ਮਾਨਸਾ ਜ਼ਿਲ੍ਹੇ ’ਚ ਆਯੋਜਿਤ ਰੋਜ਼ਗਾਰ ਮੇਲਿਆਂ ਦੌਰਾਨ 4153 ਪ੍ਰਾਰਥੀਆਂ ਨੂੰ ਮਿਲਿਆ ਰੋਜ਼ਗਾਰ

0
43

ਮਾਨਸਾ, 6 ਅਕਤੂਬਰ (ਸਾਰਾ ਯਹਾ / ਹੀਰਾ ਸਿੰਘ ਮਿੱਤਲ): ਪਿਛਲੇ ਦਿਨੀਂ ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਦੇ ਤਹਿਤ ਪੰਜਾਬ ਭਰ ਵਿੱਚ ਵੱਖ ਵੱਖ ਥਾਈਂ ਆਯੋਜਿਤ ਕੀਤੇ ਗਏ 6ਵੇਂ ਮੈਗਾ ਰੋਜ਼ਗਾਰ ਮੇਲਿਆਂ ਦੌਰਾਨ ਰੋਜ਼ਗਾਰਦਾਤਾ ਕੰਪਨੀਆਂ ਤੇ ਪ੍ਰਾਰਥੀਆਂ ਵੱਲੋਂ ਮਿਲੇ ਭਰਵੇਂ ਹੁੰਗਾਰੇ ਨੂੰ ਦੇਖਦਿਆਂ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀਡੀਓ ਕਾਨਫਰੰਸਿੰਗ ਰਾਹੀਂ ਸਾਰੇ ਪ੍ਰਾਰਥੀਆਂ ਨੂੰ ਮੁਬਾਰਕਬਾਦ ਭੇਟ ਕੀਤੀ ਗਈ। ਰੋਜ਼ਗਾਰ ਮੇਲੇ ਦੇ ਸਮਾਪਤੀ ਸਮਾਰੋਹ ਮੌਕੇ ਆਯੋਜਿਤ ਇਸ ਵੀਡੀਓ ਕਾਨਫਰੰਸਿੰਗ ਦੌਰਾਨ ਮੁੱਖ ਮੰਤਰੀ ਦੇ ਨਾਲ ਮੈਂਬਰ ਲੋਕ ਸਭਾ ਸ਼੍ਰੀ ਰਾਹੁਲ ਗਾਂਧੀ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਵੀ ਮੌਜੂਦ ਸਨ।  ਮਾਨਸਾ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਕਾਨਫਰੰਸ ਰੂਮ ਵਿਖੇ ਵੀਡੀਓ ਕਾਨਫਰੰਸ ਵਿੱਚ ਹਿੱਸਾ ਲੈਂਦਿਆਂ ਵਿਧਾਇਕ ਸ. ਨਾਜਰ ਸਿੰਘ ਮਾਨਸ਼ਾਹੀਆ, ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਮਿੱਤਲ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ਼੍ਰੀ ਬਿਕਰਮ ਸਿੰਘ ਮੋਫ਼ਰ ਅਤੇ ਸੀਨੀਅਰ ਆਗੂ ਡਾ. ਮੰਜੂ ਬਾਲਾ ਨੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰਪਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਦੀ ਮੌਜੂਦਗੀ ਵਿੱਚ ਕੰਪਨੀਆਂ ਦੁਆਰਾ ਚੁਣੇ ਗਏ ਪ੍ਰਾਰਥੀਆਂ ਨੂੰ ਪ੍ਰਸੰਸਾ ਪੱਤਰ ਸੌਂਪੇ। ਇਸ ਦੌਰਾਨ ਵਿਧਾਇਕ ਸ. ਨਾਜਰ ਸਿੰਘ ਮਾਨਸਾਹੀਆ ਨੇ ਕਿਹਾ ਕਿ ਕੋਵਿਡ ਮਹਾਂਮਾਰੀ ਦੇ ਨਾਜੁਕ ਸਮੇਂ ਵਿੱਚ ਵੀ ਸਰਕਾਰ ਦੁਆਰਾ ਬੇਰੋਜ਼ਗਾਰ ਹੁਨਰਮੰਦਾਂ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਯੋਜਨਾਬੱਧ ਢੰਗ ਨਾਲ ਰੋਜ਼ਗਾਰ ਮੇਲੇ ਕਰਵਾ ਕੇ ਬਿਹਤਰੀਨ ਕਾਰਜ ਕੀਤਾ ਗਿਆ ਹੈ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਮਾਨਸਾ ਜ਼ਿਲ੍ਹੇ ਵਿੱਚ ਆਯੋਜਿਤ ਰੋਜ਼ਗਾਰ ਮੇਲਿਆਂ ਦੌਰਾਨ 46 ਦੇ ਕਰੀਬ ਕੰਪਨੀਆਂ ਦੁਆਰਾ ਸ਼ਿਰਕਤ ਕਰਕੇ 4153 ਯੋਗ ਪ੍ਰਾਰਥੀਆਂ ਦੀ ਚੋਣ ਕੀਤੀ ਗਈ। ਉਨ੍ਹਾਂ ਇਹ ਵੀ ਕਿਹਾ ਕਿ ਸਫ਼ਲ ਪ੍ਰਾਰਥੀਆਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਪੰਜਾਬ ਵੱਲੋਂ ਉਚੇਚੇ ਤੌਰ ’ਤੇ ਵਧਾਈ ਦਿੱਤੇ ਜਾਣ ਨਾਲ ਇਨ੍ਹਾਂ ਪ੍ਰਾਰਥੀਆਂ ਦਾ ਮਨੋਬਲ ੳੁੱਚਾ ਹੋਇਆ ਹੈ ਅਤੇ ਇਹ ਨੇੜ ਭਵਿੱਖ ਵਿੱਚ ਆਪਣੇ ਹੁਨਰ ਨੂੰ ਹੋਰ ਨਿਖਾਰਨ ਲਈ ਕਾਰਜਸ਼ੀਲ ਹੋਣਗੇ।  ਇਸ ਮੌਕੇ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ ਸ਼੍ਰੀ ਪ੍ਰੇਮ ਮਿੱਤਲ, ਚੇਅਰਮੈਨ ਜ਼ਿਲ੍ਹਾ ਪਰਿਸ਼ਦ ਸ਼੍ਰੀ ਬਿਕਰਮ ਸਿੰਘ ਮੋਫ਼ਰ ਅਤੇ ਸੀਨੀਅਰ ਆਗੂ ਡਾ. ਮੰਜੂ ਬਾਲਾ ਨੇ ਵੀ ਸਰਕਾਰ ਦੁਆਰਾ ਘਰ ਘਰ ਰੋਜ਼ਗਾਰ ਯੋਜਨਾ ਨੂੰ ਸਫ਼ਲਤਾ ਨਾਲ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇਸ ਦੌਰਾਨ ਮੁੱਖ ਮਹਿਮਾਨ ਸਮੇਤ ਹੋਰ ਸਖ਼ਸੀਅਤਾਂ ਵੱਲੋਂ ਮੌਕੇ ’ਤੇ ਮੌਜੂਦ 50 ਪ੍ਰਾਰਥੀਆਂ ਨੂੰ ਪ੍ਰਸੰਸਾ ਪੱਤਰ ਪ੍ਰਦਾਨ ਕਰਦਿਆਂ ਭਵਿੱਖ ਲਈ ਸ਼ੁਭਕਾਮਨਾਵਾਂ ਭੇਟ ਕੀਤੀਆਂ ਗਈਆਂ।  

NO COMMENTS