ਚੰਡੀਗੜ, 21 ਅਗਸਤ (ਸਾਰਾ ਯਹਾ, ਬਲਜੀਤ ਸ਼ਰਮਾ) :ਪੰਜਾਬ ਸਿਵਲ ਸਰਵਿਸਿਜ਼ (ਪੀ.ਸੀ.ਐਸ) ਅਾਫੀਸਰਜ਼ ਐਸੋਸੀਏਸ਼ਨ ਨੇ ਮਤਾ ਪਾਸ ਕੀਤਾ ਹੈ ਕਿ ਕੋਵਿਡ-19 ਨੂੰ ਮਾਤ ਦੇਣ ਵਾਲੇ ਪੀਸੀਐਸ ਅਫਸਰ ਗੰਭੀਰ ਮਰੀਜ਼ਾਂ ਦੀ ਜਲਦੀ ਤੰਦਰੁਸਤੀ ਲਈ ਮਿਸ਼ਨ ਫਤਿਹ ਤਹਿਤ ਪਲਾਜ਼ਮਾ ਦਾਨ ਕਰਨਗੇ। ਐਸੋਸੀਏਸ਼ਨ ਵੱਲੋਂ ਮੁੱਖ ਸਕੱਤਰ, ਪੰਜਾਬ ਵਿਨੀ ਮਹਾਜਨ ਨੂੰ ਇੱਕ ਪੱਤਰ ਲਿਖਿਆ ਹੈ, ਜਿਸ ਵਿੱਚ ਇਨਫੈਕਸ਼ਨ ਤੋਂ ਉੱਭਰ ਚੁੱਕੇ ਅਤੇ ਪਲਾਜ਼ਮਾ ਦਾਨ ਕਰਨ ਦੇ ਚਾਹਵਾਨ ਅਧਿਕਾਰੀਆਂ ਦੇ ਨਾਮ ਦਿੱਤੇ ਗਏ ਹਨ।
ਐਸੋਸੀਏਸ਼ਨ ਦੀ ਇਸ ਲੋਕਪੱਖੀ ਅਪੀਲ ਉਤੇ ਐਸ.ਏ.ਐਸ.ਨਗਰ (ਮੁਹਾਲੀ) ਦੇ ਐਸ.ਡੀ.ਐਮ. ਸ੍ਰੀ ਜਗਦੀਪ ਸਹਿਗਲ, ਜਿਨ੍ਹਾਂ ਨੇ ਹਾਲ ਹੀ ਵਿੱਚ ਕੋਵਿਡ-19 ਨੂੰ ਮਾਤ ਦਿੱਤੀ ਹੈ, ਨੇ ਕੋਰੋਨਾ ਨਾਲ ਜੂਝ ਰਹੇ ਡੀ.ਐੱਸ.ਪੀ. (ਖਰੜ ) ਸ੍ਰੀ ਪਾਲ ਸਿੰਘ ਨੂੰ ਵੀਰਵਾਰ ਨੂੰ ਪਲਾਜ਼ਮਾ ਦਾਨ ਕੀਤਾ।
ਪੀ.ਸੀ.ਐਸ ਆਫੀਸਰਜ਼ ਐਸੋਸੀਏਸਸ਼ਨ ਦੇ ਪ੍ਰਧਾਨ ਸ੍ਰੀ ਰਾਜੀਵ ਕੁਮਾਰ ਗੁਪਤਾ ਨੇ ਕੋਰੋਨਾ ਨੂੰ ਮਾਤ ਦੇਣ ਵਾਲਿਆਂ ਨੂੰ ਇਸ ਘਾਤਕ ਬਿਮਾਰੀ ਤੋਂ ਕੀਮਤੀ ਜਾਨਾਂ ਬਚਾਉਣ ਲਈ ਪਲਾਜ਼ਮਾ ਦਾਨ ਕਰਨ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਮਤਾ ਪਾਸ ਕੀਤਾ ਗਿਆ ਹੈ ਤਾਂ ਜੋ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਸਰਕਾਰ ਦੀ ਮਦਦ ਤੋਂ ਇਲਾਵਾ ਇਸ ਬਿਮਾਰੀ ਤੋਂ ਪੀੜਤ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ।
ਸ੍ਰੀ ਗੁਪਤਾ ਨੇ ਅੱਗੇ ਦੱਸਿਆ ਕਿ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਟੀ.ਪੀ.ਐਸ ਸੰਧੂ, ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾ: ਰਜਤ ਓਬਰਾਏ, ਸ੍ਰੀ ਸਕੱਤਰ ਸਿੰਘ ਬੱਲ, ਮੇਜਰ ਅਮਿਤ ਮਹਾਜਨ, ਸ੍ਰੀ ਗੁਰਵਿੰਦਰ ਸਿੰਘ ਜੌਹਲ, ਸ੍ਰੀ ਦੀਪਾਂਕਰ ਗਰਗ ਅਤੇ ਸ੍ਰੀ ਪਵਿੱਤਰ ਸਿੰਘ, ਜਿਨਾਂ ਨੇ ਕੋਵਿਡ -19 ਨੂੰ ਸਫਲਤਾਪੂਰਵਕ ਹਰਾਇਆ ਹੈ, ਨੇ ਗੰਭੀਰ ਹਾਲਤ ਵਾਲੇ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਦਾਨ ਕਰਨ ਦੀ ਪੇਸ਼ਕਸ਼ ਕੀਤੀ ਹੈ।
ਇਨ੍ਹਾਂ ਅਧਿਕਾਰੀਆਂ ਦੀ ਇਸ ਪਹਿਲਕਦਮੀ ਦੀ ਸ਼ਲਾਘਾ ਕਰਦਿਆਂ ਸ੍ਰੀਮਤੀ ਵਿਨੀ ਮਹਾਜਨ ਨੇ ਕਿਹਾ ਕਿ ਕੋਰੋਨਾ ਨੂੰ ਹਰਾਉਣ ਵਾਲੇ ਇਹ ਅਧਿਕਾਰੀ ਹੋਰ ਲੋਕਾਂ ਨੂੰ ਵੀ ਕੋਵਿਡ -19 ਨਾਲ ਜੂਝ ਰਹੇ ਲੋਕਾਂ ਦੀ ਮਦਦ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕਰਨਗੇ।———-