*ਮਾਨਸਾ ਦੇ ਪਿੰਡ ਕੋਟਲੀ ਕਲਾਂ ਚੱਲੀਆਂ ਗੋਲੀਆਂ*

0
196

ਮਾਨਸਾ, 19 ਅਗਸਤ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿੱਚ  ਅੱਜ ਸਵੇਰੇ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮਾਨਸਾ ਦੇ ਪਿੰਡ ਕੋਟਲੀ ਕਲਾਂ ‘ਚ ਬੱਸ ਸਟੈਂਡ ‘ਤੇ ਬੈਠੇ ਨੌਜਵਾਨ ‘ਤੇ ਦੋ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮਾਂ ਨੇ ਨੌਜਵਾਨ ’ਤੇ ਸੱਤ ਗੋਲੀਆਂ ਚਲਾਈਆਂ, ਜੋ ਉਸ ਦੇ ਮੋਢੇ, ਸਿਰ ਅਤੇ ਪਿੱਠ ’ਤੇ ਲੱਗੀਆਂ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। 

ਮ੍ਰਿਤਕ ਦੀ ਪਛਾਣ ਸੁਖਵਿੰਦਰ ਸਿੰਘ ਛਿੰਦਾ (26) ਵਾਸੀ ਪਿੰਡ ਕੋਟਲੀ ਕਲਾਂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਪੁਰਾਣੀ ਰੰਜਿਸ਼ ਕਾਰਨ ਨੌਜਵਾਨ ਦਾ ਕਤਲ ਕੀਤਾ ਗਿਆ ਹੈ। ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਹਮਲਾਵਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਸੁਖਵਿੰਦਰ ਸਿੰਘ ਛਿੰਦਾ ਦੀ ਇੱਕੋ ਪਿੰਡ ਦੇ ਨਰਾਇਣ ਸਿੰਘ ਅਤੇ ਗੁਰਪ੍ਰੀਤ ਸਿੰਘ ਨਾਲ ਪੁਰਾਣੀ ਰੰਜਿਸ਼ ਸੀ। ਮ੍ਰਿਤਕ ਛਿੰਦਾ ਦੇ ਮਾਮਾ ਸਾਬਕਾ ਕੌਂਸਲਰ ਮਨਜੀਤ ਸਿੰਘ ਮੀਤਾ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਹਮਲਾਵਰਾਂ ਅਤੇ ਸੁਖਵਿੰਦਰ ਸਿੰਘ ਵਿਚਕਾਰ ਲੜਾਈ ਹੋਈ ਸੀ। ਉਸ ਅਨੁਸਾਰ ਹਮਲਾਵਰ ਪਿੰਡ ਦੀ ਇਕ ਲੜਕੀ ‘ਤੇ ਬੁਰੀ ਨਜ਼ਰ ਰੱਖ ਰਹੇ ਸਨ, ਜਿਸ ‘ਤੇ ਸੁਖਵਿੰਦਰ ਸਿੰਘ ਨੇ ਇਤਰਾਜ਼ ਕੀਤਾ | ਇਸ ਦੌਰਾਨ ਇੱਕ ਵਾਰ ਸੁਖਵਿੰਦਰ ਸਿੰਘ ਨੇ ਨਰਾਇਣ ਸਿੰਘ ਦੇ ਪਰਿਵਾਰਕ ਮੈਂਬਰਾਂ ਦੀ ਕੁੱਟਮਾਰ ਵੀ ਕੀਤੀ ਸੀ। ਸੁਖਵਿੰਦਰ ਸਿੰਘ ਇਸ ਦੋਸ਼ ਵਿੱਚ ਤਿੰਨ ਮਹੀਨੇ ਜੇਲ੍ਹ ਵਿੱਚ ਰਿਹਾ ਅਤੇ ਮਾਰਚ 2023 ਵਿੱਚ ਜ਼ਮਾਨਤ ’ਤੇ ਰਿਹਾਅ ਹੋ ਗਿਆ।

ਸੁਖਵਿੰਦਰ ਸਿੰਘ ਐਤਵਾਰ ਸਵੇਰੇ ਘਰੋਂ ਨਿਕਲਿਆ ਤਾਂ ਬੱਸ ਸਟੈਂਡ ਕੋਲ ਦੋ ਵਿਅਕਤੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਇਸ ਕਾਰਨ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ। ਥਾਣਾ ਸਦਰ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਕਰਮਜੀਤ ਸਿੰਘ ਦੇ ਬਿਆਨਾਂ ’ਤੇ ਨਰਾਇਣ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ, ਜੋ ਹਾਲੇ ਫ਼ਰਾਰ ਹਨ। ਜਲਦੀ ਹੀ ਮੁਲਜ਼ਮ ਕਾਬੂ ਕਰ ਲਏ ਜਾਣਗੇ। ਮ੍ਰਿਤਕ ਸੁਖਵਿੰਦਰ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ। ਉਸ ਦਾ ਅਜੇ ਵਿਆਹ ਨਹੀਂ ਹੋਇਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਅਜੇ ਤੱਕ ਨਹੀਂ ਕੀਤਾ ਗਿਆ ਹੈ। ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ।

NO COMMENTS