*ਮਾਨਸਾ ਦਾ ‘ਮਾਣ’ ਅਤੇ “ਮਿੱਟੀ ਨੂੰ ਫਰੋਲ ਜੋਗੀਆ” ਨੂੰ ਅੱਖਰਾਂ ਵਿੱਚ ਪਰੋਣ ਵਾਲਾ ਅਸ਼ੋਕ ਬਾਂਸਲ*

0
310

ਮਾਨਸਾ, 13 ਅਪ੍ਰੈਲ-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਜ਼ਿਲ੍ਹਾ ਮਾਨਸਾ ਦਾ ਬਾਹਰਲੇ ਦੇਸ਼ਾਂ ਵਿੱਚ ਨਾਮ ਚਮਕਾਉਣ ਵਾਲੇ ਅਸ਼ੋਕ ਬਾਂਸਲ ਬਾਰੇ ਦੱਸਿਆ ਜਾਵੇ ਤਾਂ ਸ਼ਾਇਦ ਹੀ ਕੋਈ ਐਸਾ ਇਨਸਾਨ ਹੋਵੇਗਾ ਜਿਸ ਨੂੰ ਅਸ਼ੋਕ ਬਾਂਸਲ ਬਾਰੇ ਪਤਾ ਨਾ ਹੋਵੇ। ਇਨ੍ਹਾਂ ਨੂੰ ਬਚਪਨ ਤੋਂ ਹੀ ਮਿਊਜ਼ਿਕ ਅਤੇ ਲਿਖਣ ਦਾ ਸ਼ੌਕ ਸੀ। ਮਾਨਸਾ ਜ਼ਿਲ੍ਹੇ ਦੀ ਬੇਦਾਗ਼ ਸ਼ਖਸੀਅਤ ਹੈ ਜੋ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਭਾਈਚਾਰੇ ਦੇ ਹਰਮਨ ਪਿਆਰੇ ਹਨ। ਹਰ ਇੱਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣਾ, ਗ਼ਰੀਬ ਲੋਕਾਂ ਦੀ ਮੱਦਦ ਲਈ ਅੱਗੇ ਆਉਣਾ ਇਹ ਆਪਣਾਂ ਮਾਂਣ ਸਮਝਦੇ ਹਨ।  
ਮੈਂ ਇਨ੍ਹਾਂ ਨੂੰ ਬਚਪਨ ਤੋਂ ਜਾਣਦਾ ਹਾਂ। ਜਦੋਂ ਕਦੀ ਵੀ ਇਨ੍ਹਾਂ ਦੇ ਘਰ ਕੋਈ ਕਲਾਕਾਰ ਜਾਂ ਗੀਤਕਾਰ ਆਉਂਦਾ ਤਾਂ ਮੈਂ ਅਕਸਰ ਉਨ੍ਹਾਂ ਨੂੰ ਮਿਲਣ ਲਈ ਚਲਾ ਜਾਂਦਾ ਸੀ। ਅੱਜ ਮੈਂ ਆਪਣੇ ਆਪ ਤੇ ਮਾਣ ਮਹਿਸੂਸ ਕਰ ਰਿਹਾ ਹਾਂ ਕਿ ਮੈਨੂੰ ਉਸ ਮਹਾਨ ਸ਼ਖ਼ਸੀਅਤ ਬਾਰੇ ਲਿਖਣ ਦਾ ਮੌਕਾ ਮਿਲਿਆ। ਜਿਸ ਨਾਲ ਫੋਟੋ ਖਿਚਵਾਉਣ ਲਈ ਕਲਾਕਾਰ ਵੀ ਤਰਸਦੇ ਹਨ। 
ਅਸ਼ੋਕ ਬਾਂਸਲ ਨੇ ਚੜ੍ਹਦੀ ਜਵਾਨੀ ਵਿੱਚ ਹੀ ਬਾਹਰਲੇ ਮੁਲਕਾਂ ਵਿੱਚ ਵੱਸਦੇ ਲੋਕਾਂ ਨੂੰ ਪੰਜਾਬ ਤੇ ਪੰਜਾਬੀਅਤ ਪ੍ਰਤੀ ਜਾਗਰੂਕ ਕਰਨ ਲਈ ਆਸਟਰੀਆ, ਜਰਮਨ, ਇੰਗਲੈਂਡ, ਅਮਰੀਕਾ, ਕੇਨੇਡਾ, ਦੁਬਈ, ਸਿੰਘਾਪੁਰ, ਮਲੇਸ਼ੀਆ, ਚੀਨ ਅਤੇ ਹੋਰ ਕਈ ਦੇਸ਼ਾਂ ਵਿੱਚ ਜਾ ਚੁੱਕੇ ਹਨ। ਪਰ ਆਪਣੀ ਪੰਜਾਬ ਦੀ ਮਿੱਟੀ ਦੀ ਮਹਿਕ ਨੇ ਇਨ੍ਹਾਂ ਨੂੰ ਪੰਜਾਬ ਛੱਡਣ ਨਹੀਂ ਦਿੱਤਾ। ਜੇ ਆਪਾ ਕਹਿਏ ਕਿ ਪੰਜਾਬ ਤੇ ਪੰਜਾਬੀਅਤ ਦਾ ਸ਼ੁਦਾਈ ਵੀ ਕਹਿ ਸਕਦੇ ਹਾਂ। 
ਆਪਣੀ ਧਰਤੀ ਆਪਣੀ ਕਿਰਤ ਨਾਲ ਐਦਾਂ ਜੁੜਿਆ ਹੋਇਆ ਹੈ ਜਿਵੇਂ ਸ਼ਰੀਰ ਵਿੱਚ ਖੂਨ ਹੈ। ਅਸ਼ੋਕ ਬਾਂਸਲ ਫ਼ਿਰਕੂ ਤਾਕਤਾਂ ਨੂੰ ਡਾਢੀ ਨਫ਼ਰਤ ਕਰਦਾ ਹੈ। ਜਾਤਾਂ ਪਾਤਾਂ ਫਿਰਕੂ ਪ੍ਰਸਤੀਆਂ ਸਿਆਸਤਦਾਨਾਂ ਦੀ ਦੇਣ ਸਮਝਦਾ ਹੈ। ਬੇਸ਼ੱਕ ਸਿਆਸਤ ਵਿੱਚ ਕੋਈ ਦਿਲਚਸਪੀ ਨਹੀਂ ਪਰ ਫੇਰ ਵੀ “ਅੰਨਾ ਹਜ਼ਾਰੇ ਦੇ ਅੰਦੋਲਨ” ਵੇਲੇ ਸਤਿਆ ਗ੍ਰਹਿ ਨਾਲ ਐਸਾ ਜੁੜਿਆ ਕਿ 2017 ਪੰਜਾਬ ਦੀਆਂ ਚੋਣਾਂ ਵਿੱਚ ਉਨ੍ਹਾਂ ਨੇ ਪੀੜ੍ਹੀ ਦਰ ਪੀੜ੍ਹੀ ਰਾਜ ਕਰ ਰਹੀਆਂ ਹਾਕਮ ਧਿਰਾਂ ਤੋਂ ਬਦਲਾਵ ਲਿਆਉਣ ਲਈ ਮਾਨਸਾ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਅਹਿਮ ਭੂਮਿਕਾ ਨਿਭਾਈ। ਅਸ਼ੋਕ ਬਾਂਸਲ ਆਪ ਇਸ ਰਾਜਨੀਤੀ ਵਿੱਚ ਨਹੀਂ ਆਉਣਾ ਚਾਹੁੰਦੇ ਪਰ ਮਾਨਸਾ ਜ਼ਿਲ੍ਹੇ ਦੇ ਲੋਕਾਂ ਨੂੰ ਇਨ੍ਹਾਂ ਤੋਂ ਕੁੱਝ ਉਮੀਦਾਂ ਹਨ ਤੇ ਆਸ ਵੀ ਕਰਦੇ ਹਨ ਕਿ ਆਮ ਆਦਮੀ ਪਾਰਟੀ ਲਈ ਅਗਵਾਈ ਕਰਨ। 
ਅਸ਼ੋਕ ਬਾਂਸਲ ਮਾਨਸਾ ਦਾ ਉਹ ਤਾਰਾ ਹੈ ਜਿਸ ਨੇ ਆਪਣੇ ਨਾਲ- ਨਾਲ ਕਿੰਨ੍ਹੇ ਅਲੋਪ ਹੋਏ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਆਪਣੀ ਕਲਮ ਦੇ ਜ਼ਰੀਏ ਚਮਕਾਇਆ ਹੈ। ਪੰਜਾਬ ਦੇ ਵੱਡੇ ਤੋਂ ਵੱਡੇ ਕਲਾਕਾਰ ਜਿਵੇਂ ਅੱਜ ਪੂਰੀ ਦੁਨੀਆਂ ਦੇ ਵਿੱਚ ਮਸ਼ਹੂਰ ਗਾਇਕ ਡਾ. ਸਤਿੰਦਰ ਸਰਤਾਜ ਨੂੰ ਸਭ ਤੋਂ ਪਹਿਲਾਂ ਇਨ੍ਹਾਂ ਨੇ ਮੌਕਾ ਦਿੱਤਾ ਤੇ ਰਿਕਾਰਡ ਕੀਤਾ। ਮੁਹੰਮਦ ਸਦੀਕ, ਸੁਰਿੰਦਰ ਸ਼ਿੰਦਾ, ਸਵ: ਅਮਰ ਸਿੰਘ ਚਮਕੀਲਾ, ਨਿਰਮਲ ਸਿੱਧੂ ਅਤੇ ਹੋਰ ਪਤਾ ਨਹੀਂ ਕਿੰਨੇ ਕਲਾਕਾਰਾਂ ਨੂੰ ਇਨ੍ਹਾਂ ਨੇ ਚਮਕਾਇਆ।
ਅਸ਼ੋਕ ਬਾਂਸਲ ਨੂੰ ਪੰਜਾਬ ਸਰਕਾਰ ਵੱਲੋਂ ਸਨਮਾਨਿਤ, ਅਮਰੀਕਾ ਦੀ ਧਰਤੀ ਨਿਊਯਾਰਕ ਤੇ “ਪੰਜਾਬੀ ਅਵਾਰਡ 2008”, ਪੰਜਾਬੀ ਆਰਟ ਕੌਂਸਲ ਕੈਲੇਫੋਰਨੀਆਂ, ਪੰਜਾਬੀ ਫੋਰਨ ਟੋਰਾਂਟੋ ਕੈਨੇਡਾ ਅਤੇ ਇੰਗਲੈਂਡ ਦੀ ਧਰਤੀ ਤੇ ਅਨੇਕਾਂ ਸਨਮਾਨ ਦੇ ਨਾਲ ਨਾਲ ਫਤਿਹ ਗਰੁੱਪ ਆਫ ਇੰਸਟੀਚਿਊਟ ਰਾਮਪੁਰਾ ਵੱਲੋਂ’ ਪੁਰਾਤਨ ਗੀਤਕਾਰੀ ਦੇ ਖ਼ੋਜੀ’, ਜਗਜੀਤ ਸਿੰਘ ਵੱਲੋਂ ਆਪਣੇ ਦਾਦਾ ਸੁਤੰਤਰਤਾ ਸੈਨਾਨੀ ਸ੍ਰੀ ਰਜਿੰਦਰ ਸਿੰਘ ਵਾਲੀਆ ਦੀ ਯਾਦ ਵਿੱਚ “ਮਾਨਸਾ ਦਾ ਮਾਣ’ ਅਵਾਰਡ ਦਿੱਤਾ ਗਿਆ। ਐਸੇ ਪਤਾ ਨਹੀਂ ਕਿੰਨੇ ਅਵਾਰਡ ਮਿਲੇ ਹਨ, ਜਿਨ੍ਹਾਂ ਬਾਰੇ ਦੱਸਦਿਆਂ ਬਹੁਤ ਸਮਾਂ ਲਗਜਾਣਾ ਹੈ। ਅਸ਼ੋਕ ਬਾਂਸਲ ਨੇ ਮਾਨਸਾ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਂ ਦਿੱਤਾ ਹੈ। ਅਸ਼ੋਕ ਬਾਂਸਲ ਨੇ ਹਰ ਪਾਸੇ ਮੱਲਾਂ ਮਾਰੀਆਂ ਨੇ ਉਹ ਚਾਹੇ ਸਮਾਜ ਸੇਵਾ ਹੋਵੇ, ਸਭਿਆਚਾਰਕ ਪ੍ਰੋਗਰਾਮ ਜਾਂ ਕੋਈ ਲੋਕ ਹਿਤਾਂ ਨੂੰ ਬਚਾਉਣ ਲਈ ਮੀਟਿੰਗ ਜਾਂ ਫਿਰ ਰੈਲੀਆਂ ਹੋਣ। ਆਪਾਂ ਨੇ ਅਕਸਰ ਇੱਕ ਪੰਜਾਬੀ ਦੀ ਕਹਾਵਤ ਸੁਣੀਂ ਹੋਣੀਂ ਹੈ ਕਿ “ਮਿੱਟੀ ਨਾ ਫਰੋਲ ਜੋਗੀਆ, ਨਹੀਓ ਲੱਭਣੇ ਲਾਲ ਗੁਆਚੇ” ਇਸ ਕਹਾਵਤ ਦੇ ਉਲਟ ਪਿਛਲੇ 30 ਸਾਲਾਂ ਤੋਂ ਮਿੱਟੀ ਨੂੰ ਫਰੋਲ ਰਿਹਾ ਹੈ ਅਤੇ ਪੰਜਾਬ ਗੁਆਚੇ ਲਾਲ ਪੰਜਾਬੀਆਂ ਦੇ ਹਵਾਲੇ ਕਰ ਰਿਹਾ ਹੈ। ਉਨ੍ਹਾਂ ਨੇ ਇੱਕ ਕਿਤਾਬ ਲਿਖੀ “ਮਿੱਟੀ ਨੂੰ ਫਰੋਲ ਜੋਗੀਆ” ਜਿਸ ਨੂੰ ਆਪਣੇ ਪੰਜਾਬੀਆਂ ਨੇ ਤਾਂ ਪਿਆਰ ਸਤਿਕਾਰ ਦਿੱਤਾ ਹੀ, ਬਾਹਰਲੇ ਦੇਸ਼ਾਂ ਵਿੱਚ ਵੀ ਬਹੁਤ ਜ਼ਿਆਦਾ ਪਿਆਰ ਸਤਿਕਾਰ ਦਿੱਤਾ ਗਿਆ। ਆਮ ਆਦਮੀ ਪਾਰਟੀ ਮਾਨਸਾ ਦੇ ਸੀਨੀਅਰ ਆਗੂਆਂ ਵੱਲੋਂ ਅਸ਼ੋਕ ਬਾਂਸਲ ਨੂੰ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਬਣਾਉਣ ਲਈ ਵਿਚਾਰ ਵਟਾਂਦਰਾ ਚੱਲ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਲੋਕਾਂ ਦੀ ਬੇਨਤੀ ਹੈ ਕਿ ਰਾਜਨੀਤੀ ਵਿੱਚ ਅਜਿਹੇ ਸੱਚੇ ਸੁੱਚੇ ਇਨਸਾਨ ਆਉਂਣੇ ਚਾਹੀਦੇ ਹਨ। 

NO COMMENTS