*ਮੁਫ਼ਤ ਬੱਸ ਸਫ਼ਰ ਦੀ ਸਹੂਲਤ ਨਾਲ ਮਹਿਲਾ ਯਾਤਰੀਆਂ ਵਿੱਚ ਵਧਿਆ ਉਤਸ਼ਾਹ*

0
55

ਮਾਨਸਾ, 3 ਅਪ੍ਰੈਲ(ਸਾਰਾ ਯਹਾਂ/ਜੋਨੀ ਜਿੰਦਲ):ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਪੰਜਾਬ ਦੇ ਮਹਿਲਾ ਵਰਗ ਨੂੰ ਮੁਫਤ ਸਫ਼ਰ ਦੀ ਸਹੂਲਤ ਪ੍ਰਦਾਨ ਕਰਨ ਤੋਂ ਬਾਅਦ ਲੜਕੀਆਂ ਅਤੇ ਔਰਤਾਂ ਵਿੱਚ ਕਾਫੀ ਉਤਸ਼ਾਹ ਨਜ਼ਰ ਆ ਰਿਹਾ ਹੈ। ਬੱਸ ਸਟੈਂਡ ਮਾਨਸਾ ਵਿਖੇ ਅੱਜ ਵੀ ਮਹਿਲਾ ਯਾਤਰੀਆਂ ਦੀ ਗਿਣਤੀ ਜ਼ਿਆਦਾ ਨਜ਼ਰ ਆਈ ਅਤੇ ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ। ਮਾਨਸਾ ਤੋਂ ਪਟਿਆਲਾ ਜਾਣ ਵਾਲੀ ਪ੍ਰੀਤ ਕੌਰ, ਮਾਨਸਾ ਤੋਂ ਚੀਮਾ ਜਾਣ ਵਾਲੀ ਗੁਰਪ੍ਰੀਤ ਕੌਰ ਅਤੇ ਪਰਮਜੀਤ ਨੇ ਬੱਸ ਕਿਰਾਇਆ ਨਾ ਲੱਗਣ ਉਤੇ ਖੁਸ਼ੀ ਦਾ ਇਜ਼ਹਾਰ ਕੀਤਾ।ਉਨ੍ਹਾਂ ਕਿਹਾ ਕਿ ਇਹ ਇੱਕ ਬਹੁਤ ਹੀ ਮਹੱਤਵਪੂਰਨ ਉਪਰਾਲਾ ਹੈ ਜਿਸ ਨੂੰ ਕੈਪਟਨ ਸਰਕਾਰ ਨੇ ਮਹਿਲਾਵਾਂ ਦੇ ਹੱਕ ਵਿੱਚ ਸਾਕਾਰ ਕਰ ਵਿਖਾਇਆ ਹੈ। ਗੁਰਪ੍ਰੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦਾ ਧੰਨਵਾਦ ਵੀ ਕੀਤਾ। ਇਸੇ ਦੌਰਾਨ ਮਾਨਸਾ ਦੇ ਵਿਧਾਇਕ ਸ੍ਰ. ਨਾਜਰ ਸਿੰਘ ਮਾਨਸ਼ਾਹੀਆ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਫੈਸਲਾ ਸੂਬੇ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਮਜ਼ਬੂਤ ਕਰਨ ਵੱਲ ਸ਼ਲਾਘਾਯੋਗ ਕਦਮ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮਹਿਲਾ ਵਰਗ ਨੂੰ ਮੁਫਤ ਬੱਸ ਯਾਤਰਾ ਦੇ ਵਿਸ਼ੇਸ਼ ਤੋਹਫ਼ੇ ਨਾਲ ਨਿਵਾਜਿਆ ਹੈ ਜਿਸ ਨਾਲ ਨਾ ਸਿਰਫ ਮਹਿਲਾਵਾਂ ਬਲਕਿ ਸਾਰੇ ਵਰਗਾਂ ਦੇ ਲੋਕਾਂ ਦਾ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਪ੍ਰਤੀ ਵਿਸ਼ਵਾਸ ਪ੍ਰਪੱਕ ਹੋਇਆ ਹੈ।ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਫੈਸਲੇ ਨਾਲ ਮੱਧ ਸ਼੍ਰੇਣੀ ਦੇ ਨਾਲ-ਨਾਲ ਲੜਕੀਆਂ ਅਤੇ ਮਹਿਲਾ ਯਾਤਰੀਆਂ ਵਿਚ ਵਿਸ਼ਵਾਸ ਅਤੇ ਸੁਰੱਖਿਆ ਦੀ ਭਾਵਨਾ ਮਜ਼ਬੂਤ ਹੋਈ ਹੈ।ਉਨ੍ਹਾਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਬੱਸਾਂ ਵਿਚ ਪੈਨਿਕ ਬਟਨ ਵੀ ਲਗਾਏ ਹਨ, ਇਸ ਤੋਂ ਇਲਾਵਾ ਇਨ੍ਹਾਂ ਬੱਸਾਂ ਨੂੰ ਜੀ.ਪੀ.ਐਸ. ਤਕਨੀਕ ਨਾਲ ਵੀ ਜੋੜਿਆ ਗਿਆ ਹੈ।

NO COMMENTS