ਮਾਨਸਾ ਵਿਚ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਘਰ ਮਗਰੋਂ ਪਾਇਆ ਕੋਠੀ ਨੂੰ ਘੇਰਾ

0
69

ਮਾਨਸਾ 13 ਅਕਤੂਬਰ (ਸਾਰਾ ਯਹਾ/ਹੀਰਾ ਸਿੰਘ ਮਿੱਤਲ): ਇੱਥੇ ਕਿਸਾਨ ਯੂਨੀਅਨ ਉਗਰਾਹਾ ਵੱਲੋਂ ਡਿਪਟੀ ਕਮਿਸ਼ਨਰ ਦੇ ਦਫ਼ਤਰ ਤੋਂ ਬਾਅਦ ਹੁਣ ਉਨ੍ਹਾਂ ਦੀ ਸਰਕਾਰੀ ਕੋਠੀ ਦਾ ਘਿਰਾਓ ਕੀਤਾ ਗਿਆ। ਕਿਸਾਨ ਪੰਜਾਬ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਬੁਢਲਾਡਾ ਵਿੱਚ ਰੇਲਵੇ ਲਾਈਨ ਨਾਲ ਟੱਕਰ ਕਾਰਨ ਬਜ਼ੁਰਗ ਔਰਤ ਤੇਜ ਕੌਰ ਦੀ ਮੌਤ ਹੋਈ ਸੀ, ਉਸ ਦੇ ਪਰਿਵਾਰ ਦੀ ਮਦਦ ਕੀਤੀ ਜਾਵੇ। ਅੱਜ ਉਸ ਦੀ ਮੌਤ ਦੇ 5ਵੇਂ ਦਿਨ ਵੀ ਬਜ਼ੁਰਗ ਮਹਿਲਾ ਦਾ ਅੰਤਮ ਸੰਸਕਾਰ ਨਹੀਂ ਹੋ ਸਕਿਆ। ਕਿਸਾਨ ਯੂਨੀਅਨ ਮੰਗ ਕਰ ਰਹੀ ਹੈ ਕਿ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਜਾਵੇ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।

ਦੱਸ ਦਈਏ ਕਿ ਬੀਤੇ ਦਿਨੀਂ ਬੁਢਲਾਡਾ ਵਿਖੇ ਰੇਲਵੇ ‘ਤੇ ਧਰਨੇ ਦੌਰਾਨ ਰੇਲਵੇ ਲਾਈਨ ਨਾਲ ਹੋਈ ਟੱਕਰ ਵਿੱਚ ਬਜ਼ੁਰਗ ਔਰਤ ਤੇਜ ਕੌਰ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਕਿਸਾਨ ਯੂਨੀਅਨ ਨੇ ਪਰਿਵਾਰ ਦੀ ਮਦਦ ਲਈ ਮੰਗ ਕੀਤੀ ਪਰ ਪ੍ਰਸ਼ਾਸਨ ਨੇ ਅਜੇ ਤੱਕ ਪਰਿਵਾਰ ਦੀ ਮਦਦ ਦਾ ਕੋਈ ਠੋਸ ਭਰੋਸਾ ਨਹੀਂ ਦਿੱਤਾ। ਇਸ ਕਾਰਨ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਮਗਰੋਂ ਹੁਣ ਉਨ੍ਹਾਂ ਦੀ ਸਰਕਾਰੀ ਕੋਠੀ ਦਾ ਘਿਰਾਓ ਵੀ ਕੀਤਾ।

ਇਸ ਤੋਂ ਪਹਿਲਾਂ ਕੱਲ੍ਹ ਤੋਂ ਦਿਨ ਰਾਤ ਕਿਸਾਨਾਂ ਨੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਨੂੰ ਘੇਰੇ ਰੱਖਿਆ। ਕਿਸਾਨ ਆਗੂਆਂ ਨੇ ਕਿਹਾ ਕਿ ਜਿੰਨਾ ਚਿਰ ਉਨ੍ਹਾਂ ਦੀ ਮੰਗ ਪੂਰੀ ਨਹੀਂ ਕੀਤੀ ਜਾਂਦੀ, ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ ਤੇ ਉਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਧਰਨੇ ਵਿੱਚ ਪਹੁੰਚੀਆਂ ਕਿਸਾਨ ਔਰਤਾਂ ਨੇ ਦੱਸਿਆ ਕਿ ਉਹ ਇਸ ਸੰਘਰਸ਼ ਨੂੰ ਜਾਰੀ ਰੱਖਣਗੀਆਂ। ਹੁਣ ਉਸ ਦੇ ਬੱਚੇ ਵੀ ਇਸ ਸੰਘਰਸ਼ ਵਿਚ ਸ਼ਾਮਲ ਹੋਣਗੇ ਤੇ ਉਹ ਦੋਵਾਂ ਥਾਂਵਾਂ ‘ਤੇ ਡਿਪਟੀ ਕਮਿਸ਼ਨਰ ਦਾ ਘਿਰਾਓ ਕਰਨਗੇ ਜਿਸ ਕਾਰਨ ਉਨ੍ਹਾਂ ਦੀ ਮੰਗ ਪੂਰੀ ਹੋ ਸਕਦੀ ਹੈ।

NO COMMENTS