ਮਾਨਸਾ, 1 ਅਪਰੈਲ(ਸਾਰਾ ਯਹਾਂ/ਬਿਊਰੋ ਨਿਊਜ਼ ) : ਇੱਕ ਮੰਦਬੁੱਧੀ ਅਤੇ ਅਪਾਹਜ਼ ਬੱਚੀ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਜਬਰ-ਜਨਾਹ ਕਰਨ ਦੀ ਕੋਸ਼ਿਸ ਹੇਠ ਮਾਨਸਾ ਦੀ ਸਪੈਸ਼ਲ ਜੱਜ ਦੀ ਅਦਾਲਤ ਨੇ ਇੱਕ ਵਿਅਕਤੀ ਨੂੰ 10 ਸਾਲ ਕੈਦ ਅਤੇ ਇੱਕ ਲੱਖ 10 ਹਜ਼ਾਰ ਰੁਪਏ ਜ਼ੁਰਮਾਨਾ ਦੀ ਸਜ਼ਾ ਸੁਣਾਈ ਹੈ। ਇਸ ਜ਼ੁਰਮਾਨੇ ਵਿਚੋਂ 80 ਹਜ਼ਾਰ ਰੁਪਏ ਪੀੜਤ ਲੜਕੀ ਦੇਣ ਦੇ ਆਦੇਸ਼ ਦਿੱਤੇ ਹਨ। ਇਸ ਤੋਂ ਇਲਾਵਾ ਅਦਾਲਤ ਨੇ ਸਰਕਾਰ ਨੂੰ 8 ਲੱਖ ਰੁਪਏ ਦੇਣ ਦਾ ਹੁਕਮ ਕੀਤਾ ਹੈ।
ਪੀੜਤਾ ਦੇ ਵਕੀਲ ਜ਼ਸਵੰਤ ਸਿੰਘ ਗਰੇਵਾਲ ਨੇ ਦੱਸਿਆ ਕਿ ਪਿੰਡ ਅਕਲੀਆ ਦਾ ਕਰਮਜੀਤ ਸਿੰਘ ਇੱਕ ਖੇਡ ਰਹੀ ਨਾਬਾਲਿਗ ਅਤੇ ਮੰਦਬੁੱਧੀ ਬੱਚੀ ਨੂੰ ਕੋਈ ਚੀਜ਼ ਦਿਵਾਉਣ ਦਾ ਬਹਾਨਾ ਲਗਾਕੇ ਖੇਤ ਲੈ ਗਿਆ, ਜਿਥੇ ਉਸਨੇ ਬੱਚੀ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਅਤੇ ਉਸ ਨਾਲ ਜਬਰ-ਜਨਾਹ ਕਰਨ ਦੀ ਕੋਸ਼ਿਸ ਕੀਤੀ। ਬਾਅਦ ਵਿੱਚ ਉਹ ਬੱਚੀ ਨੂੰ ਇੱਕ ਪਿੰਡ ਦੇ ਬੱਸ ਅੱਡੇ ’ਤੇ ਛੱਡਕੇ ਚਲਾ ਗਿਆ।
ਪੀੜਤ ਬੱਚੀ ਦੇ ਮਾਪਿਆਂ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ ਅਤੇ ਥਾਣਾ ਜੋਗਾ ਦੀ ਪੁਲੀਸ ਨੇ 22 ਨਵੰਬਰ, 2019 ਨੂੰ ਕਰਮਜੀਤ ਸਿੰਘ ਵਾਸੀ ਅਕਲੀਆ ਦੇ ਖਿਲਾਫ਼ ਵੱਖ-ਵੱਖ ਧਰਾਵਾ ਅਤੇ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ। ਇਸ ਸ਼ਿਕਾਇਤ ਦਾ ਫੈਸਲਾ ਕਰਦੇ ਹੋਏ ਸਪੈਸ਼ਲ ਜੱਜ ਨਵਜੋਤ ਕੌਰ ਦੀ ਅਦਾਲਤ ਨੇ ਕਰਮਜੀਤ ਸਿੰਘ ਨੂੰ 10 ਸਾਲ ਕੈਦ ਅਤੇ ਇੱਕ ਲੱਖ 10 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਹੈ, ਜਿਸ ਵਿਚੋਂ 80 ਹਜ਼ਾਰ ਰੁਪਏ ਪੀੜਤ ਬੱਚੀ ਨੂੰ ਦਿੱਤੇ ਜਾਣਗੇ। ਇਸਦੇ ਇਲਾਵਾ ਸਰਕਾਰ ਨੂੰ ਵੀ ਆਪਣੇ ਖਾਤੇ ਵਿਚੋਂ ਪੀੜਤ ਬੱਚੀ ਨੂੰ 8 ਲੱਖ ਰੁਪਏ ਦੇਣ ਦਾ ਹੁਕਮ ਹੋਇਆ ਹੈ।