-ਮਾਨਸਾ ਤੋਂ ਉਤਰਾਖੰਡ ਲਈ 94 ਅਤੇ ਯੂ.ਪੀ. ਲਈ ਅੱਜ 18 ਵਿਅਕਤੀਆਂ ਨੂੰ ਕੀਤਾ ਰਵਾਨਾ

0
57

ਮਾਨਸਾ, 16 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਸੂਬੇ ਵਿਚ ਲਗਾਏ ਗਏ ਕਰਫਿਊ ਦੌਰਾਨ ਬਾਹਰਲੇ ਰਾਜਾਂ ਦੇ ਕਈ ਪ੍ਰਵਾਸੀਆਂ ਨੂੰ ਉਨ੍ਹਾਂ ਨਾਲ ਸਬੰਧਤ ਰਾਜਾਂ ਵਿਖੇ ਭੇਜਣ ਦੀ ਲੜੀ ਤਹਿਤ ਅੱਜ ਉਤਰਾਖੰਡ ਰਾਜ ਦੇ ਵੱਖ-ਵੱਖ ਜ਼ਿਲ੍ਹਿਆਂ ਦੇ 94 ਵਸਨੀਕਾਂ ਨੂੰ ਉਤਰਾਖੰਡ ਲਈ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪ੍ਰਵਾਸੀਆਂ ਨੂੰ ਜ਼ਿਲ੍ਹਾ ਮਾਨਸਾ ਤੋਂ ਉਨ੍ਹਾਂ ਦੇ ਰਾਜ ਵਿੱਚ ਭੇਜਣ ਲਈ  ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ ਅਤੇ ਇਨ੍ਹਾਂ ਪ੍ਰਵਾਸੀਆਂ ਨੂੰ ਦੀ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ, ਬੁਢਲਾਡਾ ਵਿਖੇ ਐਸ.ਡੀ.ਐਮ. ਸ਼੍ਰੀ ਆਦਿਤਯ ਡੇਚਲਵਾਲ ਅਤੇ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸ਼੍ਰੀ ਰਾਜਪਾਲ ਸਿੰਘ ਦੀ ਅਗਵਾਈ ਹੇਠ ਸਕਰੀਨਿੰਗ ਕਰਵਾਈ ਗਈ ਅਤੇ ਲਿਸਟ ਅਨੁਸਾਰ ਇਨ੍ਹਾਂ ਨੂੰ ਬੱਸਾਂ ਵਿੱਚ ਬੈਠਾਇਆ ਗਿਆ। ਉਨ੍ਹਾਂ ਦੱਸਿਆ ਕਿ ਸਰਦੂਲਗੜ੍ਹ ਤੇ ਬੁਢਲਾਡਾ ਐਸ.ਡੀ.ਐਮਜ਼ ਵੱਲੋਂ ਬੱਸਾਂ ਨੂੰ ਮਾਨਸਾ ਵਿਖੇ ਭੇਜਿਆ ਗਿਆ, ਜਿੱਥੋਂ ਇਨ੍ਹਾਂ ਬੱਸਾਂ ਨੂੰ ਇੱਕਠੇ ਹੀ ਉਤਰਾਖੰਡ ਲਈ ਰਵਾਨਾ ਕੀਤਾ ਗਿਆ।


ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਰਜਿਸਟ੍ਰੇਸ਼ਨ ਦੇ ਅਨੁਸਾਰ ਉਤਰਾਖੰਡ ਦੇ 271 ਵਸ਼ਿੰਦਿਆਂ ਦੇ ਆਉਣ ਦੀ ਸੰਭਾਵਨਾ ਸੀ ਪਰ ਇਨ੍ਹਾਂ ਵਸ਼ਿੰਦਿਆਂ ਮੁਤਾਬਿਕ ਉਨ੍ਹਾਂ ਨੂੰ ਕੰਮ ਮਿਲਣਾ ਸ਼ੁਰੂ ਹੋ ਚੁੱਕਾ ਹੈ ਜਿਸ ਕਾਰਨ ਸਿਰਫ਼ 94 ਵਿਅਕਤੀ ਹੀ ਵਾਪਸ ਉਤਰਾਖੰਡ ਗਏ ਹਨ। ਉਨ੍ਹਾਂ ਦੱਸਿਆ ਕਿ ਉਤਰਾਖੰਡ ਦੀ ਸਰਕਾਰ ਵੱਲੋਂ ਮਾਨਸਾ ਵਿਖੇ ਰਹਿ ਰਹੇ ਆਪਣੇ ਵਸ਼ਿਦਿਆਂ ਨੂੰ ਲਿਜਾਣ ਲਈ 7 ਬੱਸਾਂ ਭੇਜੀਆਂ ਗਈਆਂ ਸਨ, ਜਿਨ੍ਹਾਂ ਵਿੱਚ ਅੱਜ 94 ਵਸ਼ਿੰਦਿਆਂ ਨੂੰ ਵਾਪਸ ਭੇਜਿਆ ਗਿਆ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਉਤਰਾਖੰਡ ਦੇ ਪੌੜੀ, ਟਿਹੜੀ, ਚੰਪਾਵਤ, ਪਿਥੌਰਾਗੜ੍ਹ, ਉਤਰਕਾਸ਼ੀ, ਨੈਨੀਤਾਲ, ਅਲਮੋਰਾ ਅਤੇ ਬਾਗੇਸ਼ਵਰ ਆਦਿ ਜ਼ਿਲ੍ਹਿਆਂ ਨਾਲ ਸਬੰਧਤ ਸਨ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਉਤਰਾਖੰਡ ਦੀਆਂ ਬੱਸਾਂ ਦੇ ਜਾਣ ਤੋਂ ਪਹਿਲਾਂ ਮਾਨਸਾ ਤੋਂ ਯੁ.ਪੀ. ਰਾਜ ਦੇ ਗੌਂਡਾ, ਬੜੈਚ, ਬਲਰਾਮਪੁਰ ਅਤੇ ਸ਼ਰਵਾਸਤੀ ਜ਼ਿਲ੍ਹੇ ਨਾਲ ਸਬੰਧਤ 18 ਵਿਅਕਤੀਆਂ ਨੂੰ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਾਹੀਂ ਫਿਰੋਜ਼ਪੁਰ ਭੇਜਿਆ ਗਿਆ, ਜਿੱਥੋਂ ਉਹ ਟ੍ਰੇਨ ਰਾਹੀਂ ਆਪਣੇ ਰਾਜ ਵਿੱਚ ਵਾਪਸ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਉਤਰਾਖੰਡ ਅਤੇ ਯੂ.ਪੀ. ਜਾਣ ਵਾਲੇ ਵਿਅਕਤੀਆਂ ਨੂੰ ਖਾਣਾ ਅਤੇ ਸਫਰ ਲਈ ਰਿਫਰੈਸ਼ਮੈਂਟ ਵੀ ਦਿੱਤੀ ਗਈ।
ਇਸ ਮੌਕੇ ਤਹਿਸੀਲਦਾਰ ਮਾਨਸਾ ਸ਼੍ਰੀ ਅਮਰਜੀਤ ਸਿੰਘ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ਼੍ਰੀ ਹਰਪ੍ਰੀਤ ਸਿੰਘ ਮਾਨਸਾਹੀਆ, ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਅਤੇ ਕਾਂਗਰਸੀ ਆਗੂ ਡਾ. ਮਨੋਜ ਬਾਲਾ ਮੰਜੂ ਬਾਂਸਲ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

NO COMMENTS