ਚੰਡੀਗੜ੍ਹ/ਨਵੀਂ ਦਿੱਲੀ (ਸਾਰਾ ਯਹਾਂ ਬਿਊਰੋ ਰਿਪੋਰਟ): ਬਾਹੂਬਲੀ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਪੁਲਿਸ ਤੇ ਸਪੈਸ਼ਲ ਟਾਸਕ ਫ਼ੋਰਸ (ਐਸਟੀਐਫ) ਦੀ ਟੀਮ ਪੰਜਾਬ ਦੇ ਰੋਪੜ ਜੇਲ੍ਹ ਤੋਂ ਲੈ ਕੇ ਰਵਾਨਾ ਹੋ ਗਈ ਹੈ। ਮੁਖਤਾਰ ਅੰਸਾਰੀ ਨੂੰ ਯੂਪੀ ਦੀ ਬਾਂਦਾ ਜੇਲ ਲਿਜਾਇਆ ਜਾਣਾ ਹੈ। ਅੰਸਾਰੀ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਅਧੀਨ ਰਵਾਨਾ ਕੀਤਾ ਗਿਆ ਗਿਆ ਹੈ।
ਇਸ ਵਿਚਕਾਰ ਮੁਖਤਾਰ ਅੰਸਾਰੀ ਦੀ ਪਤਨੀ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਇਸ ‘ਚ ਮੁਖਤਾਰ ਅੰਸਾਰੀ ਨੂੰ ਰੋਪੜ ਤੋਂ ਬਾਂਦਾ ਲਿਜਾਣ ਸਮੇਂ ਪੁਖਤਾ ਸੁਰੱਖਿਆ ਦੀ ਮੰਗ ਕੀਤੀ ਗਈ ਹੈ। ਅਦਾਲਤ ‘ਚ ਪੇਸ਼ੀ ਦੌਰਾਨ ਵੀ ਜਾਨ ਨੂੰ ਖ਼ਤਰਾ ਦੱਸਿਆ ਗਿਆ ਹੈ। ਪਟੀਸ਼ਨ ‘ਚ ਵਿਕਾਸ ਦੂਬੇ ਐਨਕਾਊਂਟਰ ਮਾਮਲੇ ਦੀ ਉਦਾਹਰਣ ਦਿੱਤੀ ਗਈ ਹੈ।
ਹਾਲਾਂਕਿ, ਅਰਜ਼ੀ ‘ਤੇ ਅਜੇ ਸੁਣਵਾਈ ਨਹੀਂ ਹੋਈ ਹੈ। ਮੁਖਤਾਰ ਅੰਸਾਰੀ ਦੀ ਪਤਨੀ ਵੱਲੋਂ ਸੁਪਰੀਮ ਕੋਰਟ ‘ਚ ਦਾਇਰ ਪਟੀਸ਼ਨ ‘ਚ ਮੰਗ ਕੀਤੀ ਗਈ ਹੈ ਕਿ ਮੁਖਤਾਰ ਦੀ ਸੁਰੱਖਿਆ ਦਾ ਪੂਰਾ ਧਿਆਨ ਰੱਖਿਆ ਜਾਵੇ। ਉਨ੍ਹਾਂ ਨੂੰ ਡਰ ਹੈ ਕਿ ਪੰਜਾਬ ਤੋਂ ਯੂਪੀ ਲਿਜਾਣ ਸਮੇਂ ਮੁਖਤਾਰ ਅੰਸਾਰੀ ਦਾ ਝੂਠਾ ਐਨਕਾਊਂਟਰ ਨਾ ਕਰ ਦਿੱਤਾ ਜਾਵੇ। ਮੁਖਤਾਰ ਨੂੰ ਸੁਤੰਤਰ ਤੇ ਨਿਰਪੱਖ ਟ੍ਰਾਇਲ ਦਾ ਮੌਕਾ ਮਿਲਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਪਟੀਸ਼ਨ ‘ਚ ਇਹ ਵੀ ਕਿਹਾ ਗਿਆ ਹੈ ਕਿ ਮੁਖਤਾਰ ਨੂੰ ਜੇਲ ‘ਚ ਸ਼ਿਫ਼ਟ ਕਰਨ ਸਮੇਂ ਪੂਰੀ ਯਾਤਰਾ ਦੀ ਵੀਡੀਓਗ੍ਰਾਫ਼ੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਮੰਗ ਕੀਤੀ ਗਈ ਹੈ ਕਿ ਮੁਖਤਾਰ ਅੰਸਾਰੀ ਨੂੰ ਰੋਪੜ ਤੋਂ ਬਾਂਦਾ ਭੇਜਣ ਦੀ ਕਾਰਵਾਈ ਕੇਂਦਰੀ ਸੁਰੱਖਿਆ ਬਲਾਂ ਦੇ ਸੁਰੱਖਿਆ ਘੇਰੇ ‘ਚ ਹੋਣੀ ਚਾਹੀਦੀ ਹੈ।
ਦੱਸ ਦਈਏ ਕਿ ਬਾਹੂਬਲੀ ਵਿਧਾਇਕ ਮੁਖਤਾਰ ਅੰਸਾਰੀ ਨੂੰ ਬੰਦਾ ਜੇਲ ਲਿਆਉਣ ਲਈ ਪੁਲਿਸ ਦੀ ਭਾਰੀ ਫ਼ੋਰਸ ਸੋਮਵਾਰ ਸਵੇਰੇ ਪੰਜਾਬ ਲਈ ਰਵਾਨਾ ਹੋ ਗਈ ਸੀ। ਇਸ ਟੀਮ ‘ਚ ਇਕ ਪੀਏਸੀ ਕੰਪਨੀ, ਕਈ ਪੁਲਿਸ ਫ਼ੋਰਸ ਗੱਡੀਆਂ ਅਤੇ ਐਂਬੂਲੈਂਸ ਸ਼ਾਮਲ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਦਿੱਲੀ ਤੋਂ ਆਏ ਇੰਜੀਨੀਅਰਾਂ ਨੇ ਬਾਂਦਾ ਜੇਲ ਦੇ ਸੀਸੀਟੀਵੀ ਕੈਮਰਿਆਂ ਅਤੇ ਜੈਮਰਾਂ ਦੀ ਜਾਂਚ ਕੀਤੀ ਅਤੇ ਇਨ੍ਹਾਂ ‘ਚ ਕਮੀਆਂ ਨੂੰ ਦੂਰ ਕੀਤਾ।
ਰੋਪੜ ਜੇਲ ‘ਚ ਬੰਦ ਹੈ ਮੁਖਤਾਰ ਅੰਸਾਰੀ
ਮੁਖਤਾਰ ਅੰਸਾਰੀ ਇਕ ਮਾਮਲੇ ‘ਚ ਪੰਜਾਬ ਦੀ ਰੋਪੜ ਜੇਲ ‘ਚ ਬੰਦ ਸੀ। ਅੰਸਾਰੀ ਨੂੰ ਲਿਆਉਣ ਲਈ ਯੂਪੀ ਸਰਕਾਰ ਤੇ ਪੰਜਾਬ ਸਰਕਾਰ ਵਿਚਕਾਰ ਸੁਪਰੀਮ ਕੋਰਟ ਤਕ ਮਾਮਲਾ ਚਲਾ ਗਿਆ ਸੀ। ਬੀਤੀ 26 ਮਾਰਚ ਨੂੰ ਸੁਪਰੀਮ ਕੋਰਟ ਨੇ ਫ਼ੈਸਲਾ ਸੁਣਾਉਂਦੇ ਹੋਏ ਮੁਖਤਾਰ ਅੰਸਾਰੀ ਨੂੰ ਉੱਤਰ ਪ੍ਰਦੇਸ਼ ਭੇਜਣ ਦਾ ਆਦੇਸ਼ ਦਿੱਤਾ ਸੀ। ਸੁਪਰੀਮ ਕੋਰਟ ਨੇ ਮੁਖਤਾਰ ਨੂੰ ਦੋ ਹਫ਼ਤਿਆਂ ‘ਚ ਉੱਤਰ ਪ੍ਰਦੇਸ਼ ਭੇਜਣ ਦਾ ਨਿਰਦੇਸ਼ ਦਿੱਤਾ ਸੀ।