ਮਾਨਸਾ 17 ਮਾਰਚ (ਸਾਰਾ ਯਹਾ, ਬਲਜੀਤ ਸ਼ਰਮਾ)-ਮਾਨਸਾ ਦੇ ਮੇਨ ਰੇਲਵੇ ਫਾਟਕ ਕੋਲ ਦੋਵੇਂ ਪਾਸੀਂ ਸ਼ਹਿਰ ਵਿੱਚ ਲੱਗਦੇ ਟ੍ਰੈਫਿਕ ਜਾਮ ਦੀ ਵੱਡੀ ਸਮੱਸਿਆ ਤੋਂ ਲੋਕਾਂ ਨੂੰ ਨਿਜਾਤ ਦਿਵਾਉਣ ਲਈ ਮਾਨਸਾ ਦੀ ਐਸ ਡੀ ਐਮ, ਸ਼੍ਰੀਮਤੀ ਸਰਬਜੀਤ ਕੌਰ ਵੱਲੋ ਸ਼ਹਿਰ ਵਿੱਚਲੇ ਰੇਲਵੇ ਫਾਟਕ ਨੇੜੇ ਲਗਦੀਆਂ ਸਬਜ਼ੀ ਦੀਆਂ ਰੇਹੜੀਆਂ ਅਤੇ ਫੜੀਆ ਜੋ ਕਿ ਸ਼ਹਿਰ ਦੀ ਰੇਲਵੇ ਕਰੋਸਿੰਗ ਨੇੜੇ ਵੱਡੀ ਟ੍ਰੈਫਿਕ ਸਮੱਸਿਆ ਬਣੀਆਂ ਹੋਈਆਂ ਹਨ ਨੂੰ ਉਥੋਂ ਬਦਲਕੇ ਪੁਰਾਣੀ ਸਬਜ਼ੀ ਮੰਡੀ ਵਿੱਚ ਸ਼ਿਫਟ ਕੀਤਾ ਜਾ ਰਿਹਾ ਹੈ। ਮੈਡਮ ਸਰਬਜੀਤ ਕੌਰ ਵੱਲੋ ਇੰਨ੍ਹਾਂ ਰੇਹੜੀਆਂ ਫੜੀਆ ਲਈ ਪੁਰਾਣੀ ਸਬਜ਼ੀ ਮੰਡੀ ਵਾਲੀ ਜਗ੍ਹਾ ਵਿੱਚ ਇੰਟਰ ਲੋਕਿੰਗ ਟਾਇਲਾ ਦਾ ਫਰਸ਼, ਪੀਣਯੋਗ ਪਾਣੀ, ਟਿਊਂਬ ਲਾਇਟਾਂ ਵਗੈਰਾ ਲੋੜੀਂਦੇ ਪ੍ਰਬੰਧ ਕਰਵਾਏ ਹਨ ਅਤੇ ਜਲਦੀ ਹੀ ਬਾਥਰੂਮ ਵੀ ਬਣਵਾਏ ਜਾਣੇ ਹਨ ਐਸ ਡੀ ਐਮ ਵੱਲੋ ਇਹ ਲੋੜੀਂਦੇ ਪ੍ਰਬੰਧ ਆਪਣੀ ਨਿਗਰਾਨੀ ਹੇਠ ਕਰਵਾਏ ਹਨ ਅਤੇ ਹਰ ਇੱਕ ਦੁਕਾਨਦਾਰ ਨੂੰ ਸਬਜ਼ੀ ਵੇਚਣ ਲਈ ਦੁਕਾਨ ਦੀ ਜਗ੍ਹਾ ਆਰਜੀ ਤੋਰ ਤੇ ਦਿੱਤੀ ਜਾ ਰਹੀ ਹੈ। ਸਬਜ਼ੀ ਮਾਰਕੀਟ ਸ਼ਿਫਟ ਹੋਣ ਤੋਂ ਬਾਅਦ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਤੋਂ ਨਿਜਾਤ ਮਿਲੇਗੀ।
ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਨਗਰ ਕੌਂਸਲ ਮਾਨਸਾ ਦੀ ਟੀਮ ਦੇ ਸਹਿਯੋਗ ਨਾਲ ਪੁਰਾਣੀ ਸਬਜ਼ੀ ਮੰਡੀ ਵਾਲੀ ਜਗ੍ਹਾ ਸਬਜ਼ੀ ਰੇਹੜੀ, ਫੜੀ ਵਾਲਿਆ ਲਈ ਤਿਆਰ ਕਰਵਾਈ ਗਈ ਹੈ ਤਾਂ ਜੋ ਪੱਕੀ ਜਗਾ ਦਾ ਪ੍ਰਬੰਧ ਹੋਣ ਤੱਕ ਇੰਨ੍ਹਾਂ ਨੂੰ ਉਥੇ ਅਰਜ਼ੀ ਤੋਰ ਤੇ ਸ਼ਿਫਟ ਕੀਤਾ ਜਾ ਸਕੇ ਉਨ੍ਹਾਂ ਦੱਸਿਆ ਕਿ ਸ਼ਹਿਰ ਦੇ ਮੇਨ ਰੇਲਵੇ ਕਰੋਸਿੰਗ ਨੇੜੇ ਸਬਜ਼ੀ ਦੀਆਂ ਫੜੀਆ ਅਤੇ ਰੇਹੜੀਆਂ ਲਗਾਉਣ ਵਾਲੇ ਸਮੂਹ ਦੁਕਾਨਦਾਰਾਂ ਨਾਲ ਉਨ੍ਹਾਂ ਵੱਲੋਂ ਮੀਟਿੰਗ ਵੀ ਕੀਤੀ ਗਈ ਹੈ ਅਤੇ ਸਮੂਹ ਦੁਕਾਨਦਾਰਾਂ ਨੇ ਪੁਰਾਣੀ ਸਬਜ਼ੀ ਮੰਡੀ ਵਾਲੀ ਜਗ੍ਹਾ ਤੇ ਸ਼ਿਫਟ ਹੋਣ ਲਈ ਆਪਣੀ ਲਿਖਤੀ ਸਹਿਮਤੀ ਦਿੰਦਿਆ ਕਿਹਾ ਕਿ ਉਹ ਸਾਰੇ ਇੱਕ ਅਪ੍ਰੈਲ ਤੱਕ ਉਥੇ ਸ਼ਿਫਟ ਹੋ ਜਾਣਗੇ। ਉਨ੍ਹਾਂ ਕਿਹਾ ਕਿ ਰੇਲਵੇ ਫਾਟਕ ਨਜ਼ਦੀਕ ਸਬਜ਼ੀ ਵੇਚਣ ਵਾਲੇ ਦੁਕਾਨਦਾਰਾਂ ਨੂੰ ਪੁਰਾਣੀ ਸਬਜ਼ੀ ਮੰਡੀ ਵਿੱਚ ਆਰਜੀ ਤੋਰ ਤੇ ਜਗ੍ਹਾ ਦਿੱਤੀ ਜਾ ਰਹੀ ਹੈ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸ਼ਾਸ਼ਨ ਦਾ ਸਹਿਯੋਗ ਕਰਨ ਤੇ 1 ਅਪ੍ਰੈਲ ਤੋਂ ਬਾਅਦ ਸਬਜ਼ੀ ਪੁਰਾਣੀ ਸਬਜ਼ੀ ਮੰਡੀ ਵਾਲੀ ਜਗ੍ਹਾ ਤੋਂ ਖਰੀਦਣ, ਉਨ੍ਹਾਂ ਅੱਗੇ ਦੱਸਿਆ ਕਿ 1 ਅਪ੍ਰੈਲ ਤੋਂ ਬਾਅਦ ਮਾਨਸਾ ਸ਼ਹਿਰ ਵਿੱਚੋ ਟ੍ਰੈਫਿਕ ਜਾਮ ਦੀ ਸਮੱਸਿਆ ਦੇ ਹੱਲ ਲਈ ਸ਼ਹਿਰ ਵਿੱਚ ਵਹੀਕਲਾਂ ਲਈ ਪਾਰਕਿੰਗ ਬਣਾਉਣ ਦੀ ਤਜਵੀਜ ਹੈ। ਸ਼੍ਰੀਮਤੀ ਸਰਬਜੀਤ ਕੌਰ ਨੇ ਸ਼ਹਿਰ ਨੂੰ ਸੁੰਦਰ ਬਣਾਉਣ ਤੇ ਵੱਧ ਤੋਂ ਵੱਧ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਨ ਲਈ ਸ਼ਹਿਰ ਵਾਸੀਆਂ ਤੋਂ ਸਹਿਯੋਗ ਦੀ ਮੰਗ ਕੀਤੀ ਹੈ।
ਵਰਨਣਯੋਗ ਹੈ ਕਿ ਮੈਡਮ ਸਰਬਜੀਤ ਕੌਰ ਨੂੰ ਐਸ ਡੀ ਐਮ ਮਾਨਸਾ ਤੈਨਾਤ ਹੋਇਆ ਅਜੇ ਥੋੜਾ ਸਮਾਂ ਹੀ ਹੋਇਆ ਹੈ ਪਰ ਉਹ ਮਾਨਸਾ ਸ਼ਹਿਰ ਦੇ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਅਤੇ ਸ਼ਹਿਰ ਦੇ ਵਿਕਾਸ ਕਾਰਜਾ ਵਿੱਚ ਨਿੱਜੀ ਦਿਲਚਸਪੀ ਦਿਖਾ ਰਹੇ ਹਨ।