*ਮਿਸ਼ਨ ਸੌ ਫੀਸਦੀ ਅਤੇ ਨਵੇਂ ਦਾਖਲਿਆਂ ਸਬੰਧੀ ਮਾਨਸਾ ਜ਼ਿਲ੍ਹੇ ‘ਚ ਸਰਗਰਮੀਆਂ ਤੇਜ਼*

0
36

ਮਾਨਸਾ, 17 ਦਸੰਬਰ (ਸਾਰਾ ਯਹਾਂ/ ਜੋਨੀ ਜਿੰਦਲ): : ਮਾਨਸਾ ਜ਼ਿਲ੍ਹੇ ਵਿੱਚ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਭੁਪਿੰਦਰ ਕੌਰ ਨੇ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਮਿਸ਼ਨ ਸੌ ਫੀਸਦੀ ਨਤੀਜਿਆਂ ਅਤੇ ਨਵੇਂ ਦਾਖਲਿਆਂ ਲਈ ਅਧਿਆਪਕਾਂ ਨੂੰ ਹੋਰ ਸਰਗਰਮ ਹੋਣ ਦਾ ਸੱਦਾ ਦਿੱਤਾ, ਤਾਂ ਕਿ ਵਿਦਿਆਰਥੀਆਂ ਦੇ ਚੰਗੇ ਨਤੀਜਿਆਂ ਦੇ ਨਾਲ ਨਾਲ ਸਰਕਾਰੀ ਸਕੂਲਾਂ ‘ਚ ਦਿੱਤੀ ਜਾ ਰਹੀ ਫਰੀ ਸਿੱਖਿਆ ਦਾ ਵੀ ਲੋੜਵੰਦ ਪਰਿਵਾਰ ਫਾਇਦਾ ਲੈ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਸਾਡੇ ਅਧਿਆਪਕ ਬਹੁਤ ਮਿਹਨਤੀ ਅਤੇ ਉੱਚ ਯੋਗਤਾ ਪ੍ਰਾਪਤ ਹਨ, ਜਿਸ ਕਰਕੇ ਲੋੜੀਂਦੇ ਟੀਚਿਆਂ ਦੀ ਜਲਦੀ ਹੀ ਪੂਰਤੀ ਹੋਵੇਗੀ।
         ਡੀਈਓ ਭੁਪਿੰਦਰ ਕੌਰ ਜ਼ਿਲ੍ਹੇ ਵਿੱਚ ਲਗਾਤਾਰ ਤਿੰਨ ਦਿਨਾਂ ਤੋਂ ਮਾਨਸਾ, ਝੁਨੀਰ, ਬੁਢਲਾਡਾ, ਬਰੇਟਾ, ਸਰਦੂਲਗੜ੍ਹ ਬਲਾਕਾਂ ‘ਚ ਸਿੱਖਿਆ ਦੀ ਪ੍ਰਗਤੀ ਲਈ ਕੀਤੀਆਂ ਜਾ ਰਹੀਆਂ ਮੀਟਿੰਗਾਂ ਤਹਿਤ ਸੈਂਟਰ ਹੈੱਡ ਟੀਚਰ ਅਤੇ ਹੈੱਡ ਟੀਚਰਾਂ ਦੀ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ। ਉਹ ਕਿਹਾ ਕਿ ਜ਼ਿਲ੍ਹੇ ਦੇ 295 ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਪੜ੍ਹਾਈ ਅਤੇ ਹੋਰਨਾਂ ਵਿਕਾਸ ਕਾਰਜਾਂ ਦੀ ਯੋਜਨਬੰਦੀ ਲਈ ਬਣਾਏ 34 ਕਲੱਸਟਰ ਮਹੱਤਵਪੂਰਨ ਕੜੀ ਹਨ, ਜਿੰਨਾਂ ਦੀ ਅਗਵਾਈ ਸੈਂਟਰ ਹੈੱਡ ਟੀਚਰ ਕਰ ਰਹੇ ਹਨ,ਜਦੋਂ ਕਿ ਸਕੂਲ ਦੀ ਅਗਵਾਈ ਹੈੱਡ ਟੀਚਰ ਕਰ ਰਹੇ ਹਨ। ਜਿਸ ਕਰਕੇ ਦੋਨਾਂ ਵਿਚਕਾਰ ਵਧੀਆ ਤਾਲਮੇਲ ਤੇ ਯੋਜਨਬੰਦੀ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਸੁਚੱਜੀ ਅਗਵਾਈ ਦੇ ਸਕਦੀ ਹੈ, ਜਿਸ ਕਰਕੇ ਜ਼ਿਲ੍ਹੇ ਭਰ ਇਹ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਮੀਟਿੰਗਾਂ ਦੌਰਾਨ ਪੰਜਵੀਂ ਜਮਾਤ ਦੇ ਮਿਸ਼ਨ ਸੌ ਫੀਸਦੀ ਨਤੀਜਿਆਂ ‘ਤੇ ਵਿਚਾਰ ਵਿਟਾਂਦਰਾ ਕਰਦਿਆਂ ਲੋੜੀਂਦੇ ਸੁਝਾਅ ਵੀ ਲਏ ਗਏ। ਉਨ੍ਹਾਂ ਦੱਸਿਆ ਕਿ ਅਗਲੇ ਦਿਨਾਂ ਦੌਰਾਨ ਸਕੂਲ ਪੱਧਰ ‘ਤੇ ਵਿਸ਼ੇਸ਼ ਪ੍ਰੀਖਿਆ ਲੈ ਕੇ ਮੋਹਰੀ ਬੱਚਿਆਂ ਦੀ ਚੋਣ ਕਰਦਿਆਂ ਉਨ੍ਹਾਂ ‘ਤੇ ਵਿਸ਼ੇਸ਼ ਟਾਰਗੇਟ ਕੀਤਾ ਜਾਵੇਗਾ, ਇਸ ਤੋਂ ਇਲਾਵਾ ਪੜ੍ਹਾਈ ‘ਚ ਕਮਜ਼ੋਰ ਬੱਚਿਆਂ ‘ਤੇ ਵੱਖਰੇ ਤੌਰ ‘ਤੇ ਫੋਕਸ ਕੀਤਾ ਜਾਵੇਗਾ। ਮੀਟਿੰਗਾਂ ਦੌਰਾਨ ਡਾਇਟ ਪ੍ਰਿੰਸੀਪਲ ਡਾ ਬੂਟਾ ਸਿੰਘ, ਸਿੱਖਿਆ ਸੁਧਾਰ ਟੀਮ ਦੇ ਇੰਚਾਰਜ਼ ਪ੍ਰਿੰਸੀਪਲ ਪਰਮਜੀਤ ਸਿੰਘ ਬਲਾਕ ਸਿੱਖਿਆ ਅਫ਼ਸਰ ਅਮਨਦੀਪ ਸਿੰਘ, ਲਖਵਿੰਦਰ ਸਿੰਘ ਨੇ ਪੜ੍ਹਾਈ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਵੱਖ ਵੱਖ ਨੁਕਤਿਆਂ ‘ਤੇ ਚਰਚਾ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਸਰਕਾਰੀ ਸਕੂਲਾਂ ‘ਚ ਹੋ ਰਹੇ ਚੰਗੇ ਕਾਰਜ਼ਾਂ ਨੂੰ ਮਾਪਿਆਂ ਨਾਲ ਸਾਂਝਾ ਕਰਨ ਦੀ ਅਪੀਲ ਕੀਤੀ। ਵੱਖ ਵੱਖ ਮੀਟਿੰਗਾਂ ਨੂੰ ਪੜ੍ਹੋ ਪੰਜਾਬ ਟੀਮ ਦੇ ਜ਼ਿਲ੍ਹਾ ਕੋਆਰਡੀਨੇਟਰ ਗੁਰਨੈਬ ਸਿੰਘ, ਸਹਾਇਕ ਕੋਆਰਡੀਨੇਟਰ ਗਗਨ ਸ਼ਰਮਾਂ, ਬਲਾਕ ਇੰਚਾਰਜ਼ ਅੰਗਰੇਜ਼ ਸਿੰਘ ਸਰਦੂਲਗੜ੍ਹ, ਹਰਮੀਤ ਸਿੰਘ ਬਰੇਟਾ, ਕਸ਼ਮੀਰ ਸਿੰਘ ਬੁਢਲਾਡਾ, ਸੁਖਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਉੱਧਰ ਈਟੀਟੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਰਾਜੇਸ਼ ਕੁਮਾਰ ਬੁਢਲਾਡਾ ਨੇ ਵਿਸ਼ਵਾਸ਼ ਦਿਖਾਇਆ ਕਿ ਉਨ੍ਹਾਂ ਵੱਲੋਂ ਨਵੇਂ ਆਏ ਜ਼ਿਲ੍ਹਾ ਸਿੱਖਿਆ ਅਫ਼ਸਰ ਨੂੰ ਹਰ ਤਰ੍ਹਾਂ ਨਾਲ ਪੂਰਨ ਸਹਿਯੋਗ ਦੇ ਕੇ ਮਾਨਸਾ ਜ਼ਿਲ੍ਹੇ ਨੂੰ ਸੂਬੇ ਭਰ ਦੀਆਂ ਅਗਲੇਰੀਆਂ ਕਤਾਰਾਂ ਵਿੱਚ ਲਿਆਂਦਾ ਜਾਵੇਗਾ।

NO COMMENTS