*ਮਾਨਸਾ ਡੀ.ਸੀ ਵੱਲੋਂ ਟਰੈਕਟਰ ਟਰਾਲੀਆਂ ਦੀ ਕਮਰਸ਼ੀਅਲ ਢੋਆਢੁਆਈ ਲਈ ਵਰਤੋਂ ਕਰਨ ਵਾਲਿਆਂ ਖਿਲਾਫ਼ ਸਖ਼ਤੀ ਦੇ ਆਦੇਸ਼*

0
141

ਮਾਨਸਾ, 27 ਜੁਲਾਈ  (ਸਾਰਾ ਯਹਾਂ/ਬੀਰਬਲ ਧਾਲੀਵਾਲ): ਜ਼ਿਲ੍ਹੇ ਵਿੱਚ ਇਨ੍ਹੀਂ ਦਿਨੀਂ ਟਰੈਕਟਰਾਂ ਤੇ ਟਰਾਲੀਆਂ ਦੇ ਚਾਲਕਾਂ ਵੱਲੋਂ ਕਮਰਸ਼ੀਅਲ ਪੱਧਰ ’ਤੇ ਸਮਾਨ ਦੀ ਢੋਆ ਢੁਆਈ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਉਪ ਮੰਡਲ ਮੈਜਿਸਟਰੇਟ ਨੂੰ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਉਣ ਦੇ ਆਦੇਸ਼ ਦਿੱਤੇ ਹਨ।  ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਾਹਨ ਚਾਲਕਾਂ ਦੁਆਰਾ ਆਵਾਜਾਈ ਨਿਯਮਾਂ ਦੀ ਉਲੰਘਣਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਦੇਖਣ ਵਿੱਚ ਆ ਰਿਹਾ ਹੈ ਕਿ ਟਰੈਕਟਰ ਟਰਾਲੀਆਂ ਦੀ ਵਰਤੋਂ ਕਮਰਸ਼ੀਅਲ ਪੱਧਰ ’ਤੇ ਕੀਤੇ ਜਾਣ ਦਾ ਰੁਝਾਨ ਪੈਦਾ ਹੋ ਰਿਹਾ ਹੈ ਅਤੇ ਇਸ ਦੀ ਰੋਕਥਾਮ ਲਈ ਫੌਰੀ ਢੁਕਵੇਂ ਕਦਮ ਪੁੱਟੇ ਜਾਣ ਦੀ ਲੋੜ ਹੈ ਤਾਂ ਜੋ ਸੜਕ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।  ਡਿਪਟੀ ਕਮਿਸ਼ਨਰ ਨੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਸੜਕਾਂ ’ਤੇ ਸਫ਼ਰ ਦੌਰਾਨ ਨਾਗਰਿਕਾਂ ਦੀ ਜਾਨ-ਮਾਲ ਦੀ ਰਾਖੀ ਲਈ ਪ੍ਰਸ਼ਾਸਨਿਕ ਤੇ ਪੁਲਿਸ ਦੇ ਪੱਧਰ ’ਤੇ ਲਗਾਤਾਰ ਸਖ਼ਤੀ ਰੱਖੇ ਜਾਣ ਦੀ ਲੋੜ ਹੈ ਅਤੇ ਜਿਹੜੇ ਵੀ ਵਾਹਨ ਚਾਲਕ ਆਵਾਜਾਈ ਨਿਯਮਾਂ ਦੀ ਪਾਲਣਾ ਵਿੱਚ ਲਾਪਰਵਾਹੀ ਵਰਤਦੇ ਹਨ, ਉਨ੍ਹਾਂ ਦੇ ਚਲਾਨ ਕੱਟਣੇ ਯਕੀਨੀ ਬਣਾਏ ਜਾਣ ਅਤੇ ਜੇ ਲੋੜ ਪੈਂਦੀ ਹੈ ਤਾਂ ਨਿਯਮਾਂ ਮੁਤਾਬਕ ਵਾਹਨ ਚਾਲਕ ਖਿਲਾਫ਼ ਕਾਨੂੰਨੀ ਕਾਰਵਾਈ ਨੂੰ ਵੀ ਅਮਲ ਵਿੱਚ ਲਿਆਂਦਾ ਜਾਵੇ।  ਇਸ ਮੌਕੇ ਐਸ.ਡੀ.ਐਮ. ਮਾਨਸਾ ਡਾ. ਸ਼ਿਖਾ ਭਗਤ ਅਤੇ ਐਸ.ਡੀ.ਐਮ. ਸਰਦੂਲਗੜ੍ਹ ਮਨੀਸ਼ਾ ਰਾਣਾ, ਐਸ.ਪੀ. (ਐਚ) ਸ਼੍ਰੀ ਸਤਨਾਮ ਸਿੰਘ ਸਿੱਧੂ ਮੌਜੂਦ ਸਨ।

NO COMMENTS