*ਮਾਨਸਾ ਸ਼ਹਿਰ ਦੇ ਲੋਕਾਂ ਨੂੰ ਸੀਵਰੇਜ਼ ਦੀ ਸਮੱਸਿਆ ਤੋਂ ਜਲਦ ਮਿਲੇਗੀ ਰਾਹਤ-ਬ੍ਰਮ ਸ਼ੰਕਰ ਜਿੰਪਾ*

0
91

ਮਾਨਸਾ, 25 ਜਨਵਰੀ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)
ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਹਰੇਕ ਵਾਅਦੇ ਨੂੰ ਪੂਰਾ ਕਰਨ ਲਈ ਵਚਨਬੱਧ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਵਾਇਸ ਆਫ ਮਾਨਸਾ ਦੇ ਨੁਮਾਇੰਦਿਆਂ ਨੂੰ ਤਲਵੰਡੀ ਸਾਬੋ ਪਾਵਰ ਪਲਾਂਟ ਬਣਾਂਵਾਲੀ ਵਿਖੇ ਸ਼ਹਿਰ ਦੀ ਸੀਵਰੇਜ਼ ਸਮੱਸਿਆ ਤੋਂ ਲੋਕਾਂ ਨੂੰ ਜਲਦ ਨਿਜਾਤ ਦਿਵਾਉਣ ਦਾ ਭਰੋਸਾ ਦਿੰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਸ੍ਰੀ ਪਰਮਵੀਰ ਸਿੰਘ, ਐਸ.ਐਸ.ਪੀ. ਡਾ. ਨਾਨਕ ਸਿੰਘ ਵੀ ਮੌਜੂਦ ਸਨ।
ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਦੱਸਿਆ ਕਿ ਪ੍ਰਾਪਰਟੀ ਦੀ ਐਨ.ਓ.ਸੀ ਦੇ ਮੁੱਦੇ ਨੂੰ ਲੈ ਕੇ ਰਾਜ ਸਰਕਾਰ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ ਅਤੇ ਲੋਕ ਹਿੱਤਾਂ ਨੂੰ ਧਿਆਨ ਵਿਚ ਰੱਖ ਕੇ ਜਲਦ ਵੱਡਾ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਪੰਜਾਬ ਅਤੇ ਪੰਜਾਬੀਆਂ ਦੀ ਤਰੱਕੀ ਲਈ ਪਹਿਲਕਦਕਮੀ ਨਾਲ ਕੰਮ ਕਰ ਰਹੇ ਹਨ।  
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਆਉਂਦੀਆਂ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਵਚਨਬੱਧ ਹੈ। ਸਰਕਾਰ ਵੱਲੋਂ ਰਜਿਸਟਰੀਆਂ ਲਈ ਪਾਇਲਟ ਪ੍ਰੋਜੈਕਟ ਉਲੀਕਿਆ ਜਾ ਰਿਹਾ ਹੈ ਅਤੇ ਮਾਲ ਵਿਭਾਗ ਦੇ ਕੰਮਾਂ ਨੂੰ ਹੋਰ ਸੁਖਾਲਾ ਕਰਨ ਲਈ ਯਤਨ ਕੀਤੇ ਜਾ ਰਹੇ ਹਨ।
ਇਸ ਤੋਂ ਬਾਅਦ ਉਨ੍ਹਾਂ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਲੀਕੇ ਪ੍ਰੋਗਰਾਮ ਤਹਿਤ ਰੇਲਵੇ ਸਟੇਸ਼ਨ ਮਾਨਸਾ ਵਿਖੇ ਲੋੜਵੰਦਾਂ ਨੂੰ ਕੰਬਲ, ਕੱਪੜੇ ਅਤੇ ਬੂਟਾਂ ਦੀ ਵੰਡ ਕੀਤੀ। ਉਨ੍ਹਾਂ ਕਿਹਾ ਕਿ ਲੋਕ ਭਲਾਈ ਦਾ ਇਹ ਬਹੁਤ ਚੰਗਾ ਕਾਰਜ ਹੈ ਜੋ ਚਲਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜ਼ਰੂਰਤਮੰਦਾਂ ਦੀ ਮਦਦ ਕਰਨਾ ਸਾਡਾ ਨੈਤਿਕ ਫਰਜ਼ ਹੈ।
ਇਸ ਮੌਕੇ ਵਿਧਾਇਕ ਮਾਨਸਾ ਡਾ. ਵਿਜੈ ਸਿੰਗਲਾ, ਵਿਧਾਇਕ ਸਰਦੂਲਗੜ੍ਹ ਗੁਰਪ੍ਰੀਤ ਸਿੰਘ ਬਣਾਂਵਾਲੀ, ਚੇਅਰਮੇਨ ਜ਼ਿਲ੍ਹਾ ਯੋਜਨਾ ਕਮੇਟੀ ਚਰਨਜੀਤ ਸਿੰਘ ਅੱਕਾਂਵਾਲੀ, ਚੇਅਰਮੈਨ ਮਾਰਕਿਟ ਕਮੇਟੀ ਗੁਰਪ੍ਰੀਤ ਸਿੰਘ ਭੁੱਚਰ,  ਐਸ.ਡੀ.ਐਮ. ਮਾਨਸਾ ਮਨਜੀਤ ਸਿੰਘ ਰਾਜਲਾ, ਐਸ.ਪੀ. (ਡੀ) ਬਾਲ ਕ੍ਰਿਸ਼ਨ, ਐਸ.ਪੀ. (ਐਚ) ਜਸਕੀਰਤ ਸਿੰਘ ਤੋਂ ਇਲਾਵਾ ਸ਼ਹਿਰ ਦੇ ਹੋਰ ਪਤਵੰਤੇ ਹਾਜ਼ਰ ਸਨ।

NO COMMENTS