*ਮਾਨਸਾ ਦੇ ਬੱਸ ਸਟੈਂਡ ਚੌਂਕ ਚੋਂ ਸ਼ਰੇਆਮ ਨੌਜਵਾਨ ਮੁੰਡਾ ਕੁੜੀ ਅਗਵਾ! ਪੁਲੀਸ ਮੁਲਾਜ਼ਮ ਹੁੰਦੇ ਹੋਏ ਵੀ ਅਗਵਾਕਾਰਾਂ ਨੇ ਬੜੀ ਆਸਾਨੀ ਨਾਲ ਦਿੱਤਾ ਘਟਨਾ ਨੂੰ ਅੰਜਾਮ*

0
852

ਮਾਨਸਾ  11‌ ਅਪਰੈਲ  (ਸਾਰਾ ਯਹਾਂ/ਬੀਰਬਲ ਧਾਲੀਵਾਲ) :  ਪੰਜਾਬ ਵਿੱਚ ਹਰ ਰੋਜ਼ ਵਾਪਰ ਰਹੀਆਂ ਘਟਨਾਵਾਂ ਤੋਂ ਜਿਥੇ ਪੂਰੇ ਪੰਜਾਬ ਵਾਸੀ ਚਿੰਤਾ ਵਿੱਚ ਹਨ ਉੱਥੇ ਹੀ ਇਨ੍ਹਾਂ ਘਟਨਾਵਾਂ ਨੇ ਮਾਨਸਾ ਜ਼ਿਲ੍ਹੇ ਨੂੰ ਵੀ ਆਪਣੀ ਗ੍ਰਿਫਤ ਵਿਚ ਲੈ ਲਿਆ ਹੈ ।ਸ਼ਹਿਰ ਦੇ ਬੱਸ ਅੱਡੇ ਸਾਹਮਣੇ ਸੇਵਾ ਸਿੰਘ ਠੀਕਰੀਵਾਲਾ ਵਾਲ਼ਾ ਚੌਂਕ ਚੋਂ ਅੱਜ ਦੁਪਹਿਰ ਕਾਰ ਸਵਾਰ ਨੌਜਵਾਨਾਂ ਨੇ ਇੱਕ ਮੁੰਡੇ ਦੀ ਕੁੱਟ ਮਾਰ ਕਰਨ ਤੋਂ ਬਾਅਦ ਇੱਕ ਨੌਜਵਾਨ ਕੁੜੀ ਸਮੇਤ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਕਾਰਵਾਈ ਪੁਲੀਸ ਦੇ ਬਿਲਕੁਲ ਸਾਹਮਣੇ ਵਾਪਰੀ ਦੱਸੀ ਜਾਂਦੀ ਹੈ ਅਤੇ ਪੁਲੀਸ ਵੱਲੋਂ ਕੁੱਝ ਵੀ ਨਾ ਕਰ ਸਕਣ ਨੂੰ ਲੈਕੇ ਮਗਰੋਂ ਲੋਕ ਰੋਹ ਦਾ ਸਾਹਮਣਾ ਵੀ ਕਰਨਾ ਪਿਆ। ਭਾਵੇਂ ਘਟਨਾ ਵਾਪਰਨ ਤੋਂ ਪਿਛੋਂ ਥਾਣਾ ਸਿਟੀ -2 ਮਾਨਸਾ ਦੇ ਮੁਖੀ ਭਜਨ ਸਿੰਘ ਅਤੇ ਡੀਐਸਪੀ ਫੋਰਸ ਸਮੇਤ ਪੁੱਜੇ,ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪੁਲੀਸ ਵਲੋਂ ਸੀਸੀ ਟੀਵੀ ਕੈਮਰਿਆਂ ਦੇ ਸਹਾਰੇ ਕਸੂਰਵਾਰਾਂ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ,‌ ਪਰ  ਫਿਲਹਾਲ ਨਾ ਹੀ ਅਗਵਾਕਾਰਾਂ ਅਤੇ ਨਾ ਹੀ ਅਗਵਾ ਕਰਕੇ ਲਿਜਾਣ ਵਾਲਿਆਂ ਦੀ ਪੁਲੀਸ ਅਤੇ ਰਾਹਗੀਰਾਂ ਸਮੇਤ ਚੌਂਕ ਵਿਚਲੇ ਦੁਕਾਨਦਾਰਾਂ ਨੂੰ ਕੋਈ ਪਛਾਣ ਹੋਈ ਹੈ।ਮੌਕੇ ‘ਤੇ  ਮੌਜੂਦ ਲੋਕਾਂ ਨੇ ਚੌਕ ਵਿਚਲੇ ਡਿਊਟੀ ਉਪਰ ਤਾਇਨਾਤ ਪੁਲੀਸ ਕਰਮਚਾਰੀਆਂ ਦੀ ਸੁਸਤੀ ਦਾ ਵਿਰੋਧ ਜਾਂਚ ਅਧਿਕਾਰੀਆਂ ਸਾਹਮਣੇ ਜਤਾਇਆ। ਇੱਕ ਟਰਾਂਸਪੋਰਟਰ ਨੇ ਅਗਵਾਕਾਰਾਂ ਦੀ ਕਾਰਵਾਈ ਦਾ ਜਚਵਾਂ ਵਿਰੋਧ ਵੀ ਕੀਤਾ, ਜਿਸ ਦਾ ਮੌਕੇ ਉਪਰ ਮੌਜੂਦ ਪੁਲੀਸ ਵਾਲਿਆਂ ਸਮੇਤ ਕਿਸੇ ਨੇ ਵੀ ਸਾਥ ਨਾ ਦਿੱਤਾ।ਜਦੋਂ ਇਸ ਮਾਮਲੇ ਸੰਬੰਧੀ ਥਾਣਾ ਸਿਟੀ ਟੂੰ ਦੇ ਐੱਸ ਐੱਚ ਓ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਜੇ ਤੱਕ ਸਾਡੇ ਕੋਲ ਕੋਈ ਸ਼ਿਕਾਇਤ ਤਾਂ ਨਹੀਂ ਪਹੁੰਚੀ। ਫਿਰ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਗੱਡੀ ਉੱਪਰ ਜੋ ਨੰਬਰ ਲੱਗਿਆ  ਹੋਇਆ ਸੀ ਉਹ ਕਿਸੇ ਮੋਟਰਸਾਈਕਲ ਦਾ ਹੈ ।ਜਦੋਂ ਐੱਸਐੱਚਓ ਨੂੰ ਪੁੱਛਿਆ ਗਿਆ ਕਿ ਉਸ ਸਮੇਂ ਪੁਲਸ ਮੁਲਾਜ਼ਮ ਉਥੇ ਹਾਜ਼ਰ ਸਨ ਤਾਂ ਉਨ੍ਹਾਂ ਕਿਹਾ ਕਿ ਸ਼ਾਇਦ ਕੁ ਟਰੈਫਿਕ ਦੇ ਮੁਲਾਜ਼ਮ ਹਾਜ਼ਰ ਸਨ ।ਉਨ੍ਹਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਹੈ ਕਿ ਕਿਹੜੇ ਮੁਲਜ਼ਮ ਉਸ ਸਮੇਂ ਡਿਊਟੀ ਤੇ ਹਾਜ਼ਰ ਸਨ ।ਬੇਸ਼ੱਕ ਸਾਡੇ ਕੋਲ ਅਜੇ ਤਕ ਕਿਸੇ ਤਰ੍ਹਾਂ ਦੀ ਕੋਈ ਸ਼ਿਕਾਇਤ ਨਹੀਂ ਪਹੁੰਚੀ ਅਸੀਂ ਫਿਰ ਵੀ ਮਾਮਲੇ ਦੀ ਪੜਤਾਲ ਕਰ ਰਹੇ ਹਾਂ।  

NO COMMENTS