ਮਾਨਸਾ, 31 ਮਈ (ਸਾਰਾ ਯਹਾਂ/ਬੀਰਬਲ ਧਾਲੀਵਾਲ) : ਸਿਵਲ ਸਰਜਨ ਡਾ. ਸੁਖਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਚੰਦ ਸਿੰਘ ਦੀ ਅਗਵਾਈ ਹੇਠ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਵਿਖੇ ਕੋਰੋਨਾ ਵੈਕਸੀਨੇਸ਼ਨ ਸੈਂਟਰ ਵਿੱਚ ਦੇਸ਼ ਵਿਆਪੀ ਤੰਬਾਕੂ ਰਹਿਤ ਦਿਵਸ ਮਨਾਇਆ ਗਿਆ। ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਮਾਨਸਾ ਡਾ. ਹਰਚੰਦ ਸਿੰਘ ਨੇ ਦੱਸਿਆ ਕਿ ਇਸ ਸਾਲ ਕੋਵਿਡ-19 ਦੀਆਂ ਹਦਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਦਿਵਸ ਸਿਹਤ ਸੰਸਥਾਵਾਂ ਦੀ ਬਜਾਏ ਵੈਕਸੀਨੇਸ਼ਨ ਸੈਂਟਰ ਵਾਲੀ ਜਗ੍ਹਾ ’ਤੇ ਮਨਾਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਦੱਸਿਆ ਅਜਿਹਾ ਕਰਨ ਨਾਲ ਜਿੱਥੇ ਲਾਭਪਾਤਰੀਆਂ ਨੂੰ ਉਤਸ਼ਾਹ ਮਿਲਿਆ ਹੈ, ਉਥੇ ਕੋਰੋਨਾ ਮਹਾਮਾਰੀ ਤੋਂ ਬਚਣ ਲਈ ਲੋਕਾਂ ਨੂੰ ਸੇਧ ਵੀ ਮਿਲ ਰਹੀ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਦੀ ਵਰਤੋਂ ਨਾਲ ਮੂੰਹ ਦਾ ਕੈਂਸਰ, ਸਾਹ ਨਾਲੀ, ਮਿਹਦੇ ਦੇ ਅਲਸਰ ਅਤੇ ਸਟਰੋਕ ਦੀ ਬਿਮਾਰੀ ਵੀ ਹੋ ਜਾਂਦੀ ਹੈ ਅਤੇ ਤੰਬਾਕੂ ਦਾ ਸੇਵਨ ਕਰਨ ਨਾਲ ਦਿਮਾਗ ਦੀਆਂ ਨਾੜੀਆਂ ਵਿੱਚ ਖੂਨ ਜੰਮਣ ਨਾਲ ਅਧਰੰਗ ਅਤੇ ਬ੍ਰੇਨ ਸਟਰੋਕ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਿਗਰਟ ਅਤੇ ਬੀੜੀ ਦੇ ਇਸਤੇਮਾਲ ਵਾਲਾ ਵਿਅਕਤੀ ਸ਼ੁਰੂ-ਸ਼ੁਰੂ ਵਿੱਚ ਇਸ ਨੂੰ ਸੌਂਕੀਆ ਤੌਰ ’ਤੇ ਅਪਨਾਉਂਦਾ ਹੈ ਅਤੇ ਬਾਅਦ ਵਿੱਚ ਲਗਾਤਾਰ ਵਰਤੋਂ ਨਾਲ ਵੱਡਾ ਅਮਲੀ ਬਣਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸੰਸਾਰ ਭਰ ਵਿੱਚ ਭਾਰਤ ਤੰਬਾਕੂ ਦੀ ਵਰਤੋਂ ਵਿੱਚ ਤੀਸਰੇ ਨੰਬਰ ’ਤੇ ਆਉਂਦਾ ਹੈ। ਉਨ੍ਹਾਂ ਦੱਸਿਆ ਕਿ ਸੰਸਾਰ ਵਿੱਚ ਹਰ ਸਾਲ 60 ਲੱਖ ਲੋਕ ਇਸ ਦੀ ਭੇਂਟ ਚੜ੍ਹ ਜਾਂਦੇ ਹਨ। ਕਈ ਪ੍ਰਦੇਸ਼ਾਂ ਵਿੱਚ ਲੋਕ ਬੀੜੀ, ਸਿਗਰਟ ਨੂੰ ਤਾਂ ਮਾੜਾ ਸਮਝਦੇ ਹਨ, ਪਰ ਹੁੱਕਾ ਪੀਣਾ ਮਾਣ ਸਮਝਦੇ ਹਨ ਅਤੇ ਉਸਨੂੰ ਠੰਡਾ ਸਮਝਦੇ ਹਨ ਜੋ ਗਲਤ ਧਾਰਨਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਇਸ ਲਤ ਨੂੰ ਰੋਕਣ ਲਈ ਕਈ ਕਾਨੂੰਲ ਵੀ ਬਣਾਏ ਗਏ ਹਨ ਜਿਵੇਂ ਕਿ ਜਨਤਕ ਥਾਵਾਂ ’ਤੇ ਇਸ ਦੀ ਵਰਤੋਂ ਨਾ ਕਰਨਾ, 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਤੰਬਾਕੂ ਵੇਚਣਾ ਅਤੇ ਵਿੱੱਦਿਅਕ ਸੰਸਥਾਵਾਂ ਦੇ 100 ਗਜ ਦੇ ਘੇਰੇ ਵਿੱਚ ਤੰਬਾਕੂ ਵੇਚਣਾ ਕਾਨੂੰਨੀ ਅਪਰਾਧ ਹੈ। ਇ ਤੋਂ ਇਲਾਵਾ ਸਰਕਾਰ ਵੱਲੋਂ ਸਮੇਂ-ਸਮੇਂ ’ਤੇ ਇਸ ਦੀ ਰੋਕਥਾਮ ਲਈ ਲੋਕਾਂ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਦੌਰਾਨ ਕੋਰੋਨਾ ਵੈਕਸੀਨ ਕਰਵਾਉਣ ਆਏ ਲਾਭਪਾਤਰੀਆਂ ਨੂੰ ਇਸ ਦੀ ਰੋਕਥਾਮ ਲਈ ਸਹੁੰ ਚੁਕਵਾਈ ਗਈ।