*ਮਾਨਸਾ ਸ਼ਹਿਰ ਦੇ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮਾਨਸਾ ਸੰਘਰਸ਼ ਕਮੇਟੀ ਦੀ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ*

0
169

ਮਾਨਸਾ 21 ਨਵੰਬਰ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ):ਮਾਨਸਾ ਸ਼ਹਿਰ ਵਿੱਚ ਸੀਵਰੇਜ ਦੇ ਪਾਣੀ ਦੇ ਓਵਰ ਫਲੋ ਕਾਰਨ ਮਾਨਸਾ ਸ਼ਹਿਰ ਵਾਸੀਆਂ ਦੀ ਨਰਕ ਵਰਗੀ ਸਥਿਤੀ ਹੋ ਚੁੱਕੀ ਹੈ। ਇਸ ਮਸਲੇ ਉਪਰ ਮਾਨਸਾ ਸੰਘਰਸ਼ ਕਮੇਟੀ ਦੇ ਮੈਂਬਰ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ, ਐਡਵੋਕੇਟ ਗੁਰਲਾਭ ਸਿੰਘ ਮਾਹਲ, ਕਾਮਰੇਡ ਕ੍ਰਿਸ਼ਨ ਚੌਹਾਨ ਅਤੇ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲਿਆ। ਇਸ ਸਮੇਂ ਨਗਰ ਕੌਂਸਲ ਦੇ ਪ੍ਰਧਾਨ ਵਿਜੈ ਕੁਮਾਰ ਸਿੰਗਲਾ ਵੀ ਹਾਜਰ ਸਨ। ਇਸ ਵਫਦ ਵੱਲੋਂ ਡਿਪਟੀ ਕਮਿਸ਼ਨਰ ਮਾਨਸਾ ਨੂੰ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਤੁਰੰਤ ਕਦਮ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਕਿ ਮਾਨਸਾ ਸ਼ਹਿਰ ਦੇ ਲੋਕ ਤਰਸਯੋਗ ਹਲਾਤਾਂ ਵਿਚੋਂ ਬਾਹਰ ਆ ਸਕਣ। ਜਿਸ ਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਐਸ.ਟੀ.ਪੀ. ਪਲਾਂਟ ਮਾਨਸਾ ਦੇ ਪਾਣੀ ਨੂੰ ਅੱਗੇ ਛੱਡਣ ਲਈ ਜਗ੍ਹਾ ਨਾ ਹੋਣ ਕਾਰਨ ਇਹ ਹਾਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਹੈ ਕਿ ਇਸਦਾ ਇੱਕੋ ਇਕ ਤੁਰੰਤ ਹੱਲ ਹੈ ਕਿ ਕੋਈ ਕਿਸਾਨ ਐਸ.ਟੀ.ਪੀ. ਪਲਾਂਟ ਦੇ ਨਜਦੀਕ ਆਪਣੀ ਜਮੀਨ ਠੇਕੇ ਉਪਰ ਨਗਰ ਕੌਂਸਲ ਮਾਨਸਾ ਨੂੰ ਦੇ ਦੇਵੇ ਜਿੱਥੇ ਵਾਧੂ ਪਾਣੀ ਦੀ ਨਿਕਾਸੀ ਕੀਤੀ ਜਾ ਸਕਦੀ ਹੈ ਜਾਂ ਪਿੰਡ ਜਵਾਹਰਕੇ ਜਾਂ ਰਮਦਿੱਤੇਵਾਲਾ ਦੀਆਂ ਪੰਚਾਇਤਾਂ ਆਪਣੀਆਂ ਪੰਚਾਇਤੀ ਜਗ੍ਹਾ ਠੇਕੇ ਉਪਰ ਨਗਰ ਕੌਂਸਲ ਨੂੰ ਦੇ ਦੇਵੇ ਜਿੱਥੇ ਪਾਣੀ ਛੱਡਿਆ ਜਾ ਸਕੇ ਜਿਸ ਲਈ ਜਿਲ੍ਹਾ ਪ੍ਰਸਾਸ਼ਨ ਅਤੇ ਨਗਰ ਕੌਂਸਲ ਪੂਰਨ ਯਤਨ ਕਰ ਰਹੀ ਹੈ। ਇਸ ਸਮੇਂ ਇਸ ਵਫਦ ਦੇ ਆਗੂ ਰੁਲਦੂ ਸਿੰਘ ਮਾਨਸਾ ਅਤੇ ਗੁਰਲਾਭ ਸਿੰਘ ਮਾਹਲ ਨੇ ਕਿਹਾ ਕਿ ਉਹ ਆਪਣੇ ਤੌਰ ਤੇ ਵੀ ਯਤਨ ਕਰਨਗੇ ਕਿ ਕੋਈ ਇਸ ਪਾਣੀ ਨੂੰ ਛੱਡਣ ਲਈ ਤੁਰੰਤ ਜਗ੍ਹਾ ਮਿਲ ਸਕੇ ਜਿਸ ਨਾਲ ਮਾਨਸਾ ਸ਼ਹਿਰ ਵਾਸੀਆਂ ਨੂੰ ਫੌਰੀ ਰਾਹਤ ਮਿਲ ਸਕੇ। ਉਨ੍ਹਾਂ ਜਿਲ੍ਹਾ ਪ੍ਰਸਾਸ਼ਨ ਨੂੰ ਅਪੀਲ ਕੀਤੀ ਕਿ ਇਸ ਪਾਣੀ ਦੇ ਪੱਕੇ ਹੱਲ ਲਈ ਵੀ ਜਰੂਰੀ ਹੱਲ ਕੱਢੇ ਜਾਣ। ਇਸ ਸਮੇਂ ਕਾ. ਕ੍ਰਿਸ਼ਨ ਚੌਹਾਨ ਅਤੇ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਉਹ ਪ੍ਰਸਾਸ਼ਨ ਦਾ ਸਾਰਥਿਕ ਸਾਥ ਦੇਣ ਲਈ ਤਿਆਰ ਹਨ ਪਰ ਪ੍ਰਸਾਸ਼ਨ ਆਪਣੇ ਦਫਤਰਾਂ ਵਿਚੋਂ ਨਿੱਕਲ ਕੇ ਗਰਾਊਂਡ ਉਪਰ ਆ ਕੇ ਆਮ ਲੋਕਾਂ ਨੂੰ ਇਸ ਅਪਾਤਕਾਲੀਨ ਹਾਲਾਤ ਵਿਚੋਂ ਕੱਢੇ।

ਇਸ ਸਮੇਂ ਡਿਪਟੀ ਕਮਿਸ਼ਨਰ ਮਾਨਸਾ ਅਤੇ ਨਗਰ ਕੌਂਸਲ ਪ੍ਰਧਾਨ ਨੇ ਕਿਹਾ ਕਿ ਮਾਨਸਾ ਸੰਘਰਸ਼ ਕਮੇਟੀ ਵੱਲੋਂ ਜੋ ਸੁਝਾਅ ਦਿੱਤਾ ਗਿਆ ਹੈ ਕਿ ਪੰਜਾਬ ਟੈਕਨੀਕਲ ਯੂਨੀਵਰਸਿਟੀ ਨੂੰ ਦਿੱਤੀ ਜਗ੍ਹਾ ਵਿੱਚ ਛੱਪੜ ਪੱਟ ਕੇ ਤੁਰੰਤ ਪਾਣੀ ਦੀ ਨਿਕਾਸੀ ਕੀਤੀ ਜਾਵੇ ਦੇ ਮਾਮਲੇ ਤੇ ਸਰਕਾਰ ਨਾਲ ਗੱਲ ਕਰਕੇ ਅਤੇ ਇਸ ਜਮੀਨ ਦੇ ਮਾਲਕ ਨੂੰ ਰਾਜੀ ਕਰਕੇ ਇਸ ਜਮੀਨ ਨੂੰ ਠੇਕੇ ਤੇ ਲੈਣ ਦੇ ਯਤਨ ਕੀਤੇ ਜਾਣਗੇ। ਇਸ ਸਮੇਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਮਾਨਸਾ ਵਿੱਚ ਸੀਵਰੇਜ ਸਫਾਈ ਦਾ ਪ੍ਰਬੰਧ ਕਰਨ ਵਾਲੀ ਪ੍ਰਾਈਵੇਟ ਕੰਪਨੀ ਦਾ ਟੈਂਡਰ ਰੱਦ ਕਰਨ ਲਈ ਮਾਨਸਾ ਨਗਰ ਕੌਂਸਲ ਵੱਲੋਂ ਆਪਣਾ ਮਤਾ ਪਾਇਆ ਜਾ ਚੁੱਕਾ ਹੈ ਅਤੇ ਪੰਜਾਬ ਸਰਕਾਰ ਕੋਲ ਇਸ ਟੈਂਡਰ ਨੂੰ ਰੱਦ ਕਰਨ ਲਈ ਲਿਖਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਐਸ.ਟੀ.ਪੀ. ਦੇ ਪਾਣੀ ਨੂੰ ਥਰਮਲ ਬਣਾਂਵਾਲੀ ਲਿਜਾਣ ਲਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਸਮੇਂ ਮਾਨਸਾ ਸੰਘਰਸ਼ ਕਮੇਟੀ ਨੇ ਮਾਨਸਾ ਐਸ.ਟੀ.ਪੀ. ਪਲਾਂਟ ਦੇ ਨਜਦੀਕ ਦੇ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਕਿ ਮਾਨਸਾ ਸ਼ਹਿਰ ਵਾਸੀਆਂ ਨੂੰ ਆਈ ਅਪਾਤਕਾਲੀਨ ਸਥਿਤੀ ਵਿੱਚ ਮੱਦਦ ਕਰਦੇ ਹੋਏ ਕੋਈ ਨਾ ਕੋਈ ਜਗ੍ਹਾ ਦਾ ਪ੍ਰਬੰਧ ਕਰਕੇ ਐਸ.ਟੀ.ਪੀ. ਪਲਾਂਟ ਦਾ ਸਾਫ ਕੀਤਾ ਪਾਣੀ ਨਿਕਾਸੀ ਲਈ ਕੋਈ ਜਗ੍ਹਾ ਠੇਕੇ ਉੱਪਰ ਉਪਲੱਬਧ ਕਰਵਾਉਣ ਅਤੇ ਮਾਨਸਾ ਸੰਘਰਸ਼ ਕਮੇਟੀ ਵੀ ਇਹ ਜਗ੍ਹਾ ਪ੍ਰਸ਼ਾਸ਼ਨ ਨੂੰ ਲੱਭ ਦੇ ਦੇਣ ਵਿੱਚ ਮੱਦਦ ਕਰੇਗੀ।

NO COMMENTS