–ਮਿਸ਼ਨ ਫਤਿਹ ਤਹਿਤ ਮਹੀਨਾਵਾਰ ਸਾਇਕਲ ਰਾਈਡ ਸ਼ੁਰੂ

0
52

ਮਾਨਸਾ, 01 ਜੁਲਾਈ (ਸਾਰਾ ਯਹਾ /ਬਲਜੀਤ ਸ਼ਰਮਾ) ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਵਲੋਂ ਕੌਮੀ ਡਾਕਟਰ ਦਿਵਸ ਮੌਕੇ ਸਰਕਾਰ ਵੱਲੋਂ ਲੋਕਾਂ ਨੂੰ ਕਰੋਨਾ ਦੀ ਬੀਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਚਲਾਏ ਜਾ ਰਹੇ ਮਿਸ਼ਨ ਫਤਿਹ ਤਹਿਤ ਮਹੀਨਾ ਵਾਰ ਸਾਇਕਲ ਰਾਈਡ ਸ਼ੁਰੂ ਕੀਤੀ ਗਈ। ਇਹ ਜਾਣਕਾਰੀ ਦਿੰਦਿਆਂ ਇਸ ਪ੍ਰੋਜੈਕਟ ਦੇ ਚੇਅਰਮੈਨ ਨਰਿੰਦਰ ਗੁਪਤਾ ਅਤੇ ਸੰਜੀਵ ਮਾਸਟਰ ਨੇ ਦੱਸਿਆ ਕਿ ਇਹ ਸਾਇਕਲ ਰਾਈਡ 1 ਜੁਲਾਈ ਤੋਂ 31 ਜੁਲਾਈ 2020 ਤੱਕ ਹੋਵੇਗੀ ਅਤੇ ਇਸ ਵਿੱਚ ਹਿੱਸਾ ਲੈਣ ਵਾਲੇ 45 ਮੈਂਬਰ ਹਰ ਰੋਜ਼ ਘੱਟੋ ਘੱਟ 20 ਕਿਲੋਮੀਟਰ ਅਤੇ ਵੱਧ ਤੋਂ ਵੱਧ 60 ਕਿਲੋਮੀਟਰ ਸਾਇਕਲ ਚਲਾਉਂਦਿਆਂ ਲੋਕਾਂ ਨੂੰ ਕੋਵਿਡ 19 ਦੀ ਬੀਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਲਈ ਪ੍ਰੇਰਿਤ ਕਰਨਗੇ।
ਇਸ ਮੌਕੇ ਇਸ ਰਾਈਡ ਨੂੰ ਰਸਮੀ ਤੌਰ ਤੇ ਹਰੀ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਸ਼ਹਿਰ ਦੇ ਉੱਘੇ ਸਰਜਨ ਡਾਕਟਰ ਟੀ.ਪੀ.ਐਸ.ਰੇਖੀ ਅਤੇ ਐਮ.ਡੀ.ਮੈਡੀਸਨ ਡਾਕਟਰ ਜਨਕ ਰਾਜ ਸਿੰਗਲਾ ਨੇ ਅਦਾ ਕੀਤੀ।
ਡਾਕਟਰ ਜਨਕ ਰਾਜ ਸਿੰਗਲਾ ਨੇ ਕਿਹਾ ਕਿ ਇਸ ਬੀਮਾਰੀ ਤੋਂ ਬਚਾਅ ਲਈ ਜਰੂਰੀ ਹੈ ਕਿ ਸਰਕਾਰ ਦੇ ਸਿਹਤ ਵਿਭਾਗ ਵਲੋਂ ਸਮੇਂ ਸਮੇਂ ਤੇ ਜਾਰੀ ਕੀਤੇ ਜਾਂਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ ਅਤੇ ਇਸ ਬਿਮਾਰੀ ਦੇ ਲੱਛਣ ਦਿੱਸਣ ਦੀ ਹਾਲਤ ਵਿੱਚ ਤੁਰੰਤ ਸਿਹਤ ਕੇਂਦਰਾਂ ਨਾਲ ਸੰਪਰਕ ਕੀਤਾ ਜਾਵੇ।
ਡਾਕਟਰ ਟੀ.ਪੀ.ਐਸ. ਰੇਖੀ ਨੇ ਮਾਨਸਾ ਸਾਇਕਲ ਗਰੁੱਪ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹਰੇਕ ਇਨਸਾਨ ਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ ਅਤੇ ਮਾਸਕ ਪਹਿਣ ਕੇ ਰੱਖਣ ਦੇ ਨਾਲ ਨਾਲ ਇੱਕ ਦੂਜੇ ਤੋਂ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਸੰਜੀਵ ਪਿੰਕਾ ਅਤੇ ਬਿੰਨੂ ਗਰਗ ਨੇ ਕੌਮੀ ਡਾਕਟਰ ਦਿਵਸ ਦੀ ਵਧਾਈ ਦਿੰਦਿਆਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਡਾਕਟਰ ਸਿੰਗਲਾ ਅਤੇ ਡਾਕਟਰ ਰੇਖੀ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਦੱਸਿਆ ਕਿ ਇਸ ਰਾਈਡ ਵਿੱਚ ਬੱਚੇ ਅਤੇ ਔਰਤਾਂ ਵੀ ਹਿੱਸਾ ਲੈ ਰਹੀਆਂ ਹਨ ਅਤੇ ਇਸ ਰਾਈਡ ਦਾ ਮਕਸਦ ਲੋਕਾਂ ਨੂੰ ਕੋਵਿਡ-19 ਦੀ ਬਿਮਾਰੀ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਨਾਲ ਸਾਇਕਲਿੰਗ ਲਈ ਪ੍ਰੇਰਿਤ ਕਰਨਾ ਵੀ ਹੈ।
ਇਸ ਮੌਕੇ ਪ੍ਰਮੋਦ ਬਾਗਲਾ,ਦੀਪਕ ਕੁਮਾਰ,ਚਿਰਾਗ,ਵਿਨੋਦ ਬਾਂਸਲ,ਬਲਜੀਤ ਕੜਵਲ,ਲੋਕ ਰਾਮ,ਡਾਕਟਰ ਅਮਰੀਕ,ਸੀਮਾ ਗੁਪਤਾ,ਸਰਬਜੀਤ ਕੌਰ,ਮੀਨਾ ਸੇਠੀ,ਸੋਨੀਆ ਬਾਂਸਲ,ਹੇਮਾ ਗੁਪਤਾ,ਸਮਰ ਸ਼ਰਮਾਂ,ਯੋਗਅ ਗੁਪਤਾ,ਤਨਵੈ ਗੁਪਤਾ ਸਮੇਤ ਮੈਂਬਰ ਹਾਜਰ ਸਨ।

NO COMMENTS