ਬਰੇਟਾ 11,ਦਸੰਬਰ (ਸਾਰਾ ਯਹਾ /ਰੀਤਵਾਲ) ਸਥਾਨਕ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਲਈ ਪਹਿਲਾਂ ਹੀ ਬਰੇਟਾ ਦੇ ਰੇਲਵੇ ਫਾਟਕ ਬਹੁਤ ਵੱਡੀ
ਸਮੱਸਿਆ ਬਣੇ ਹੋਏ ਹਨ । ਇਸ ਤੋਂ ਇਲਾਵਾ ਹੁਣ ਬਰੇਟਾ ਪਿੰਡ ਦੇ ਲੋਕਾਂ ਲਈ ਇੱਕ ਹੋਰ ਵੱਡੀ ਸਮੱਸਿਆ
ਬਰੇਟਾ ਪਿੰਡ ਵਾਲੇ ਪਾਸੇ ਪਾਈ ਗਈ ਰੇਲ ਲਾਇਨ ਬਣੀ ਹੋਈ ਹੈ । ਜਿਸਤੇ ਵਿਭਾਗ ਵੱਲੋਂ ਆਏ ਦਿਨ ਕੋਈ
ਨਾ ਕੋਈ ਰੇਲ ਗੱਡੀ ਖੜਾਅ ਦਿੱਤੀ ਜਾਂਦੀ ਹੈ ਅਤੇ ਜਿਸਨੂੰ ਕਈ ਕਈ ਦਿਨ ਚਲਾਉਣ ਦਾ ਨਾਮ ਨਹੀਂ ਲਿਆ
ਜਾਂਦਾ । ਇਸੇ ਤਰਾਂ੍ਹ ਕਰੀਬ ਪਿਛਲੇ ਦਸ ਦਿਨਾਂ ਤੋਂ ਇਸ ਲਾਇਨ ਤੇ ਖੜ੍ਹੀ ਕੀਤੀ ਗਈ ਟਰੇਨ ਨੂੰ ਲੋਕਾਂ
ਵੱਲੋਂ ਗੁਹਾਰ ਲਗਾਉਣ ਤੇ ਵੀ ਵਿਭਾਗ ਵੱਲੋਂ ਇਸਨੂੰ ਇੱਥੋਂ ਚਲਾਉਣ ਦਾ ਨਾਮ ਨਹੀਂ ਲਿਆ ਜਾ ਰਿਹਾ
ਹੈ । ਜਿਸਨੂੰ ਦੇਖਕੇ ਜਾਪਦਾ ਹੈ ਕਿ ਵਿਭਾਗ ਹਾਲੇ ਕਿਸੇ ਹਾਦਸੇ ਦੀ ਉਡੀਕ ‘ਚ ਹੈ । ਇਸ ਸਬੰਧੀ ਪਿੰਡ
ਵਾਸੀਆਂ ਅਤੇ ਕੌਸਲਰ ਸੁਮੇਸ਼ ਬਾਲੀ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਤੇ ਬਣਿਆ ਪੁੱਲ ਪਲੇਟ ਫਾਰਮ
ਨੰਬਰ ਇੱਕ ਤੋਂ ਪਲੇਟ ਫਾਰਮ ਨੰਬਰ ਦੋ ਤੱਕ ਬਣਿਆ ਹੋਇਆ ਹੈ । ਜਿਸ ਕਰਕੇ ਪਿੰਡ ਵਾਸੀਆਂ ਨੂੰ
ਮਜਬੂਰਨ ਖੜੀ੍ਹ ਕੀਤੀ ਗਈ ਟਰੇਨ ਦੇ ਹੇਠਾਂ ਦੀ ਲੰਘਣਾ ਪੈਦਾ ਹੈ । ਜਿਸ ਨੂੰ ਲੈ ਕੇ ਹਰ ਸਮੇਂ ਕਿਸੇ
ਹਾਦਸੇ ਵਾਪਰਨ ਦਾ ਖੌਫ ਬਣਿਆ ਰਹਿੰਦਾ ਹੈ । ਉਨ੍ਹਾਂ ਦੱਸਿਆ ਕਿ ਇਸ ਰੇਲ ਗੱਡੀ ਦੇ ਥੱਲੋਂ ਦੀ
ਨੌਜਵਾਨ ਵਰਗ ਤਾਂ ਲੰਘ ਜਾਂਦੇ ਹਨ ਪਰ ਬਜ਼ੁਰਗ ਅਤੇ ਬਿਮਾਰ ਵਿਅਕਤੀ ਬਾਜ਼ਾਰ ਵੱਲ ਜਾਣ ਦੀ ਥਾਂ ਮੁੜ
ਆਪਣੇ ਘਰ ਵੱਲ ਹੀ ਪਰਤ ਜਾਂਦੇ ਹਨ ਜਾਂ ਫਿਰ ਉਹ ਮਜਬੂਰਨ ਲੰਮਾ ਗੇੜ ਪਾ ਕੇ ਫਾਟਕ ਦੇ ਉੱਪਰ ਦੀ ਹੋ ਕੇ
ਬਾਜ਼ਾਰ ਅਤੇ ਪਿੰਡ ਵੱਲ ਨੂੰ ਆਉਂਦੇ ਹਨ । ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਇਸ ਲਾਇਨ ਤੇ
ਖੜ੍ਹੀ ਕੀਤੀ ਗਈ ਇਸ ਰੇਲ ਗੱਡੀ ਦਾ ਕੁਝ ਨਸ਼ੇੜੀ ਕਿਸਮ ਦੇ ਨੌਜਵਾਨ ਵੀ ਖੂਬ ਲਾਹਾ ਲੈਂਦੇ ਹਨ । ਇਸ
ਸਮੱਸਿਆ ਨੂੰ ਲੈ ਕੇ ਪਿੰਡ ਵਾਸੀ ਲੰਮੇ ਸਮੇਂ ਤੋਂ ਰੇਲਵੇ ਵਿਭਾਗ ਤੋਂ ਮੰਗ ਕਰਦੇ ਆ ਰਹੇ ਹਨ ਕਿ
ਜਾਂ ਤਾਂ ਪੁਲ ਨੂੰ ਅਗਲੇ ਪਲੇਟ ਫਾਰਮ ਤੱਕ ਵਧਾਇਆ ਜਾਵੇ ਜਾਂ ਫਿਰ ਇਸ ਲਾਇਨ ਤੇ ਖੜ੍ਹੀ ਕੀਤੀ ਜਾਂਦੀ ਰੇਲ
ਗੱਡੀ ਦਾ ਠਹਿਰਾਓ ਘੱਟ ਸਮੇਂ ਲਈ ਕੀਤਾ ਜਾਵੇ ਪਰ ਉਨ੍ਹਾਂ ਦੀ ਇਸ ਮੰਗ ਨੂੰ ਵਿਭਾਗ ਨੇ ਹਮੇਸ਼ਾ
ਸਵੀਕਾਰ ਕਰਨ ਦੀ ਥਾਂ ਅਣਗੌਲਿਆ ਹੀ ਕੀਤਾ ਹੈ । ਜਦ ਇਸ ਸਬੰਧੀ ਸਟੇਸ਼ਨ ਮਾਸਟਰ ਸੁਰਜੀਤ ਸਿੰਘ ਨਾਲ
ਰਾਬਿਤਾ ਕਾਇਮ ਕੀਤਾ ਤਾਂ ਉਨ੍ਹਾਂ ਕਿਹਾ ਕਿ ਜਦ ਸਾਨੂੰ ਇਸ ਟਰੇਨ ਨੂੰ ਇੱਥੋਂ ਚਲਾਉਣ ਲਈ ਉੱਚ
ਅਧਿਕਾਰੀਆਂ ਵੱਲੋਂ ਕੋਈ ਸੰਦੇਸ਼ ਆ ਜਾਵੇਗਾ । ਉਸ ਸਮੇਂ ਇਸ ਰੇਲ ਗੱਡੀ ਨੂੰ ਇੱਥੋਂ ਚਲਾ ਦਿੱਤਾ
ਜਾਵੇਗਾ ।