*ਮਾਨਸਾ ਵਿਚ 18 ਅਪ੍ਰੈਲ ਤੋਂ ਲਗਾਏ ਜਾਣਗੇ ਬਲਾਕ ਪੱਧਰੀ ਸਿਹਤ ਮੇਲੇ :- ਡਿਪਟੀ ਕਮਿਸ਼ਨਰ*

0
79

ਮਾਨਸਾ, 16 ਅਪ੍ਰੈਲ (ਸਾਰਾ ਯਹਾਂ/ ਮੁੱਖ ਸੰਪਾਦਕ ): ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੰਤਵ ਨਾਲ ਡਿਪਟੀ ਕਮਿਸ਼ਨਰ ਸ਼੍ਰੀ ਜਸਪ੍ਰੀਤ ਸਿੰਘ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ 18 ਅਪ੍ਰੈਲ ਤੋਂ ਲੱਗਣ ਵਾਲੇ ਸਿਹਤ ਮੇਲਿਆਂ ਸਬੰਧੀ ਪ੍ਰਬੰਧਾਂ ਦਾ ਜਾਇਜ਼ਾ ਲਿਆ।
ਉਨਾਂ ਕਿਹਾ ਕਿ 18 ਅਪ੍ਰੈਲ ਨੂੰ ਖਿਆਲਾ ਕਲਾਂ, 20 ਅਪ੍ਰੈਲ ਨੂੰ ਸਰਦੂਲਗੜ ਅਤੇ 22 ਅਪ੍ਰੈਲ ਨੂੰ ਬੁਢਲਾਡਾ ਵਿਖੇ ਇਹ ਸਿਹਤ ਮੇਲੇ ਲਗਾਏ ਜਾ ਰਹੇ ਹਨ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਨਾਂ ਸਿਹਤ ਮੇਲਿਆਂ ਦਾ ਵੱਧ ਤੋਂ ਵੱਧ ਲਾਭ ਉਠਾਉਣ।  
ਇਸ ਮੌਕੇ ਡਾ.ਰਣਜੀਤ ਸਿੰਘ ਰਾਏ ਕਾਰਜਕਾਰੀ ਸਿਵਲ ਸਰਜਨ ਮਾਨਸਾ ਨੇ ਦੱਸਿਆ ਕਿ ਇਨਾਂ ਮੇਲਿਆਂ ਵਿੱਚ ਐਲੋਪੈਥਿਕ, ਆਯੁਰਵੈਦਿਕ ਅਤੇ ਹੋਮਿਓਪੈਥਿਕ ਦੇ ਮਾਹਿਰ ਡਾਕਟਰਾਂ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ, ਮੁਫਤ ਲੈਬਾਰਟਰੀ ਟੈਸਟ ਤੇ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਅੱਖ, ਨੱਕ, ਕੰਨ, ਗਲੇ, ਹੱਡੀਆਂ ਅਤੇ ਔਰਤਾਂ ਦੇ ਮਾਹਿਰ ਡਾਕਟਰਾਂ ਵੱਲੋਂ ਵਿਸੇਸ਼ ਚੈਕਅੱਪ ਕੀਤਾ ਜਾਵੇਗਾ। ਉਨਾਂ ਦੱਸਿਆ ਕਿ  ਸਿਹਤ ਸਟਾਫ ਵੱਲੋਂ ਬਿਮਾਰੀਆਂ ਤੋਂ ਬਚਣ ਲਈ ਸਿਹਤ ਸਕੀਮਾਂ ਦੀ ਪ੍ਰਦਰਸ਼ਨੀ ਲਗਾ ਕੇ ਵਿਸ਼ੇਸ਼ ਜਾਣਕਾਰੀ ਦਿੱਤੀ ਜਾਵੇਗੀ। ਇਹ ਕੈਂਪ ਸਵੇਰੇ 8 ਵਜੇ ਤੋਂ ਸ਼ੁਰੂ ਹੋਣਗੇ।
ਉਨਾਂ ਦੱਸਿਆ ਕਿ ਆਯੂਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਅਧੀਨ ਯੋਗ ਵਿਅਕਤੀਆਂ ਦੇ ਕਾਰਡ ਵੀ ਇਨਾਂ ਕੈਂਪਾਂ ਵਿਚ ਬਣਾਏ ਜਾਣਗੇ ਅਤੇ ਐੱਨ.ਸੀ.ਡੀ. ਪ੍ਰੋਗਰਾਮ ਅਧੀਨ ਸ਼ੂਗਰ, ਹਾਈਪਰਟੈਂਸ਼ਨ, ਮੂੰਹ ਦੇ ਕੈਂਸਰ, ਟੀ. ਬੀ.ਦੇ ਮਰੀਜ਼ਾਂ ਦੀ ਅਤੇ ਚਿੱਟੇ ਮੋਤੀਏ ਦੇ ਮਰੀਜਾਂ ਦੀ ਸਕ੍ਰੀਨਿੰਗ ਵਿਸੇਸ ਤੌਰ ’ਤੇ ਕੀਤੀ ਜਾਵੇਗੀ।
         ਇਸ ਮੌਕੇ ਦਰਸ਼ਨ ਸਿੰਘ ਅਤੇ ਸੰਦੀਪ ਸਿੰਘ ਮੌਜੂਦ ਸਨ।    

NO COMMENTS