*ਮਿਲਕਫੈਡ ਵਲੋਂ ਦੁੱਧ ਦੇ ਖਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ: ਹਰਪਾਲ ਸਿੰਘ ਚੀਮਾ*

0
42

ਚੰਡੀਗੜ੍ਹ, 21 ਮਈ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਵਿੱਚ ਡੇਅਰੀ ਧੰਦੇ ਨਾਲ ਜੁੜੇ ਦੁੱਧ ਉਤਪਾਦਕਾਂ ਨੂੰ ਲਗਾਤਾਰ ਵੱਧ ਰਹੀਆਂ ਪਸ਼ੂ ਖੁਰਾਕ ਦੀਆਂ ਕੀਮਤਾਂ ਅਤੇ ਹੋਰ ਲਾਗਤਾਂ ਵਿੱਚ ਹੋ ਰਹੇ ਵਾਧੇ ਨਾਲ ਨਜਿੱਠਣ ਲਈ ਮਿਲਕਫੈਡ ਵਲੋਂ 21 ਮਈ, 2022 ਤੋਂ ਦੁੱਧ ਦੇ ਖਰੀਦ ਭਾਅ ਵਿੱਚ 20 ਰੁਪਏ ਪ੍ਰਤੀ ਕਿੱਲੋ ਫੈਟ ਦੇ ਹਿਸਾਬ ਨਾਲ ਵਾਧਾ ਕਰ ਦਿੱਤਾ ਗਿਆ ਹੈ । ਇਸ ਫੈਸਲੇ ਨਾਲ ਗਾਂ ਦੇ ਦੁੱਧ ‘ਤੇ ਤਕਰੀਬਨ ਇਕ ਰੁਪਏ ਪ੍ਰਤੀ ਕਿੱਲੋ ਅਤੇ ਮੱਝ ਦੇ ਦੁੱਧ ‘ਤੇ 1.40 ਰੁਪਏ ਪ੍ਰਤੀ ਕਿੱਲੋ ਦਾ ਵਾਧਾ ਹੋਵੇਗਾ।  

ਇਸ ਫੈਸਲੇ ਸਬੰਧੀ ਜਾਣਕਾਰੀ ਦਿੰਦਿਆਂ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਦੁੱਧ ਉਤਪਾਦਕਾਂ ਅਤੇ ਖਪਤਕਾਰਾਂ ਦੇ ਹਿੱਤਾਂ ਲਈ ਹੋਰ ਵੀ ਠੋਸ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਮਿਲਕਫੈਡ ਵਲੋਂ ਦੁੱਧ ਉਤਪਾਦਕਾਂ ਨੂੰ ਹਮੇਸ਼ਾਂ ਦੁੱਧ ਦੀਆਂ ਉੱਚੀਆਂ ਖਰੀਦ ਕੀਮਤਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ, ਖਾਸ ਕਰਕੇ ਕੋਵਿਡ ਮਹਾਂਮਾਰੀ ਦੇ ਸਮੇਂ ਦੌਰਾਨ ਜਦੋਂ ਪ੍ਰਾਈਵੇਟ ਖਰੀਦਦਾਰਾਂ ਨੇ ਦੁੱਧ ਖਰੀਦਣਾ ਬੰਦ ਕਰ ਦਿੱਤਾ ਸੀ ਅਤੇ ਦੁੱਧ ਦੇ ਭਾਅ ਘਟਾ ਦਿੱਤੇ ਸਨ ਤਾਂ ਮਿਲਕਫੈਡ ਨੇ ਆਪਣੇ ਸੀਮਤ ਸਾਧਨਾਂ ਦੇ ਬਾਵਜੂਦ ਵੀ ਦੁੱਧ ਉਤਪਾਦਕਾਂ ਨੂੰ ਵਾਜਿਬ ਦੁੱਧ ਖਰੀਦ ਰੇਟ ਦਿੱਤੇ ।

ਸਹਿਕਾਰਤਾ ਮੰਤਰੀ ਨੇ ਸਮੂਹ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਗਰਮੀ ਦੇ ਇਸ ਮੌਕੇ ਵੇਰਕਾ ਦੀਆਂ ਸਭਾਵਾਂ ਵਿੱਚ ਵੱਧ ਤੋਂ ਵੱਧ ਦੁੱਧ ਪਾ ਕੇ ਇਨ੍ਹਾਂ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਵੇਰਕਾ ਨੂੰ ਵੱਧ ਤੋਂ ਵੱਧ ਦੁੱਧ ਮਿਲ ਸਕੇ ਅਤੇ ਵੱਧ ਮੁਨਾਫਾ ਹੋਵੇ ਤਾਂ ਜੋ ਦੁੱਧ ਉਤਪਾਦਕਾਂ ਦੀ ਆਰਥਿਕ ਹਾਲਤ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ।

ਮਿਲਕਫੈਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਦੱਸਿਆ ਕਿ ਮਿਲਕਫੈਡ ਪੰਜਾਬ ਵਲੋਂ ਪਹਿਲਾਂ ਵੀ 1 ਮਾਰਚ 2022 ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ, 1 ਅਪ੍ਰੈਲ 2022 ਨੂੰ 20 ਰੁਪਏ ਪ੍ਰਤੀ ਕਿੱਲੋ ਫੈਟ ਅਤੇ 21 ਅਪ੍ਰੈਲ 2022 ਨੂੰ ਦੁੱਧ ਦੀ ਖਰੀਦ ਕੀਮਤਾਂ ਵਿੱਚ 10 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਸੀ।  ਹੁਣ ਵਧਾਏ 20 ਰੁਪਏ ਦੇ ਹਿਸਾਬ ਨਾਲ ਕਰੀਬ ਢਾਈ ਮਹੀਨੇ ਵਿਚ ਹੀ ਕੁੱਲ 70 ਰੁਪਏ ਪ੍ਰਤੀ ਕਿੱਲੋ ਫੈਟ ਦਾ ਵਾਧਾ ਕੀਤਾ ਜਾ ਚੁੱਕਾ ਹੈ।

ਉਨ੍ਹਾਂ ਦੱਸਿਆ ਕਿ ਦੁੱਧ ਉਤਪਾਦਕਾਂ ਤੋਂ ਖਰੀਦੇ ਗਏ ਉੱਤਮ ਗੁਣਵੱਤਾ ਦੇ ਦੁੱਧ ਨੂੰ ਵੱਖ-ਵੱਖ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਬਦਲਿਆ ਜਾਂਦਾ ਹੈ ਅਤੇ ਖਪਤਕਾਰਾਂ ਦੀ ਲੋੜ ਮੁਤਾਬਕ ਬਾਜ਼ਾਰ ਵਿੱਚ ਵੇਚਿਆ ਜਾਂਦਾ ਹੈ। ਇਸ ਤਰ੍ਹਾਂ ਪੈਦਾ ਹੋਏ ਮਾਲੀਏ ਦਾ ਤਕਰੀਬਨ 80 ਫੀਸਦੀ ਕੀਮਤ ਅਤੇ ਵੱਖ-ਵੱਖ ਸੇਵਾਵਾਂ, ਸਬਸਿਡੀ ਆਦਿ ਦੇ ਰੂਪ ਵਿੱਚ ਦੁੱਧ ਉਤਪਾਦਕਾਂ ਨੂੰ ਵਾਪਸ ਕਰ ਦਿੱਤਾ ਜਾਂਦਾ ਹੈ।  ਇਸ ਤੋਂ ਇਲਾਵਾ ਵੇਰਕਾ ਆਪਣੇ ਖਪਤਕਾਰਾਂ ਨੂੰ ਲਗਾਤਾਰ ਉੱਤਮ ਗੁਣਵੱਤਾ ਦੇ ਦੁੱਧ ਪਦਾਰਥ ਮੁਹੱਈਆ ਕਰਾਉਣ ਲਈ ਵੀ ਵਚਨਬੱਧ ਹੈ।

————

NO COMMENTS