ਮਾਨਸਾ, 14 ਮਈ(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)ਮਾਨਸਾ ਨਗਰ ਕੌਂਸਲ ਪੰਜਾਬ ਸਰਕਾਰ ਦੇ ਸਹਿਯੋਗ ਮਾਨਸਾ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਪਿਛਲੇ ਇੱਕ ਸਾਲ ਤੋਂ ਜ਼ਰੂਰੀ ਕਦਮ ਚੁੱਕ ਰਹੀ ਹੈ। ਜਿਸ ਅਧੀਨ ਮਾਨਸਾ ਨਗਰ ਕੌਂਸਲ ਵੱਲੋਂ 29-01-2024 ਨੂੰ ਆਪਣੇ ਜਨਰਲ ਹਾਊਸ ਦੀ ਮੀਟਿੰਗ ਵਿੱਚ ਮਤਾ ਨੰਬਰ 134 ਰਾਹੀਂ ਤਕਰੀਬਨ 54.68 ਲੱਖ ਰੁਪਏ ਮਾਨਸਾ ਸ਼ਹਿਰ ਦੇ ਨਜ਼ਦੀਕ ਬਣੇ ਸੀਵਰੇਜ ਟਰੀਟਮੈਂਟ ਪਲਾਂਟ ਕੋਲ ਬਣੇ ਪਾਣੀ ਦੀ ਸਟੋਰੇਜ਼ ਪਲਾਂਟ ਦੀ ਸਮਰਥਾ ਵਧਾਉਣ ਲਈ ਜਾਰੀ ਕੀਤੇ ਗਏ ਹਨ, ਤਾਂ ਕਿ ਜਿਆਦਾ ਪਾਣੀ ਸਟੋਰ ਕੀਤਾ ਜਾ ਸਕੇ। ਇਹ ਕੰਮ ਜਲਦੀ ਸ਼ੁਰੂ ਕੀਤਾ ਜਾ ਰਿਹਾ ਹੈ | ਇਸ ਤੋਂ ਇਲਾਵਾ ਮਾਨਸਾ ਸ਼ਹਿਰ ਵਿੱਚ ਸੀਵਰੇਜ ਦੇ ਰੱਖ ਰਖਾਅ ਸੀਵਰੇਜ ਲਾਈਨਾਂ ਨੂੰ ਚਲਦੀ ਹਾਲਤਾਂ ਵਿੱਚ ਰੱਖਣਾ ਸੀਵਰੇਜ ਬੋਰਡ ਅਧੀਨ ਹੈ। ਪ੍ਰੰਤੂ ਫਿਰ ਵੀ ਸੀਵਰੇਜ ਸਿਸਟਮ ਦੀ ਡੀਸਿਲਟਿੰਗ ਕਰਨ ਲਈ ਕਾਰਜਕਾਰੀ ਇੰਜੀਨੀਅਰ ਪੰਜਾਬ ਵ/ਸ ਅਤੇ ਸੀਵਰੇਜ ਮੰਡਲ ਮਾਨਸਾ ਵੱਲੋਂ ਆਪਣੇ ਦਫ਼ਤਰ ਦੇ ਪਿੱਠ ਅੰਕਣ ਨੰਬਰ 2091 ਮਿਤੀ 19/10/23 ਰਾਹੀਂ 31.06 ਲੱਖ ਰੁਪਏ ਦਾ ਤਖਮੀਨਾ ਅਤੇ ਰਿਪੋਰਟ ਇਸ ਦਫ਼ਤਰ ਨੂੰ ਫੰਡਾਂ ਦੀ ਪ੍ਰਾਪਤੀ ਹਿੱਤ ਭੇਜੀ ਮੰਗ ਨੂੰ ਮੰਨਦਿਆਂ ਕਾਰਜਕਾਰੀ ਇੰਜੀਨੀਅਰ ਪੰਜਾਬ ਵ/ਸ ਅਤੇ ਸੀਵਰੇਜ ਮੰਡਲ ਮਾਨਸਾ ਦੀ ਰਿਪੋਰਟ ਮੁਤਾਬਕ ਸ਼ਹਿਰ ਵਿੱਚ ਵੱਖ-ਵੱਖ ਥਾਵਾਂ ‘ਤੇ ਹੋ ਰਹੀ ਓਵਰਫਲੋ ਦੀ ਸਮੱਸਿਆ ਨੂੰ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣ ਲਈ ਸੀਵਰੇਜ ਸਿਸਟਮ ਦੀ ਡੀਸਿਲਟਿੰਗ ਕਰਨਾ ਅਤੀ ਜ਼ਰੂਰੀ ਹੈ | ਇਸ ਲਹੀ ਪਬਲਿਕ ਹਿੱਤਾਂ ਨੂੰ ਧਿਆਨ ਵਿਚ ਰੱਖਦਿਆਂ ਆਪਣੇ ਮਤਾ ਨੰਬਰ 123 ਮਿਤੀ 19-01-24 ਨੂੰ 31.06 ਲੱਖ ਰੁਪਏ ਦੇ ਫੰਡ ਟਰਾਂਸਫਰ ਕਰਨ ਦਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਜਿਸ ਰਾਹੀਂ ਸੀਵਰੇਜ ਦੀਆਂ ਲਾਈਨਾਂ ਦੀ ਸਫਾਈ ਹੋਣੀ ਹੈ | ਇਸ ਤਰ੍ਹਾਂ ਨਗਰ ਕੌਂਸਲ ਮਾਨਸਾ ਉਨ੍ਹਾਂ ਥਾਵਾਂ ‘ਤੇ ਜੋ ਉਨ੍ਹਾਂ ਦੇ ਅਧਿਕਾਰ ਖੇਤਰ ਵਿਚ ਨਹੀਂ ਹਨ ਵਿੱਚ ਵੀ ਆਪਣਾ ਫੰਡ ਜਾਰੀ ਕਰਕੇ ਸ਼ਹਿਰ ਵਿੱਚ ਸੀਵਰੇਜ ਸਮੱਸਿਆ ਦੇ ਹੱਲ ਲਈ ਯਤਨਸ਼ੀਲ ਹੈ | ਇਸ ਤੋਂ ਇਲਾਵਾ ਮਾਨਸਾ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਨੂੰ ਥਰਮਲ ਪਲਾਂਟ ਬਣਾਂਵਾਲੀ ਵਿਖੇ ਭੇਜਣ ਲਈ ਕਾਨੂੰਨੀ ਕਾਰਵਾਈ ਵੀ ਆਪਣੇ ਨਗਰ ਕੌਂਸਲ ਦੇ ਨਿਯੁਕਤ ਸੀਨੀਅਰ ਐਡਵੋਕੇਟ ਪਰਵਿੰਦਰ ਬਹਿਣੀਵਾਲ ਰਾਹੀਂ ਸ਼ੁਰੂ ਕੀਤੀ ਗਈ ਹੈ। ਜਿਸ ਅਧੀਨ 8-11-23 ਨੂੰ ਥਰਮਲ ਪਲਾਂਟ ਬਣਾਂਵਾਲੀ ਨੂੰ ਇਕ ਲੀਗਲ ਨੋਟਿਸ ਜਾਰੀ ਕੀਤਾ ਗਿਆ ਹੈ । ਜਿਸ ਦੇ ਜਵਾਬ ‘ਚ ਥਰਮਲ ਪਲਾਂਟ ਬਣਾਂਵਾਲੀ ਵੱਲੋਂ ਮਾਨਸਾ ਸੀਵਰੇਜ ਟਰੀਟਮੈਂਟ ਪਲਾਂਟ ਦਾ ਪਾਣੀ ਲਿਜਾਣ ਤੋਂ ਮਨਾ ਕਰ ਦਿੱਤਾ ਗਿਆ ਹੈ। ਜਿਸ ਅਧੀਨ ਬਣਾਂਵਾਲੀ ਥਰਮਲ ਪਲਾਂਟ ਵੱਲੋਂ ਕਾਨੂੰਨੀ ਨੋਟਿਸ ਦਾ ਜਵਾਬ ਮਿਤੀ 22-11-23 ਨੂੰ ਨਗਰ ਕੌਂਸਲ ਨੂੰ ਭੇਜ ਦਿੱਤਾ ਹੈ। ਜਿਸ ‘ਤੇ ਅਗਾਂਹ ਕਾਨੂੰਨੀ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਜ਼ਰੂਰੀ ਕਦਮ ਚੁੱਕਣ ਲਈ ਕਿਹਾ ਗਿਆ ਹੈ | ਇਸ ਤੋਂ ਇਲਾਵਾ ਮਿਤੀ 12-2-23 ਨੂੰ ਨਗਰ ਕੌਂਸਲ ਮਾਨਸਾ ਵੱਲੋਂ ਮਾਨਸਾ ਸੀਵਰੇਜ ਪਲਾਂਟ ਦੇ ਪਾਣੀ ਨੂੰ ਥਰਮਲ ਵਿੱਚ ਭੇਜਣ ਲਈ ਇੱਕ ਪੱਤਰ ਨੰਬਰ 466 ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਜਾ ਚੁੱਕਾ ਹੈ | ਜਿਸ ਉਪਰ ਜ਼ਰੂਰੀ ਕਾਗਜ਼ੀ ਕਾਰਵਾਈ ਪੰਜਾਬ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ | ਮਾਨਸਾ ਨਗਰ ਕੌਂਸਲ ਮਾਨਸਾ ਸ਼ਹਿਰ ਵਾਸੀਆਂ ਨੂੰ ਇਹ ਅਪੀਲ ਕਰਦੀ ਹੈ ਕਿ ਨਗਰ ਕੌਂਸਲ ਵੱਲੋਂ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਜ਼ਰੂਰੀ ਕਦਮ ਚੁੱਕੇ ਜਾ ਚੁੱਕੇ ਹਨ। ਜੋ ਕਿ ਉਸ ਦੇ ਅਧਿਕਾਰਤ ਖੇਤਰ ਵਿੱਚ ਸਨ | ਮਾਨਸਾ ਸ਼ਹਿਰ ਵਿੱਚ ਧਰਨਾਕਾਰੀਆਂ ਦੀ ਜੋ ਫੌਰੀ ਮੰਗਾਂ ਹਨ, ਉਨ੍ਹਾਂ ਨੂੰ ਪਹਿਲਾਂ ਹੀ ਪੂਰਾ ਕੀਤਾ ਜਾ ਚੁੱਕਾ ਹੈ | ਬਾਕੀ ਜੋ ਪੱਕਾ ਹੱਲ ਸੀਵਰੇਜ ਦੇ ਪਾਣੀ ਨੂੰ ਥਰਮਲ ਪਲਾਂਟ ਬਣਾਂਵਾਲੀ ਵਿਚ ਲਿਜਾਣ ਲਈ ਜ਼ਰੂਰੀ ਕਦਮ ਚੁੱਕੇ ਜਾ ਚੁੱਕੇ ਹਨ। ਜਦੋਂ ਤੱਕ ਹੁਣ ਲੋਕ ਸਭਾ ਚੋਣ ਜਾਬਤਾ ਲੱਗਾ ਹੈ ਉਨ੍ਹਾਂ ਚਿਰ ਸਰਕਾਰ ਕੋਈ ਨਵੇਂ ਟੈਂਡਰ ਜਾਂ ਕੋਈ ਹੋਰ ਫੰਡ ਜਾਰੀ ਨਹੀਂ ਕਰ ਸਕਦੀ। ਇਸ ਗੱਲ ਨੂੰ ਧਰਨਾਕਾਰੀਆਂ ਨੂੰ ਸਮਝਣਾ ਚਾਹੀਦਾ ਹੈ | ਵਿਜੇ ਸਿੰਗਲਾ ਪ੍ਰਧਾਨ ਨਗਰ ਕੌਂਸਲ ਮਾਨਸਾ ਆਪਣੇ ਹੋਰ ਅਹੁਦੇਦਾਰਾਂ ਵੱਲੋਂ ਸੰਘਰਸ਼ ਕਰ ਰਹੇ ਸ਼ਹਿਰ ਵਾਸੀਆਂ ਨੂੰ ਅਪੀਲ ਕਰਦੇ ਹਨ ਕਿ ਪ੍ਰਸ਼ਾਸਨ, ਸਰਕਾਰ ਅਤੇ ਨਗਰ ਕੌਂਸਲ ਦਾ ਸਾਥ ਦਿੰਦੇ ਹੋਏ ਸੀਵਰੇਜ ਸਮੱਸਿਆ ਦੇ ਹੱਲ ਲਈ ਚੱਲ ਰਹੇ ਯਤਨਾਂ ਦਾ ਸਾਥ ਦੇਣ ਅਤੇ ਜਿੰਨ੍ਹਾਂ ਸਮਾਂ ਚੋਣ ਜਾਬਤਾ ਲੱਗਾ ਹੈ ਉਨ੍ਹਾਂ ਚਿਰ ਆਪਣੇ ਧਰਨੇ ਪ੍ਰਦਰਸ਼ਨ ਨੂੰ ਹਟਾਉਣ ਕਿਉਂਕਿ ਜੇਕਰ ਪੱਕੇ ਹੱਲ ਲਈ ਕੋਈ ਹੋਰ ਕਾਰਜ ਵੀ ਕਰਨਾ ਹੈ ਤਾਂ ਉਹ ਲੋਕ ਸਭਾ ਚੋਣ ਜ਼ਾਬਤਾ ਤੋਂ ਬਾਅਦ ਹੀ ਸੰਭਵ ਹੈ | ਉਨ੍ਹਾਂ ਕਿਹਾ ਕਿ ਹੁਣ ਬਹੁਤ ਗਰਮੀ ਦਾ ਸਮਾਂ ਹੈ, ਗਰਮੀ ਕਾਰਨ ਧਰਨਾਕਾਰੀਆਂ ਨੂੰ ਵੀ ਸਰੀਰਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਅਸੀਂ ਸਾਰੇ ਸ਼ਹਿਰ ਵਾਸੀ ਸੀਵਰੇਜ ਦੀ ਸਮੱਸਿਆ ਦੇ ਹੱਲ ਲਈ ਇਕੱਠ ਹੋ ਕੇ ਯਤਨ ਕਰਾਂਗੇ ਪਰ ਪ੍ਰਸ਼ਾਸਨਿਕ ਮਜ਼ਬੂਰੀਆਂ ਨੂੰ ਸਮਝਣਾ ਵੀ ਜ਼ਰੂਰੀ ਹੈ ।