*ਮੀਤ ਹੇਅਰ ਵੱਲੋਂ ਪੰਜਾਬ ਦੇ ਯੂਥ ਕਲੱਬਾਂ ਨੂੰ 1.50 ਕਰੋੜ ਰੁਪਏ ਦੀ ਰਾਸ਼ੀ 31 ਦਸੰਬਰ ਤੱਕ ਜਾਰੀ ਕਰਨ ਦੇ ਨਿਰਦੇਸ਼*

0
16

ਚੰਡੀਗੜ੍ਹ, 13 ਦਸੰਬਰ  (ਸਾਰਾ ਯਹਾਂ/ਮੁੱਖ ਸੰਪਾਦਕ): ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਸੂਬੇ ਦੇ ਉਨ੍ਹਾਂ ਸਾਰੇ ਯੂਥ ਕਲੱਬਾਂ ਨੂੰ ਕੁੱਲ 1.50 ਕਰੋੜ ਰੁਪਏ ਦੀ ਰਾਸ਼ੀ 31 ਦਸੰਬਰ ਤੱਕ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਜਿਹੜੇ ਸਮਾਜ ਭਲਾਈ ਦੇ ਕੰਮਾਂ ਅਤੇ ਜਾਗਰੂਕ ਗਤੀਵਿਧੀਆਂ ਚਲਾਉਣ ਵਿਚ ਸਾਰਥਕ ਕੰਮ ਕਰ ਰਹੇ ਹਨ।

    ਆਪਣੇ ਦਫਤਰ ਵਿਚ ਯੁਵਕ ਸੇਵਾਵਾਂ ਵਿਭਾਗ ਦੀ ਸਮੀਖਿਆ ਮੀਟਿੰਗ ਦੌਰਾਨ ਮੀਤ ਹੇਅਰ ਨੇ ਕਿਹਾ ਕਿ ਜਿਹੜੇ ਯੂਥ ਕਲੱਬ ਜ਼ਮੀਨੀ ਪੱਧਰ ‘ਤੇ ਵਧੀਆ ਕੰਮ ਕਰ ਰਹੇ ਹਨ ਉਨ੍ਹਾਂ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਮੋਹਰੀ ਹੋ ਕੇ ਵਿੱਤੀ ਮਦਦ ਕਰ ਰਹੀ ਹੈ। ਉਨ੍ਹਾਂ ਸਮੂਹ ਜ਼ਿਲ੍ਹਾ ਅਧਿਕਾਰੀਆ ਨੂੰ ਨਿਰਦੇਸ਼ ਦਿੱਤੇ ਕਿ 31 ਦਸੰਬਰ, 2023 ਤੱਕ ਯੂਥ ਕਲੱਬਾਂ ਨੂੰ ਵਿੱਤੀ ਰਾਸ਼ੀ ਜਾਰੀ ਕੀਤੀ ਜਾਵੇ।

    ਉਨ੍ਹਾਂ ਅੱਗੇ ਕਿਹਾ ਕਿ ਐਨ.ਐਸ.ਐਸ. ਸਕੀਮ ਅਧੀਨ ਜ਼ਿਲ੍ਹਾ ਪੱਧਰ ‘ਤੇ ਚੱਲ ਰਹੀਆਂ ਇਕਾਈਆਂ ਵਿੱਚ ਵੱਧ ਤੋਂ ਵੱਧ ਸਪੈਸ਼ਲ ਕੈਂਪਾਂ ਦੇ ਟੀਚੇ ਪੂਰੇ ਕੀਤੇ ਜਾਣ। ਇਸ ਮੌਕੇ ਯੁਵਕ ਸੇਵਾਵਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਹੋਰ ਸਕੀਮਾਂ ਸਬੰਧੀ ਉਠਾਏ ਗਏ ਮੁੱਦੇ ਵੀ ਮੀਟਿੰਗ ਵਿੱਚ ਵਿਚਾਰੇ ਗਏ।  ਮੀਤ ਹੇਅਰ ਨੇ ਵਿਭਾਗ ਨੂੰ ਸਮੇਂ ਦੀ ਹਾਣੀ ਬਣਾਉਣ ਲਈ ਸਾਰੀ ਜਾਣਕਾਰੀ ਵੈਬਸਾਈਟ ‘ਤੇ ਅੱਪਲੋਡ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਯੂਥ ਕਲੱਬਾਂ ਨੂੰ ਐਫਲੀਏਟ ਕਰਨ ਸਬੰਧੀ ਸਾਰੀ ਪ੍ਰਕਿਿਰਆ ਵੈੱਬਸਾਈਟ ‘ਤੇ ਹੀ ਹੋਵੇ।

    ਮੀਟਿੰਗ ਵਿਚ ਖੇਡਾਂ ਤੇ ਯੁਵਕ ਸੇਵਾਵਾਂ ਮੰਤਰੀ ਨੇ ਚੰਗੇ ਕੰਮਾਂ ਤੇ ਗਤੀਵਿਧੀਆਂ ਲਈ ਵਿਭਾਗ ਦੀ ਸ਼ਲਾਘਾ ਕੀਤੀ। ਉਨ੍ਹਾਂ ਜ਼ਿਲ੍ਹਾ ਪੱਧਰ ‘ਤੇ ਵਿਭਾਗੀ ਸਕੀਮਾਂ ਨੂੰ ਚਲਾਉਣ ਵਿਚ ਆ ਰਹੀਆਂ ਔਕੜਾਂ ਨੂੰ ਦੂਰ ਕਰਨ ਦਾ ਭਰੋਸਾ ਦਿੱਤਾ।

NO COMMENTS