*ਮਾਨਸਾ ਲਈ ਮਾਣ ਡਾ. ਜਨਕ ਰਾਜ ਸਿੰਗਲਾ ਬਣੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੇ ਲਗਾਤਾਰ ਪੰਜਵੀਂ ਵਾਰ ਚੁਣਿਆ ਪ੍ਰਧਾਨ*

0
71

ਮਾਨਸਾ, 20 ਜਨਵਰੀ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਿਤੀ 15ਜਨਵਰੀ 2025 ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦੀ ਜਨਰਲ ਬਾਡੀ ਡਿਨਰ ਮੀਟਿੰਗ ਮਹਿਕ ਹੋਟਲ ਮਾਨਸਾ ਵਿਖੇ ਸ਼ਾਮ 8.00 ਵਜੇ ਹੋਈ ਜਿਸ ਵਿੱਚ ਹਾਊਸ ਵੱਲੋਂ ਡਾ. ਜਨਕ ਰਾਜ ਸਿੰਗਲਾ ਨੂੰ ਸਰਬਸੰਮਤੀ ਨਾਲ ਸਾਲ 2025 ਅਤੇ 2026 ਲਈ ਲਗਾਤਾਰ ਪੰਜਵੀਂ ਵਾਰ ਪ੍ਰਧਾਨ ਚੁਣ ਲਿਆ ਗਿਆ। ਇਸ ਚੋਣ ਵਿੱਚ ਬਤੌਰ ਅਬਜ਼ਰਵਰ ਡਾ. ਗੁਰਬਖਸ਼ ਸਿੰਘ ਚਹਿਲ, ਡਾ. ਕੇ. ਪੀ. ਸਿੰਗਲਾ, ਡਾ. ਰਣਜੀਤ ਸਿੰਘ ਰਾਏ, ਡਾ.ਰਮੇਸ਼ ਕਟੌਦੀਆ ਅਤੇ ਡਾ. ਸੁਨੀਤ ਜਿੰਦਲ ਸ਼ਾਮਲ ਸਨ। ਡਾ. ਜਨਕ ਰਾਜ ਸਿੰਗਲਾ ਨੇ ਡਾ. ਸ਼ੇਰ ਜੰਗ ਸਿੰਘ ਸਿੱਧੂ ਨੂੰ ਇੰਡੀਅਨ ਮੈਡੀਕਲ ਐਸੋਸੀਏਸ਼ਨ ਮਾਨਸਾ ਦਾ ਜਨਰਲ ਸਕੱਤਰ ਅਤੇ ਡਾ. ਸੁਰੇਸ਼ ਸਿੰਗਲਾ ਨੂੰ ਵਿੱਤ ਸਕੱਤਰ ਨਯਿੁਕਤ ਕੀਤਾ। ਡਾ. ਜਨਕ ਰਾਜ ਸਿੰਗਲਾ ਹੋਰ ਵੀ ਕਈ ਸਮਾਜ ਸੇਵੀ ਸੰਸਥਾਵਾਂ ਨਾਲ ਜੁੜੇ ਹੋਏ ਹਨ ਅਤੇ “ਵਾਇਸ ਆਫ਼ ਮਾਨਸਾ” ਸੰਸਥਾ ਦੇ ਵੀ ਮੌਜੂਦਾ ਪ੍ਰਧਾਨ ਹਨ ਅਤੇ ਰੋਟਰੀ ਕਲੱਬ ਮਾਨਸਾ ਰਾਇਲ ਦੇ ਸਾਬਕਾ ਪ੍ਰਧਾਨ ਹਨ। ਡਾ. ਸਾਹਿਬ ਨੇ ਦੱਸਿਆ ਕਿ ਉਹ ਬਾਕੀ ਟੀਮ ਦਾ ਐਲਾਨ ਜਲਦੀ ਹੀ ਕਰ ਦੇਣਗੇ। ਉਨ੍ਹਾਂ ਵਿਸ਼ਵਾਸ ਦਵਾਇਆ ਕਿ ਉਹ ਡਾਕਟਰ ਸਾਹਿਬਾਨਾਂ ਦੇ ਦਰਪੇਸ਼ ਆਉਂਦੀਆਂ ਸਮੱਸਿਆਵਾਂ ਦਾ ਹੱਲ ਪਹਿਲ ਦੇ ਆਧਾਰ ਤੇ ਕਰਨਗੇ। ਉਨ੍ਹਾਂ ਦੱਸਿਆ ਕਿ ਸਾਰੇ ਡਾਕਟਰ ਪੂਰੀ ਜੀਅ ਜਾਨ ਲਗਾ ਕੇ ਮਰੀਜ਼ਾਂ ਦੀ ਸੇਵਾ ਕਰਨਗੇ ਅਤੇ ਕਿਸੇ ਵੀ ਮਰੀਜ਼ ਨੂੰ ਇਲਾਜ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ। ਨਾਲ ਹੀ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮਿਲਕੇ ਸਾਰੇ ਹੀ ਰਾਸ਼ਟਰੀ ਸਿਹਤ ਪ੍ਰੋਗਰਾਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ ਅਤੇ ਪ੍ਰਸ਼ਾਸਨ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਡਾਕਟਰ ਅਤੇ ਮਰੀਜ਼ ਦਾ ਰਿਸ਼ਤਾ ਨਹੁੰ ਮਾਸ ਦਾ ਰਿਸ਼ਤਾ ਹੈ ਅਤੇ ਇਸ ਪਵਿੱਤਰ ਰਿਸ਼ਤੇ ਨੂੰ ਹੋਰ ਵੀ ਗੂੜ੍ਹਾ ਬਨਾਉਣ ਲਈ ਸਾਰੇ ਮੈਂਬਰ ਪੂਰੀ ਈਮਾਨਦਾਰੀ ਨਾਲ ਕੰਮ ਕਰਨਗੇ। ਨਾਲ ਹੀ ਉਨ੍ਹਾਂ ਨੇ ਦੇਸ਼ ਵਿੱਚ ਡਾਕਟਰਾਂ ਉੱਪਰ ਹੋ ਰਹੇ ਹਿੰਸਕ ਹਮਲਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਵੀ ਕੀਤੀ ਅਤੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਨੂੰ ਐਮਰਜੈਂਸੀ ਹਾਲਾਤਾਂ ਵਿੱਚ ਸੰਜਮ ਅਤੇ ਧੀਰਜ ਤੋਂ ਕੰਮ ਲੈਣ ਦੀ ਸਲਾਹ ਦਿੱਤੀ ਤਾਂ ਜੋ ਡਾਕਟਰ ਬਿਨਾਂ ਕਿਸੇ ਮਾਨਸਿਕ ਦਬਾਅ ਦੇ ਆਪਣੀਆਂ ਸੇਵਾਵਾਂ ਮਰੀਜ਼ਾਂ ਨੂੰ ਦੇ ਸਕਣ। ਅਖੀਰ ਵਿੱਚ ਡਾ. ਸਿੰਗਲਾ ਨੇ ਸਾਰੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਭਰਪੂਰ ਕੋਸ਼ਿਸ਼ ਕਰਨਗੇ ਅਤੇ ਐਸੋਸੀਏਸ਼ਨ ਨੂੰ ਹੋਰ ਵੀ ਉੱਚੀਆਂ ਬੁਲੰਦੀਆਂ ਤੇ ਲੈ ਕੇ ਜਾਣਗੇ। ਅੰਤ ਵਿੱਚ ਜਨਰਲ ਸਕੱਤਰ ਡਾ. ਸ਼ੇਰ ਜੰਗ ਸਿੰਘ ਸਿੱਧੂ ਨੇ ਸਾਲ 2024 ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ ਅਤੇ ਭਾਰੀ ਗਿਣਤੀ ਵਿੱਚ ਸਾਰੇ ਮੌਜੂਦ ਡਾਕਟਰ ਸਾਹਿਬਾਨਾਂ ਦਾ ਧੰਨਵਾਦ ਕੀਤਾ।


NO COMMENTS