ਮਾਨਸਾ 12 ਅਗਸਤ (ਸਾਰਾ ਯਹਾਂ/ਮੁੱਖ ਸੰਪਾਦਕ ):
ਜੁਝਾਰੂ ਲੋਕਾਂ ਵੱਲੋੰ ਮਨਾਈ ਜਾ ਰਹੀ ਸ਼ਹੀਦ ਕਿਰਨਜੀਤ ਕੌਰ ਦੀ 26ਵੀਂ ਬਰਸੀ ਮੌਕੇ ਲੋਕ ਸੰਗਰਾਮੀ ਧਰਤੀ ਮਹਿਲ ਕਲਾਂ ਦੀ ਦਾਣਾ ਮੰਡੀ ਵਿੱਚ ਵੱਡਾ ਇਕੱਠ ਕੀਤਾ ਗਿਆ । ਜਿਸ ਵਿੱਚ ਮਾਨਸਾ ਜਿਲੇ ਤੋਂ ਜਿਲਾ ਪ੍ਰਧਾਨ ਲਖਵੀਰ ਸਿੰਘ ਅਕਲੀਆ ਦੀ ਅਗਵਾਈ ਵਿੱਚ ਸੈਕੜੇ ਔਰਤਾਂ ਨੇ ਸ਼ਮੂਲੀਅਤ ਕੀਤੀ । ਕਾਫ਼ਲੇ ਦੇ ਰਵਾਨਾ ਹੋਣ ਸਮੇਂ ਕਿਸਾਨ ਆਗੂ ਨੇ ਕਿਹਾ ਕਿ ਅੱਜ ਤੋਂ 25 ਸਾਲ ਪਹਿਲਾਂ ਮਹਿਲ ਕਲਾਂ ਦੇ ਕੁੱਝ ਗੁੰਡਿਆਂ ਵੱਲੋਂ ਨੌਵੀਂ ਕਲਾਸ ਵਿੱਚ ਪੜ੍ਹਦੀ ਬੱਚੀ ਕਿਰਨਜੀਤ ਕੌਰ ਨੂੰ ਅਗਵਾ ਕਰਕੇ ਕੁਕਰਮ ਕਰਨ ਤੋਂ ਬਾਅਦ ਉਸਨੂੰ ਅਧਮੋਈ ਹਾਲਤ ਵਿੱਚ ਦਫ਼ਨ ਕਰ ਦਿੱਤਾ ਗਿਆ ਸੀ । ਜਿਸ ਉਪਰੰਤ ਇਨਕਲਾਬੀ ਜਥੇਬੰਦੀਆਂ ਵੱਲੋਂ ਸਾਂਝਾ ਘੋਲ ਸਿਰਜ਼ਕੇ ਉਸਦੀ ਲਾਸ਼ ਬਾਹਰ ਕਢਵਾਈ ਗਈ ਅਤੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਤੀਕ ਸੰਘਰਸ਼ੀ ਲੋਕ ਆਪਣੀ ਜਾਨ ਜੋਖਮ ਵਿੱਚ ਪਾ ਕੇ ਲੜ੍ਹੇ । ਅਖੀਰ ਵਿੱਚ ਉਨ੍ਹਾਂ ਦਰਿੰਦਿਆਂ ਨੂੰ ਜੇਲ ਵਿੱਚ ਡੱਕ ਕੇ ਹੀ ਦਮ ਲਿਆ । ਇਸ ਘੋਲ ਦੇ ਮੋਢੀ ਆਗੂਆਂ ਵਿੱਚੋਂ ਮਨਜੀਤ ਸਿੰਘ ਧਨੇਰ, ਨਰਾਇਣ ਦੱਤ ਅਤੇ ਪ੍ਰੇਮ ਕੁਮਾਰ ਨੂੰ ਬੇਦੋਸ਼ੀ ਸਜ਼ਾ ਹੋਈ । ਅੰਤ ਵਿੱਚ ਲੋਕਾਂ ਨੂੰ ਲੜ੍ਹਕੇ ਉਹ ਰੱਦ ਕਰਵਾਉਣੀ ਪਈ । ਕਾਫ਼ਲੇ ਨੂੰ ਰਵਾਨਾ ਕਰਨ ਸਮੇਂ ਬਲਵਿੰਦਰ ਕੌਰ, ਰਾਣੀ ਕੌਰ, ਸੁਖਪ੍ਰੀਤ ਕੌਰ, ਜਸਪ੍ਰੀਤ ਕੌਰ, ਗੁਰਵਿੰਦਰ ਕੌਰ, ਸੁਖਵਿੰਦਰ ਕੌਰ, ਕਰਮਜੀਤ ਕੌਰ, ਸੁਰਜੀਤ ਕੌਰ, ਪ੍ਰੀਤ ਕੌਰ ਆਦਿ ਸਮੇਤ ਵੱਡੀ ਗਿਣਤੀ ਵਿੱਚ ਔਰਤਾਂ ਸ਼ਾਮਿਲ ਸਨ ।