ਮਾਲ ਮੰਤਰੀ ਨੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪੇ

0
52

ਚੰਡੀਗੜ੍ਹ, 30 ਜੂਨ (ਸਾਰਾ ਯਹਾ /ਬਲਜੀਤ ਸ਼ਰਮਾ)  : ਆਪਣੀਆਂ ਜਾਨਾਂ ਵਾਰ ਕੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਸ਼ਹੀਦਾਂ ਦੇ ਅਸੀਂ ਹਮੇਸ਼ਾ ਕਰਜ਼ਦਾਰ ਰਹਾਂਗੇ। ਇਹ ਗੱਲ ਮਾਲ, ਮੁੜ ਵਸੇਬਾ ਅਤੇ ਆਫਤ ਪ੍ਰਬੰਧਨ ਮੰਤਰੀ ਸ. ਗੁਰਪ੍ਰੀਤ ਸਿੰਘ ਕਾਂਗੜ ਨੇ ਅੱਜ ਸੈਕਟਰ-39, ਚੰਡੀਗੜ੍ਹ ਵਿਖੇ ਸਥਿਤ ਆਪਣੀ ਰਿਹਾਇਸ਼ ਵਿਖੇ ਤਿੰਨ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਯੁਕਤੀ ਪੱਤਰ ਸੌਂਪਣ ਉਪਰੰਤ ਕਹੀ।

        ਮਾਲ ਮੰਤਰੀ ਨੇ ਮੇਜਰ ਰਵੀ ਇੰਦਰ ਸਿੰਘ ਸੰਧੂ, ਜੋ ਯੂ.ਐਨ. ਸ਼ਾਂਤੀ ਮਿਸ਼ਨ, ਦੱਖਣੀ ਸੂਡਾਨ ਵਿੱਚ ਮਿਤੀ 6 ਨਵੰਬਰ, 2019 ਨੂੰ ਡਿਊਟੀ ਨਿਭਾਉਂਦਿਆਂ ਸ਼ਹੀਦ ਹੋ ਗਏ ਸਨ, ਦੀ ਪਤਨੀ ਸ਼੍ਰੀਮਤੀ ਤਨਵੀਰ ਕੌਰ ਵਾਸੀ ਬਠਿੰਡਾ ਅਤੇ ਸ਼ਹੀਦ ਇੰਸਪੈਕਟਰ-ਕਮ ਕੰਪਨੀ ਕਮਾਂਡਰ, ਰਘਵੀਰ ਸਿੰਘ, ਸੀ.ਆਰ.ਪੀ.ਐਫ-74 ਬਟਾਲੀਅਨ, ਜੋ ਜ਼ਿਲ੍ਹਾ ਸੁਕਮਾ (ਛੱਤੀਸਗੜ੍ਹ) ਵਿਖੇ 24 ਅਪਰੈਲ 2017 ਨੂੰ ਨਕਸਲਵਾਦੀਆਂ ਨਾਲ ਮੁਕਾਬਲਾ ਕਰਦੇ ਹੋਏ ਸ਼ਹਾਦਤ ਦਾ ਜਾਮ ਪੀ ਗਏ ਸਨ, ਦੇ ਪੁੱਤਰ ਸ਼੍ਰੀ ਅੰਮਿ੍ਰਤਬੀਰ ਸਿੰਘ ਵਾਸੀ ਅੰਮਿ੍ਰਤਸਰ, ਇਨ੍ਹਾਂ ਦੋਵਾਂ ਨੂੰ ਮਾਲ ਵਿਭਾਗ ਵਿੱਚ ਤਹਿਸੀਲਦਾਰ ਵਜੋਂ ਭਰਤੀ ਸਬੰਧੀ ਨਿਯੁਕਤੀ ਪੱਤਰ ਸੌਂਪੇ ਜਦਕਿ ਸ਼ਹੀਦ ਨਾਇਕ ਮਨਿੰਦਰ ਸਿੰਘ, 3-ਪੰਜਾਬ ਰੈਜਮੈਂਟ, ਜੋ ਮਿਤੀ 19 ਨਵੰਬਰ 2019 ਨੂੰ ਲੇਹ ਲਦਾਖ ਵਿਖੇ ਬਰਫ ਦੇ ਤੌਦੇ ਹੇਠਾਂ ਦਬਣ ਕਾਰਨ ਸ਼ਹੀਦ ਹੋ ਗਏ ਸਨ, ਦੀ ਪਤਨੀ ਸ਼੍ਰੀਮਤੀ ਅਕਵਿੰਦਰ ਕੌਰ ਵਾਸੀ ਅੰਮਿ੍ਰਤਸਰ ਨੂੰ ਨਾਇਬ ਤਹਿਸੀਲਦਾਰ ਵਜੋਂ ਭਰਤੀ ਸਬੰਧੀ ਨਿਯੁਕਤੀ ਪੱਤਰ ਦਿੱਤਾ।

        ਸ. ਕਾਂਗੜ ਨੇ ਇਸ ਮੌਕੇ ਪੰਜਾਬ ਸਰਕਾਰ ਦੀ ਸ਼ਹੀਦਾਂ ਦੇ ਪਰਿਵਾਰਾਂ ਦੀ ਭਲਾਈ ਲਈ ਵਚਨਬੱਧਤਾ ਨੂੰ ਦਹੁਰਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਅਤੇ ਸਹਿਯੋਗ ਲਈ ਪ੍ਰਤੀਬੱਧ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਆਪਣੇ ਮਹਾਨ ਸਪੂਤਾਂ ਉਤੇ ਮਾਣ ਹੈ, ਜਿਨ੍ਹਾਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਦਿਆਂ ਆਪਣਾ ਬਲੀਦਾਨ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਦੇਸ਼ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਜਵਾਨਾਂ ਲਈ ਐਕਸਗ੍ਰੇਸ਼ੀਆ ਰਾਸ਼ੀ ਹਾਲ ਹੀ ਵਿੱਚ ਵਧਾ ਕੇ 10 ਲੱਖ ਰੁਪਏ ਤੋਂ 50 ਲੱਖ ਰੁਪਏ ਕਰ ਦਿੱਤੀ ਹੈ।

        ਇਸ ਮੌਕੇ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ਼੍ਰੀ ਵਿਸ਼ਵਾਜੀਤ ਖੰਨਾ ਅਤੇ ਸਕੱਤਰ ਸ਼੍ਰੀ ਮਨਵੇਸ਼ ਸਿੰਘ ਸਿੱਧੂ ਵੀ ਮੌਜੂਦ ਸਨ।

NO COMMENTS