*ਮਾਨਸਾ ਨਗਰ ਕੌਂਸਲ ਦੀ ਹਦੂਦ ਅੰਦਰ ਪ੍ਰਾਪਰਟੀ ਟੈਕਸ ਨਾ ਭਰਨ ਵਾਲੀ ਇਕ ਇਮਾਰਤ ਨੂੰ ਕੀਤਾ ਸੀਲ-ਕਾਰਜਸਾਧਕ ਅਫ਼ਸਰ*

0
237

ਮਾਨਸਾ, 17 ਜਨਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ):: ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਦੀਆ ਹਦਾਇਤਾਂ ’ਤੇ ਨਗਰ ਕੌਂਸਲ ਮਾਨਸਾ ਵੱਲੋਂ 8 ਇਮਾਰਤਾਂ ਨੂੰ ਸੀਲਿੰਗ ਨੋਟਿਸ ਜਾਰੀ ਕੀਤੇ ਗਏ, ਜਿੰਨ੍ਹਾਂ ਵਿਚੋਂ 6 ਇਮਾਰਤਾਂ ਵੱਲੋਂ ਪਹਿਲਾਂ ਹੀ ਟੈਕਸ ਦੀ ਅਦਾਇਗੀ ਕਰ ਦਿੱਤੀ ਗਈ ਸੀ। ਨਗਰ ਕੌਂਸਲ ਦੀ ਹਦੂਦ ਅੰਦਰ ਟੈਕਸ ਦੀ ਅਦਾਇਗੀ ਨਾ ਕਰਨ ’ਤੇ ਇਕ ਇਮਾਰਤ ਨੂੰ ਸੀਲ ਕੀਤਾ ਗਿਆ ਹੈ ਅਤੇ 1 ਇਮਾਰਤ ਦਾ ਮੌਕੇ ’ਤੇ ਟੈਕਸ ਭਰਵਾਇਆ ਗਿਆ। ਇਹ ਜਾਣਕਾਰੀ ਕਾਰਜਸਾਧਕ ਅਫ਼ਸਰ, ਮਾਨਸਾ ਸ੍ਰੀ ਬਿਪਨ ਕੁਮਾਰ ਨੇ ਦਿੱਤੀ।
ਕਾਰਜਸਾਧਕ ਅਫ਼ਸਰ ਸ੍ਰੀ ਬਿਪਨ ਕੁਮਾਰ ਨੇ ਵਪਾਰਕ ਤੇ ਰਿਹਾਇਸ਼ੀ ਯੂਨਿਟਾਂ ਦੇ ਮਾਲਕਾਂ ਨੂੰ ਲੰਬਿਤ ਪ੍ਰਾਪਰਟੀ ਟੈਕਸ ਤੁਰੰਤ ਜਮ੍ਹਾਂ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਅਧੀਨ ਆਉਂਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਦੀ ਹਦੂਦ ਅੰਦਰ ਆਉਂਦੇ ਵਪਾਰਕ ਅਤੇ ਰਿਹਾਇਸ਼ੀ ਯੂਨਿਟਾਂ ਦੇ ਮਾਲਕਾਂ ਵੱਲ ਬਕਾਇਆ ਪ੍ਰਾਪਰਟੀ ਟੈਕਸ (ਚਾਲੂ ਸਾਲ 2022-23) 31 ਦਸੰਬਰ 2022 ਤੱਕ ਬਿਨ੍ਹਾ ਵਿਆਜ ਜ਼ੁਰਮਾਨੇ ਤੋਂ ਅਦਾ ਕਰ ਸਕਦੇ ਸੀ, ਇਸ ਸਬੰਧੀ ਪ੍ਰਾਪਰਟੀ ਟੈਕਸ ਹਿੱਤ ਸਬੰਧਤ ਧਿਰਾਂ ਨੂੰ ਸਮੇਂ-ਸਮੇਂ ’ਤੇ ਨੋਟਿਸ ਜਾਰੀ ਕੀਤੇ ਗਏ। ਉਨ੍ਹਾਂ ਕਿਹਾ ਜਿੰਨ੍ਹਾਂ ਵਿਅਕਤੀਆਂ ਵੱਲੋਂ ਪ੍ਰਾਪਰਟੀ ਟੈਕਸ ਨਹੀ ਭਰਿਆ ਗਿਆ ਉਨ੍ਹਾਂ ਦੀ ਪ੍ਰਾਪਰਟੀ ਸੀਲ ਕਰਨ ਸਬੰਧੀ ਨਗਰ ਕੌਂਸਲ, ਮਾਨਸਾ ਵੱਲੋਂ ਕਾਰਵਾਈ ਆਰੰਭ ਕੀਤੀ ਗਈ।
ਉਨ੍ਹਾਂ ਕਿਹਾ ਕਿ ਵਪਾਰਕ ਤੇ ਰਿਹਾਇਸ਼ੀ ਯੂਨਿਟਾਂ ਜਿੰਨ੍ਹਾਂ ਦਾ ਪ੍ਰਾਪਰਟੀ ਟੈਕਸ ਅਦਾਇਗੀ ਹਿੱਤ ਲੰਬਿਤ ਹੈ ਨੂੰ ਤੁਰੰਤ ਆਪਣਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ।  ਉਨ੍ਹਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰਨ ਵਾਲਿਆਂ ਦੇ ਖਿਲਾਫ ਨਿਯਮਾਂ ਅਨੁਸਾਰ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

NO COMMENTS