*ਮੁਥੂਟ ਕੰਪਨੀ ਅੱਗੇ ਕਿਸਾਨਾਂ ਦਾ ਧਰਨਾ 8 ਵੇਂ ਦਿਨ ਵੀ ਜਾਰੀ, ਤਿੱਖੇ ਐਕਸ਼ਨ ਦੀ ਦਿੱਤੀ ਚਿਤਾਵਨੀ *

0
102

ਮਾਨਸਾ 29 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ) ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਧਨੇਰ ਜਥੇਬੰਦੀ ਦੀ ਅਗਵਾਈ ਵਿੱਚ ਇੱਕ ਸਾਬਕਾ ਫੌਜੀ ਨਾਲ ਲੱਖਾਂ ਰੁਪਏ ਹੜੱਪ ਕਰ ਜਾਣ ਵਾਲੀ ਫਾਇਨਾਂਸ ਕੰਪਨੀ ਮੁਥੂਟ ਬੈਂਕ, ਖਿਲਾਫ਼ ਕਿਸਾਨਾਂ ਦਾ ਪੱਕਾ ਮੋਰਚਾ 8 ਵੇਂ ਦਿਨ ਵੀ ਜਾਰੀ ਰਿਹਾ ।

              ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਾਇਨਾਂਸ ਕੰਪਨੀਆਂ ਨੂੰ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਹੜੱਪਣ ਕਰਨ ਨਹੀ ਦੇਵਾਂਗੇ । ਵਰਨਣਯੋਗ ਹੈ ਕਿ ਪਿੰਡ ਭੈਣੀ ਬਾਘਾ ਦੇ ਸਾਬਕਾ ਫੌਜੀ ਸੁਖਵੀਰ ਸਿੰਘ ਨੇ ਇਸ ਕੰਪਨੀ ਪਾਸ 10 ਲੱਖ ਰੁਪਏ 8.77 ਪ੍ਰਤੀਸ਼ਤ ਵਿਆਜ ‘ਤੇ ਤਿੰਨ ਸਾਲਾਂ ਬੱਧੀ ਜਮਾਂ ਕਰਵਾਏ ਸਨ । ਜਿਸਨੂੰ ਕੰਪਨੀ ਵੱਲੋਂ ਅੱਗੇ ਸ਼੍ਰੀ ਫਾਇਨਾਂਸ ਕੰਪਨੀ ਵਿੱਚ ਲਗਾ ਦਿੱਤਾ ਗਿਆ । ਇਹ ਸਾਬਕਾ ਫੌਜੀ ਇਸੇ ਬ੍ਰਾਂਚ ਵਿੱਚ ਹੀ ਸਕਿਉਰਟੀ ਗਾਰਡ ਦੀ ਨੌਕਰੀ ਕਰਦਾ ਸੀ । ਆਗੂਆਂ ਨੇ ਦੱਸਿਆ ਕਿ ਕੰਪਨੀ ਵੱਲੋਂ ਰਕਮ ਦੀ ਪਹਿਲੀ ਕਿਸ਼ਤ ਦੇ ਕੇ ਬਾਕੀ ਰਕਮ ਅੱਜ ਤੱਕ ਨਹੀ ਦਿੱਤੀ ਗਈ । ਜਿਸ ਕਰਕੇ ਬੇਇਨਸਾਫ਼ੀ ਨੂੰ ਦੇਖਦੇ ਹੋਏ ਜਥੇਬੰਦੀ ਵੱਲੋਂ ਦਫ਼ਤਰ ਅੱਗੇ ਪੱਕਾ ਮੋਰਚਾ ਲਗਾਇਆ ਗਿਆ ਜੋ ਰਕਮ ਦੀ ਵਾਪਸੀ ਹੋਣ ਤੀਕਰ ਨਾ ਸਿਰਫ਼ ਜਾਰੀ ਰਹੇਗਾ ਬਲਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ । 

             ਇਸ ਮੌਕੇ ਜਾਣਕਾਰੀ ਦਿੰਦਿਆਂ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਨੇ ਦੱਸਿਆ ਕਿ ਕੰਪਨੀ ਦੀ ਮੁੱਦੇ ਉੱਤੇ ਧਾਰੀ ਚੁੱਪੀ ਨੂੰ ਦੇਖਦਿਆਂ ਆਉਂਦੇ 1 ਅਗਸਤ ਨੂੰ ਅਗਲਾ ਵੱਡਾ ਐਕਸ਼ਨ ਕੀਤਾ ਜਾਵੇਗਾ ਅਤੇ ਪੜਾਅ ਦਰ ਪੜਾਅ ਲੋੜ ਪੈਣ ‘ਤੇ ਪੂਰਨ ਰੂਪ ਵਿੱਚ ਜ਼ਿੰਦਰੇ ਮਾਰੇ ਜਾਣਗੇ । ਜੇਕਰ ਫਿਰ ਵੀ ਮਸਲੇ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਕੰਪਨੀ ਦੀਆਂ ਬਾਕੀ ਜਿਲ੍ਹੇ ਭਰ ਦੀਆਂ ਸ਼ਾਖਾਵਾਂ ਦਾ ਕੰਮਕਾਜ ਵੀ ਠੱਪ ਕੀਤਾ ਜਾਵੇਗਾ । ਉਨ੍ਹਾਂ ਮਸਲੇ ਉੱਤੇ ਕੰਪਨੀ ਅਤੇ ਪ੍ਰਸ਼ਾਸਨ ਵੱਲੋਂ ਧਾਰੀ ਚੁੱਪੀ ਦਾ ਨੋਟਿਸ ਲੈਂਦਿਆਂ ਚਿਤਾਵਨੀ ਦਿੱਤੀ ਕਿ ਜਥੇਬੰਦੀ ਵੱਲੋਂ ਲੋੜ ਅਨੁਸਾਰ ਸੜਕੀ ਆਵਾਜਾਈ ਠੱਪ ਕਰਨ ਤੋਂ ਗੁਰੇਜ਼ ਨਹੀ ਕੀਤਾ ਜਾਵੇਗਾ । ਇਸ ਮੌਕੇ ਬਲਜੀਤ ਸਿੰਘ ਭੈਣੀ, ਜਸਵੀਰ ਸਿੰਘ ਰੱਲਾ, ਕਾਲਾ ਸਿੰਘ ਅਕਲੀਆ, ਚੇਤ ਸਿੰਘ ਚਕੇਰੀਆਂ, ਗੁਰਲਾਲ ਸਿੰਘ ਕੋਟਲੀ, ਲੀਲਾ ਸਿੰਘ ਮੂਸਾ, ਲਾਭ ਸਿੰਘ ਫੌਜੀ, ਲਾਭ ਸਿੰਘ ਹਰੀਕੇ, ਜਗਸੀਰ ਸਿੰਘ ਜੋਗਾ, ਬਲਦੇਵ ਸਿੰਘ ਉੱਭਾ ਆਦਿ ਮੌਜੂਦ ਰਹੇ ।

NO COMMENTS