ਮਾਨਸਾ, 9 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ/ਬਲਜੀਤ ਸ਼ਰਮਾ) :ਕੋਰੋਨਾ ਦੀ ਸੰਭਾਵੀ ਤੀਜੀ ਲਹਿਰ ਦੇ ਖ਼ਤਰੇ ਨੂੰ ਵੇਖਦੇ ਹੋਏ ਸਿਹਤ ਵਿਭਾਗ ਦੁਆਰਾ ਲਗਾਤਾਰ ਲੋਕਾਂ ਨੂੰ ਸਾਵਧਾਨੀਆਂ ਵਰਤਣ, ਵੈਕਸੀਨੇਸ਼ਨ ਕਰਵਾਉਣ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਲੋਕਾਂ ਦੇ ਸਹਿਯੋਗ ਸਦਕਾ ਪਿਛਲੇ 8 ਦਿਨਾਂ ਤੋਂ ਕੋਈ ਵੀ ਨਵਾਂ ਕੋਰੋਨਾ ਪਾਜ਼ੀਟਿਵ ਕੇਸ ਨਹੀਂ ਆਇਆ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਸਿਵਲ ਸਰਜਨ ਡਾ. ਹਿਤਿੰਦਰ ਕੌਰ ਨੇ ਦੱਸਿਆ ਕਿ ਲੋਕਾਂ ਵਿੱਚ ਅਗਸਤ ਮਹੀਨੇ ਵਿਚ ਵੈਕਸੀਨ ਲਗਾਉਣ ਦਾ ਉਤਸ਼ਾਹ ਅਤੇ ਦਿਲਚਸਪੀ ਕਾਫ਼ੀ ਦੇਖਣ ਨੂੰ ਮਿਲੀ, ਜੇਕਰ ਪਿਛਲੇ ਸੱਤ ਮਹੀਨਿਆਂ ਦੀ ਗੱਲ ਕਰੀਏ ਤਾਂ ਹੁਣ ਤੱਕ 2.95 ਲੱਖ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ । ਉਨ੍ਹਾਂ ਕਿਹਾ ਕਿ ਵੱਡੀ ਖੁਸ਼ੀ ਦੀ ਗੱਲ ਇਹ ਹੈ ਕਿ ਮਾਨਸਾ ਜ਼ਿਲ੍ਹੇ ਵਿਚ ਵੈਕਸੀਨ ਲਗਵਾਉਣ ਦੀ ਰਫ਼ਤਾਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਗਸਤ ਮਹੀਨੇ ਵਿੱਚ ਜੁਲਾਈ ਦੇ ਮੁਕਾਬਲੇ 41 ਹਜ਼ਾਰ ਵੱਧ ਡੋਜ਼ ਲਗਾਈਆਂ ਗਈਆਂ ਹਨ। ਜ਼ਿਲ੍ਹਾ ਮਾਨਸਾ ਵਿੱਚ ਅਠਾਰਾਂ ਸਾਲ ਤੋਂ ਵੱਧ ਉਮਰ ਦੇ 5.65 ਲੱਖ ਲੋਕਾਂ ਦੇ ਟੀਕਾਕਰਨ ਦਾ ਟੀਚਾ ਮਿੱਥਿਆ ਗਿਆ ਸੀ,ਮਿਥੇ ਗਏ ਟੀਚੇ ਵਿਚੋਂ ਜ਼ਿਲ੍ਹੇ ਵਿਚ 41 ਫ਼ੀਸਦੀ ਲੋਕਾਂ ਨੇ ਪਹਿਲੀ ਖੁਰਾਕ ਲੈ ਲਈ ਹੈ। ਜੇਕਰ ਰਫ਼ਤਾਰ ਇਸੇ ਤਰ੍ਹਾਂ ਰਹੀ ਤਾਂ ਇਸੇ ਸਾਲ ਦਸੰਬਰ ਦੇ ਅਖ਼ੀਰ ਤੱਕ ਇਹ ਟੀਚਾ ਪੂਰਾ ਕਰ ਲਿਆ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ 53,467 ਵਿਅਕਤੀਆਂ ਦੇ ਦੂਸਰੀ ਖ਼ੁਰਾਕ ਵੀ ਲੱਗ ਚੁੱਕੀ ਹੈ, ਨਾਲ ਹੀ ਇਹ ਵੀ ਖੁਸ਼ਖਬਰੀ ਦੀ ਗੱਲ ਹੈ ਕਿ ਪਿਛਲੇ ਅੱਠ ਦਿਨਾਂ ਤੋਂ ਕੋਈ ਵੀ ਪੌਜ਼ੀਟਿਵ ਕੇਸ ਨਹੀਂ ਆਇਆ ਅਤੇ ਸਿਰਫ ਇਕ ਹੀ ਐਕਟਿਵ ਕੇਸ ਮਾਨਸਾ ਜ਼ਿਲ੍ਹੇ ਵਿੱਚ ਹੈ। ਉਨ੍ਹਾਂ ਕਿਹਾ ਕਿ ਇਹ ਮਰੀਜ਼ ਵੀ ਜਲਦ ਹੀ ਤੰਦਰੁਸਤ ਹੋ ਕੇ ਘਰ ਚਲਾ ਜਾਵੇਗਾ।