*ਮਾਨਸਾ ਵਿਖੇ ਆਯੋਜਿਤ ਸੱਤਵੇਂ ਮੈਗਾ ਰੋਜ਼ਗਾਰ ਮੇਲੇ ‘ਚ 2389 ਪ੍ਰਾਰਥੀਆਂ ਦੀ ਰੋਜ਼ਗਾਰ ਲਈ ਚੋਣ*

0
69

ਮਾਨਸਾ, 9 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ/ਬਲਜੀਤ ਸ਼ਰਮਾ)
ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਰਾਜ ਸਰਕਾਰ ਵਚਨਬੱਧ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਵਿਖੇ ਆਯੋਜਿਤ ਸੱਤਵੇਂ ਮੈਗਾ ਰੋਜ਼ਗਾਰ ਮੇਲੇ ਦਾ ਜਾਇਜ਼ਾ ਲੈਂਦਿਆ ਕੀਤਾ। ਇਸ ਮੇਲੇ ਵਿੱਚ ਜ਼ਿਲ੍ਹੇ ਭਰ ਵਿੱਚੋਂ ਵੱਡੀ ਗਿਣਤੀ ਲੋੜਵੰਦ ਪ੍ਰਾਰਥੀ ਸ਼ਾਮਲ ਹੋਏ ਅਤੇ ਵੱਖ-ਵੱਖ ਕੰਪਨੀਆਂ ਵੱਲੋਂ 2389 ਯੋਗ ਬਿਨੈਕਾਰਾਂ ਦੀ ਚੋਣ ਰੋਜ਼ਗਾਰ ਲਈ ਕੀਤੀ ਗਈ। ਇਸ ਮੌਕੇ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੋਜ਼ਗਾਰ ਮੇਲਿਆਂ ਰਾਹੀਂ ਪ੍ਰਾਈਵੇਟ ਉਦਯੋਗਾਂ ਅਤੇ ਕੰਪਨੀਆਂ ਨੂੰ ਪ੍ਰੇਰਿਤ ਕਰਕੇ ਉਨ੍ਹਾਂ ਦੀ ਲੋੜ ਮੁਤਾਬਿਕ ਅਜਿਹਾ ਮੰਚ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿੱਥੋ ਉਹ ਸਿੱਧੇ ਤੌਰ ਉਤੇ ਹੁਨਰਮੰਦ ਨੌਜਵਾਨਾਂ ਦੀ ਚੋਣ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਘਰ-ਘਰ ਰੋਜ਼ਗਾਰ ਮਿਸ਼ਨ ਦੇ ਪੋਰਟਲ ‘ਤੇ ਰਜਿਸ਼ਟ੍ਰੇਸ਼ਨ ਕਰਵਾ ਕੇ ਕੋਈ ਵੀ ਲੋੜਵੰਦ ਬਿਨੈਕਾਰ ਜ਼ਿਲ੍ਹਾ ਰੋਜ਼ਗਾਰ ਬਿਊਰੋ ਨਾਲ ਜੁੜ ਸਕਦਾ ਹੈ ਅਤੇ ਅਜਿਹੇ ਮੇਲਿਆਂ ਦਾ ਹਿੱਸਾ ਬਣ ਕੇ ਰੋਜ਼ਗਾਰ ਹਾਸਿਲ ਕਰ ਸਕਦਾ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਰੋਜ਼ਗਾਰ ਮੇਲੇ ਲੋੜਵੰਦਾਂ ਲਈ ਲਾਹੇਵੰਦ ਸਾਬਿਤ ਹੋ ਰਹੇ ਹਨ ਅਤੇ ਸਰਕਾਰ ਦੇ ਇਸ ਮਿਸ਼ਨ ਦਾ ਬਿਨੈਕਾਰਾਂ ਨੂੰ ਵੱਧ ਤੋਂ ਵੱਧ ਲਾਭ ਲੈਣਾ ਚਾਹੀਦਾ ਹੈ। ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਰੋਜ਼ਗਾਰ ਬਿਊਰੋ ਸਥਾਪਤ ਹੈ ਜਿੱਥੇ ਤਾਇਨਾਤ ਸਟਾਫ ਵੱਲੋਂ ਬੇਰੋਜ਼ਗਾਰਾਂ ਨੂੰ ਉਨ੍ਹਾਂ ਦੀ ਲੋੜ ਅਤੇ ਹੁਨਰ ਮੁਤਾਬਿਕ ਢੁਕਵੀਂ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਉਨ੍ਹਾਂ ਨੌਜਵਾਨ ਵਰਗ ਦਾ ਹੌਂਸਲਾ ਵਧਾਇਆ ਅਤੇ ਕਿਹਾ ਕਿ ਹੁਨਰਮੰਦ ਨੌਜਵਾਨਾਂ ਲਈ ਆਪਣੇ ਭਵਿੱਖ ਨੂੰ ਚਮਕਾਉਣ ਲਈ ਰੋਜ਼ਗਾਰ ਮੇਲੇ ਸਾਰਥਕ ਮੰਚ ਹਨ।
ਰੋਜ਼ਗਾਰ ਮੇਲੇ ਵਿੱਚ ਪਹੁੰਚੇ ਨੌਜਵਾਨਾਂ ਨੇ ਕਿਹਾ ਕਿ ਘਰ ਘਰ ਰੋਜ਼ਗਾਰ ਪੋਰਟਲ ‘ਤੇ ਰਜਿਸਟਰੇਸ਼ਨ ਕਰਵਾਉਣ ਤੋਂ ਬਾਅਦ ਹੁਣ ਉਨ੍ਹਾਂ ਵਿੱਚ ਨੌਕਰੀ ਪ੍ਰਤੀ ਪੂਰੀ ਆਸ ਜਾਗ ਪਈ ਹੈ। ਨੌਜਵਾਨਾਂ ਨੇ ਕਿਹਾ ਕਿ ਕੰਪਨੀਆਂ ਦੇ ਨੁਮਾਇੰਦਿਆਂ ਵੱਲੋਂ ਇੰਟਰਵਿਊ ਕੀਤੀ ਗਈ ਹੈ ਅਤੇ ਕੰਪਨੀਆਂ ਤੋਂ ਮਿਲੇ ਹਾਂ ਪੱਖੀ ਹੁੰਗਾਰੇ ਨੇ ਉਨ੍ਹਾਂ ਦੇ ਹੌਂਸਲੇ ਵਿੱਚ ਵਾਧਾ ਕੀਤਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਉਪਕਾਰ ਸਿੰਘ, ਸਫਾਈ ਕਰਮਚਾਰੀ ਕਮਿਸ਼ਨ ਦੇ ਵਾਈਸ ਚੇਅਰਮੈਨ ਸ੍ਰੀ ਰਾਮ ਸਿੰਘ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਵੀ ਮੌਜੂਦ ਸਨ।

NO COMMENTS