲੀ ਕਮੇਟੀ ਅਤੇ ਕੈਬਨਿਟ ਸਬ ਕਮੇਟੀ ਵੱਲੋਂ ਮਿਲੇ ਵਾਧੇ ਬਰਕਰਾਰ ਰੱਖਦਿਆਂ, 2.25 ਜਾਂ 2.59 ਗੁਣਾਂਕ ‘ਚੋਂ ਇੱਕ ਚੁਨਣ ਦੀ ਮਾਰੂ ਆਪਸ਼ਨ ਦੀ ਥਾਂ ਇੱਕਸਮਾਨ ਉਚਤਮ ਗੁਣਾਂਕ (3.74) ਲਾਗੂ ਹੋਵੇ, ਮੋਬਾਇਲ ਅਤੇ ਮੈਡੀਕਲ ਭੱਤੇ ਦੁੱਗਣੇ ਹੋਣ ਅਤੇ ਪੇਂਡੂ ਇਲਾਕਾ ਭੱਤਾ ਤੇ ਐੱਚ.ਆਰ.ਏ. ਦੀਆਂ ਪਹਿਲਾਂ ਵਾਲੀਆਂ ਦਰਾਂ ਬਰਕਰਾਰ ਰੱਖੀਆਂ ਜਾਣ। ਮਹਿੰਗਾਈ ਭੱਤੇ ਦੀਆਂ ਪੈਂਡਿੰਗ ਕਿਸ਼ਤਾਂ ਅਤੇ ਬਕਾਏ ਜਾਰੀ ਹੋਣ ਅਤੇ 20-7-2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਨੂੰ ਕੇਂਦਰ ਤੋਂ ਘੱਟ ਸਕੇਲਾਂ ਨਾਲ ਜੋੜਨ ਦਾ ਫੈਸਲਾ ਰੱਦ ਹੋਵੇ। 1 ਜਨਵਰੀ 2004 ਤੋਂ ਲਾਗੂ ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ, ਪਰਖ ਸਮਾਂ ਐਕਟ ਰੱਦ ਕਰਕੇ 15-01-2015 ਤੋਂ ਪਰਖ ਸਮਾਂ ਮੁੜ ਤੋਂ ਦੋ ਸਾਲ ਕਰਦਿਆਂ ਪੂਰੇ ਭੱਤੇ, ਸਲਾਨਾ ਵਾਧੇ, ਪੂਰਾ ਤਨਖਾਹ ਗਰੇਡ/ਸਕੇਲ ਬਹਾਲ ਕਰਦਿਆਂ ਨਵੀਆਂ ਭਰਤੀਆਂ ਨਾਲ ਇਨਸਾਫ ਹੋਵੇ, ਕੱਚੇ ਅਧਿਆਪਕਾਂ/ਨਾਨ ਟੀਚਿੰਗ/ਰੈਗੂਲਰ ਕੰਪਿਊਟਰ ਫੈਕਲਟੀ ਦੀ ਬਿਨਾਂ ਸ਼ਰਤ ਵਿਭਾਗ ‘ਚ ਰੈਗੂਲਰ ਮਰਜਿੰਗ ਹੋਵੇ, ਸਕੂਲਾਂ ਵਿੱਚ ਖਾਲੀ ਹਜ਼ਾਰਾਂ ਅਸਾਮੀਆਂ ਭਰਨ ਦਾ ਇਸ਼ਤਿਹਾਰ ਜਾਰੀ ਕੀਤਾ ਜਾਵੇ। ਜਿਲ੍ਹਾ ਪ੍ਰਧਾਨ ਨਿਰਭੈ ਸਿੰਘ ਨੇ ਅਧਿਆਪਕਾਂ ਨੂੰ ਪੰਜਾਬ ਯੂ.ਟੀ ਮੁਲਾਜ਼ਮ ਅਤੇ ਪੈਨਸ਼ਨਜ ਸਾਝਾ ਫਰੰਟ ਦੇ ਸੱਦੇ ‘ਤੇ 29 ਜੁਲਾਈ ਦੀ ਪਟਿਆਲੇ ਵਿਖੇ ਹੋ ਰਹੀ ਇਤਿਹਾਸਕ ਰੈਲੀ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਜਿਲ੍ਹਾ ਪ੍ਰਧਾਨ ਨਿਰਭੈ ਸਿੰਘ, ਅਤਿੰਦਰਪਾਲ ਘੱਗਾ, ਮੇਘਰਾਜ, ਸੁਖਵਿੰਦਰ ਗਿਰ, ਰਾਜ ਸੈਣੀ, ਗੁਰਜੰਟ ਮੂਨਕ, ਬਿਕਰਮ ਬੰਗਾ, ਗੁਰਸੇਵਕ ਬੱਲਰਾਂ, ਮੇਜਰ ਸਿੰਘ, ਰਾਮਪਾਲ ਸਾਸ਼ਤਰੀ, ਰਾਜਵੀਰ ਗੁਲਾੜੀ, ਦੇਵੀ ਲਾਲ, ਮੈਡਮ ਬਲਵਿੰਦਰ ਕੌਰ, ਜਗਦੀਪ ਨੈਣ, ਪ੍ਰੇਮ ਕੁਮਾਰ ਬੀ.ਪੀ.ਈ.ਓ. ਮੂਨਕ, ਮੈਡਮ ਰਮਨ ਆਦਿ ਸਮੇਤ ਵੱਡੀ ਗਿਣਤੀ ਵਿੱਚ ਅਧਿਆਪਕ ਹਾਜ਼ਰ ਸਨ