-ਮਾਨਸਾ ਜ਼ਿਲ੍ਹੇ ਅੰਦਰ ਇਸ ਸੀਜ਼ਨ ਨਰਮੇ ਦਾ ਰਕਬਾ ਵਧਣ ਦੀ ਉਮੀਦ

0
67

ਮਾਨਸਾ, 09 ਮਈ  (ਸਾਰਾ ਯਹਾ,ਬਲਜੀਤ ਸ਼ਰਮਾ) : ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ.ਸੀ.ਆਈ.) ਨੇ ਮੁੜ ਤੋਂ ਜ਼ਿਲ੍ਹੇ ਦੀਆਂ ਮੰਡੀਆਂ ਵਿਚ ਸਿੱਧੇ ਤੌਰ ਤੇ ਕਿਸਾਨਾਂ ਤੋਂ ਨਰਮੇ ਦੀ ਫਸਲ ਖਰੀਦਣ ਦੀ ਸ਼ੁਰੂਆਤ ਕੀਤੀ ਹੈ। ਜ਼ਿਲ੍ਹਾ ਮੰਡੀ ਅਤੇ ਖੇਤੀਬਾੜੀ ਅਧਿਕਾਰੀ ਇਸ ਸੀਜ਼ਨ ਜ਼ਿਲ੍ਹੇ ‘ਚ ਕਪਾਹ ਦੇ ਰਕਬੇ ਵਿਚ ਵਾਧੇ ਦੀ ਉਮੀਦ ਕਰ ਰਹੇ ਹਨ। ਜ਼ਿਲ੍ਹਾ ਮੰਡੀ ਅਫ਼ਸਰ ਦੇ ਪ੍ਰਾਪਤ ਅੰਕੜਿਆਂ ਅਨੁਸਾਰ ਪਿਛਲੇ ਸੀਜ਼ਨ ਵਿਚ ਨਰਮੇ ਦੀ ਆਮਦ ਲਗਭਗ 907023 ਕੁਇੰਟਲ ਸੀ, ਜੋ ਇਸ ਸੀਜ਼ਨ ਵਧ ਕੇ 1057997 ਕੁਇੰਟਲ ਹੋ ਗਈ ਹੈ, ਜਿਸ ਨਾਲ ਇਸ ਆਮਦ ਵਿਚ ਤਕਰੀਬਨ 17 ਫ਼ੀਸਦੀ ਵਾਧਾ ਹੋਇਆ ਹੈ।  ਜ਼ਿਲ੍ਹਾ ਮੰਡੀ ਅਫ਼ਸਰ-ਕਮ-ਸੂਬਾ ਕਪਾਹ ਕੋਆਰਡੀਨੇਟਰ ਰਜਨੀਸ਼ ਗੋਇਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਮਾਨਸਾ ਅਤੇ ਪੰਜਾਬ ਮੰਡੀ ਬੋਰਡ ਦੇ ਠੋਸ ਯਤਨਾਂ ਸਦਕਾ ਕਾਟਨ ਕਾਰਪੋਰੇਸ਼ਨ ਆਫ ਇੰਡੀਆ (ਸੀ.ਸੀ.ਆਈ.) ਨੇ ਕਿਸਾਨਾਂ ਤੋਂ ਨਰਮੇ ਦੀ ਸਿੱਧੀ ਖਰੀਦ ਮੁੜ ਸ਼ੁਰੂ ਕਰ ਦਿੱਤੀ ਹੈ।  ਉਨ੍ਹਾਂ ਦੱਸਿਆ ਕਿ ਮੰਡੀਆਂ ਵਿਚ ਸੀ.ਸੀ.ਆਈ. ਦੇ ਆਉਣ ਨਾਲ ਕਿਸਾਨਾਂ ਨੂੰ ਸਰਕਾਰ ਦੁਆਰਾ ਤੈਅ ਕੀਤਾ ਗਿਆ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ.ਪੀ.) ਲਗਭਗ 5450 ਰੁਪਏ ਪ੍ਰਤੀ ਕੁਇੰਟਲ ਮਿਲਣਾ ਸ਼ੁਰੂ ਹੋਇਆ ਹੈ, ਜਦੋਂ ਕਿ ਪਹਿਲਾਂ ਉਹ ਆਪਣੀ ਪੈਦਾਵਾਰ 5100 ਰੁਪਏ ਪ੍ਰਤੀ ਕੁਇੰਟਲ ਤੋਂ ਵੱਧ ਨਹੀਂ ਵੇਚ ਰਹੇ ਸਨ। ਹਾਲਾਂਕਿ ਸ੍ਰੀ ਗੋਇਲ ਨੇ ਦੱਸਿਆ ਕਿ ਨਰਮੇ ਦਾ ਭਾਅ ਉਤਪਾਦਾਂ ਦੀ ਗੁਣਵੱਤਾ ‘ਤੇ ਨਿਰਭਰ ਕਰਦਾ ਹੈ ਅਤੇ ਬਹੁਤੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਘੱਟੋ ਘੱਟ ਪ੍ਰਤੀ ਕੁਇੰਟਲ 5400 ਰੁਪਏ ਤਾਂ ਮਿਲੇ ਹੀ ਹਨ , ਜੋ ਕਿ ਪਹਿਲਾਂ ਨਾਲੋਂ 250 ਤੋਂ 300 ਰੁਪਏ ਵੱਧ ਹੈ। ਜਾਣਕਾਰੀ ਮੁਤਾਬਿਕ ਸੀ.ਸੀ.ਆਈ. ਨੇ ਇਸ ਸੀਜ਼ਨ ਵਿਚ ਮਾਨਸਾ ਜ਼ਿਲ੍ਹੇ ਤੋਂ 449164 ਕੁਇੰਟਲ ਨਰਮੇ ਦੀ ਖਰੀਦ ਕੀਤੀ ਹੈ, ਜਦੋਂ ਕਿ 608828 ਕੁਇੰਟਲ ਫਸਲ ਪ੍ਰਾਈਵੇਟ ਵਪਾਰੀਆਂ ਦੁਆਰਾ ਖਰੀਦੀ ਗਈ ਹੈ।      ਉੱਥੇ ਹੀ ਖੇਤੀਬਾੜੀ ਅਧਿਕਾਰੀ ਜੋ ਇਸ ਸੀਜ਼ਨ ਵਿਚ ਨਰਮੇ ਦੀ ਕਾਸ਼ਤ ਵਿਚ ਵਾਧੇ ਦੀ ਉਮੀਦ ਜਤਾ ਰਹੇ ਹਨ, ਉਨ੍ਹਾਂ ਕਿਹਾ ਕਿ ਉਹ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਲੇਬਰ ਦੀ ਕਮੀ ਹੋਣ ਕਰਕੇ ਉਹ ਕਿਸਾਨਾਂ ਨੂੰ ਨਰਮੇ ਦੀ ਕਾਸ਼ਤ ਵਿਚ ਵਾਧੇ ਦੀ ਚੋਣ ਕਰਨ ਵਿਚ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਹਨ। ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਮ ਸਰੂਪ ਨੇ ਦੱਸਿਆ ਕਿ ਪਿਛਲੇ ਸੀਜ਼ਨ ਵਿਚ ਨਰਮੇ ਦੀ ਫਸਲ ਹੇਠਲਾ ਰਕਬਾ 72000 ਹੈਕਟੇਅਰ ਦੇ ਟੀਚੇ ਦੇ ਮੁਕਾਬਲੇ 54000 ਹੈਕਟੇਅਰ ਸੀ, ਜਦਕਿ ਇਸ ਸੀਜ਼ਨ ਵਿਚ ਨਰਮੇ ਦੀ ਕਾਸ਼ਤ ਹੇਠ ਇਕ ਲੱਖ ਹੈਕਟੇਅਰ ਰਕਬੇ  ਦਾ ਟੀਚਾ ਮਿੱਥਿਆ ਗਿਆ ਹੈ। ਉਨ੍ਹਾਂ ਉਮੀਦ ਜਤਾਈ ਕਿ ਇਸ ਸੀਜ਼ਨ ਦੌਰਾਨ ਕਿਸਾਨ ਨਰਮੇ ਦੀ ਚੋਣ ਕਰਨਗੇ ਕਿਉਂਕਿ ਉਨ੍ਹਾਂ ਨੇ ਪਿਛਲੇ ਸੀਜ਼ਨ ਵਿਚ ਚੰਗੀ ਪੈਦਾਵਾਰ ਅਤੇ ਚੰਗਾ ਮੁਨਾਫਾ ਹੋਇਆ ਸੀ, ਜਦੋਂ ਕਿ ਨਰਮੇ ਦੀ ਕਾਸ਼ਤ ਦੀ ਚੋਣ ਕਰਨ ਦਾ ਇਕ ਕਾਰਨ ਮਜ਼ਦੂਰਾਂ ਦੀ ਘਾਟ ਹੋਣਾ ਵੀ ਹੈ। ਦੱਸਣਯੋਗ ਹੈ ਕਿ ਸੀ.ਸੀ.ਆਈ. ਨੇ ਪਿਛਲੇ ਤਕਰੀਬਨ ਪੰਜ ਸਾਲਾਂ ਤੋਂ ਨਰਮੇ ਦੀ ਸਿੱਧੇ ਤੌਰ ਤੇ ਖਰੀਦ ਨਹੀਂ ਕੀਤੀ ਸੀ।

NO COMMENTS