ਮਾਨਸਾ ਜ਼ਿਲ੍ਹੇ ਵਿੱਚ ਬਿਹਤਰੀਨ ਸੇਵਾਵਾਂ ਦੇਣ ਬਦੇ ਪੁਲਿਸ ਮੈਡਲ ਪਾਉਣ ਵਾਲੇ ਸੂਬੇ ਦੇ ਪਹਿਲੇ ਡਾਕਟਰ… ਰਣਜੀਤ ਸਿੰਘ ਰਾਏ

0
80

ਮਾਨਸਾ, 22 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਮਾਨਸਾ ਜ਼ਿਲ੍ਹੇ ਲਈ ਬੜੇ ਹੀ ਮਾਣ ਵਾਲੀ ਗੱਲ ਹੈ ਕਿ ਜ਼ਿਲ੍ਹੇ ਅੰਦਰ ਕੋਰੋਨਾ ਵਾਇਰਸ ਦੇ ਸੈਂਕੜੇ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਕਰਨ ਵਾਲੇ (ਜਿਨ੍ਹਾਂ ਵਿੱਚੋਂ 11 ਵਿਅਕਤੀ ਪਾਜ਼ਿਟੀਵ ਵੀ ਪਾਏ ਗਏ ਹਨ) ਮਾਨਸਾ ਜ਼ਿਲ੍ਹੇ ਦੇ ਕੰਨ, ਨੱਕ ਅਤੇ ਗਲੇ ਦੇ ਮਾਹਿਰ ਡਾਕਟਰ ਰਣਜੀਤ ਸਿੰਘ ਰਾਏ (ਵਾਧੂ ਚਾਰਜ ਡਿਪਟੀ ਮੈਡੀਕਲ ਕਮਿਸ਼ਨਰ) ਨੂੰ ਡੀ.ਜੀ.ਪੀ. ਆਨਰ ਐਂਡ ਡਿਸਕ (ਪੁਲਿਸ ਮੈਡਲ) ਲਈ ਚੁਣਿਆ ਗਿਆ ਹੈ। ਡਾ. ਰਾਏ ਪੁਲਿਸ ਲਾਈਨ ਮਾਨਸਾ ਵਿਖੇ ਵੀ ਆਪਣੀਆਂ ਮੈਡੀਕਲ ਸੇਵਾਵਾਂ ਨਿਭਾਅ ਰਹੇ ਹਨ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੋਵੇਗਾ ਕਿ ਡਾ. ਰਣਜੀਤ ਸਿੰਘ ਰਾਏ ਪੰਜਾਬ ਦੇ ਪਹਿਲੇ ਡਾਕਟਰ ਹਨ, ਜਿਨ੍ਹਾ ਨੂੰ ਪੁਿਲਸ ਮੈਡਲ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਇਨ੍ਹਾਂ ਤੋਂ ਇਲਾਵਾ ਚੰਡੀਗੜ੍ਹ ਦੀ ਪੀ.ਜੀ.ਆਈ. ਦੀ ਡਾਕਟਰਾਂ ਦੀ ਟੀਮ, ਜਿਸ ਨੇ ਪੁਲਿਸ ਮੁਲਾਜ਼ਮ ਦੇ ਹੱਥ ਦੀ ਪਲਾਸਟਿਕ ਸਰਜਰੀ ਕੀਤੀ ਸੀ, ਉਨ੍ਹਾਂ ਨੂੰ ਇਹ ਅਵਾਰਡ ਦਿੱਤਾ ਜਾ ਰਿਹਾ ਹੈ।
ਡਾ. ਰਣਜੀਤ ਤਿਸੰਘ ਰਾਏ ਨੇ ਦੱਸਿਆ ਕਿ ਇਸ ਸਾਰੇ ਕੰਮ ਵਿੱਚ ਉਨ੍ਹਾਂ ਨੂੂੰ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ, ਪੁਲਿਸ ਪ੍ਰਸ਼ਾਸਨ ਵੱਲੋਂ ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਅਤੇ ਸਿਵਲ ਸਰਜਨ ਮਾਨਸਾ ਡਾ. ਲਾਲ ਚੰਦ ਠਕਰਾਲ ਦਾ ਪੂਰਨ ਸਹਿਯੋਗ ਰਿਹਾ ਹੈ, ਜਿਸ ਦੀ ਬਦੌਲਤ ਉਹ ਸਫਲਤਾ ਪੂਰਵਕ ਇਸ ਕੰਮ ਨੂੰ ਨੇਪਰੇ ਚਾੜ੍ਹ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਐਸ.ਡੀ.ਐਮ. ਬੁਢਲਾਡਾ ਸ਼੍ਰੀ ਆਦਿਤਯ ਡੇਚਲਵਾਲ ਵੱਲੋਂ ਵੀ ਉਨ੍ਹਾਂ ਨੂੰ ਬਹੁਤ ਹੀ ਵਧੀਆ ਸਹਿਯੋਗ ਮਿਲਿਆ ਹੈ, ਜਿਸ ਕਾਰਨ ਬੁਢਲਾਡਾ ਇਲਾਕਾ, ਜਿੱਥੇ 11 ਕੋਰੋਨਾ ਪਾਜ਼ਿਟੀਵ ਵਿਅਕਤੀ ਪਾਏ ਗਏ ਹਨ, ਵਿਖੇ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਹੀਂ ਆਈ।
ਡਿਪਟੀ ਕਮਿਸ਼ਨਰ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਨੋਵਲ ਕੋਰੋਨਾ ਵਾਇਰਸ ਦੇ ਚੱਲਦਿਆਂ ਡਾ. ਰਣਜੀਤ ਸਿੰਘ ਰਾਏ ਵੱਲੋਂ ਕੀਤੇ ਜਾ ਰਹੇ ਕੰਮਾਂ ‘ਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਬੁਢਲਾਡਾ ਵਿਖੇ ਕੋਰੋਨਾ ਵਾਇਰਸ ਦੀ ਚਪੇਟ ਵਿੱਚ ਆਏ ਵਿਅਕਤੀਆਂ ਅਤੇ ਉਨ੍ਹਾਂ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਦੀ ਤੇਜ਼ੀ ਨਾਲ ਸੈਂਪਲਿੰਗ ਕਰਨਾ ਕਾਫ਼ੀ ਸ਼ਲਾਘਾਯੋਗ ਹੈ।


ਐਸ.ਐਸ.ਪੀ. ਡਾ. ਨਰਿੰਦਰ ਭਾਰਗਵ ਨੇ ਕਿਹਾ ਕਿ ਕੋਰੋਨਾ ਵਾਇਰਸ ਸਬੰਧੀ ਸੈਂਪਲਿੰਗ ਕਰਨਾ ਇੱਕ ਬਹੁਤ ਹੀ ਚੁਣੋਤੀਪੂਰਨ ਕੰਮ ਹੈ। ਉਨ੍ਹਾਂ ਕਿਹਾ ਕਿ ਡਾ. ਰਾਏ ਪਹਿਲੇ ਵਿਅਕਤੀ ਹਨ ਜਿਨ੍ਹਾਂ ਨੇ ਮਾਨਸਾ ਜ਼ਿਲ੍ਹੇ ਵਿੱਚ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਸਭ ਤੋਂ ਪਹਿਲਾਂ ਸ਼ੁਰੂ ਕੀਤੀ। ਉਨ੍ਹਾਂ ਕਿਹਾ ਕਿ ਡਾ. ਰਾਏ ਪੁਲਿਸ ਡਾਕਟਰ ਹਨ ਅਤੇ ਮਾਨਸਾ ਪੁਲਿਸ ਵੱਲੋਂ ਉਨ੍ਹਾਂ ਨੂੰ ਸਨਮਾਨਿਤ ਕਰਨ ਲਈ ਸਿਫਾਰਿਸ਼ ਕੀਤੀ ਗਈ, ਜਿਸ ਵਜੋਂ ਡੀ.ਜੀ.ਪੀ. ਵੱਲੋਂ ਇਨ੍ਹਾਂ ਦੀ ਸ਼ਨਾਖ਼ਤ ਕੀਤੀ ਹੈ।
ਡਾ. ਰਾਏ ਨੇ ਦੱਸਿਆ ਕਿ ਮਾਨਸਾ ਜ਼ਿਲ੍ਹੇ ਅੰਦਰ ਉਨ੍ਹਾਂ ਵੱਲੋਂ ਨੋਵਲ ਕੋਰੋਨਾ ਵਾਇਰਸ ਸਬੰਧੀ ਜਾਗਰੂਕਤਾ ਮੁਹਿੰਮ ਮਾਰਚ ਮਹੀਨੇ ਦੀ ਸ਼ੁਰੂਆਤ ਤੋਂ ਹੀ ਸ਼ੁਰੂ ਕਰ ਦਿੱਤੀ ਸੀ ਜਦੋਂ ਇਸ ਦਾ ਪ੍ਰਕੋਪ ਸਿਰਫ਼ ਚਾਈਨਾ ਅਤੇ ਇਟਲੀ ਵਰਗੇ ਦੇਸ਼ਾਂ ਵਿੱਚ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸਕੂਲ, ਕਾਲਜ, ਪਾਰਕਾਂ, ਜਿੰਮ, ਪੁਲਿਸ ਸਟੇਸ਼ਨ ਅਤੇ ਹੋਰ ਕਈ ਥਾਵਾਂ ਵਿੱਚ ਜਾ ਕੇ ਲੋਕਾਂ ਨੂੰ ਮਾਸਕ ਲਗਾਉਣ, ਸਮਾਜਿਕ ਦੂਰੀ ਬਣਾਉਣ ਅਤੇ ਆਪਣੇ ਹੱਥ ਬਾਰ-ਬਾਰ ਸਾਬਨ ਅਤੇ ਸੈਨੇਟਾਈਜ਼ਰ ਨਾਲ ਸਾਫ਼ ਕਰਨ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸ ਜਾਗਰੂਕਤਾ ਮੁਹਿੰਮ ਦੌਰਾਨ ਉਨ੍ਹਾਂ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ‘ਤੇ 50 ਦੇ ਕਰੀਬ ਜਾਗਰੂਕਤਾ ਕੈਂਪ ਲਗਾਏ ਗਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜਾਗਰੂਕਤਾ ਟੀਮ ਵਿੱਚ ਜ਼ਿਲ੍ਹਾ ਐਪੀਡਿਮਾਲੋਜਿਸਟ ਸ਼੍ਰੀ ਸੰਤੋਸ਼ ਭਾਰਤੀ, ਏ.ਐਸ.ਆਈ. ਸ਼੍ਰੀ ਬਲਵੰਤ ਸਿੰਘ ਭੀਖੀ ਅਤੇ ਸ਼੍ਰੀ ਗੁਰਲਾਭ ਸਿੰਘ ਮਾਹਲ ਸ਼ਾਮਿਲ ਸਨ।
ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਉਹ 2 ਅਪ੍ਰੈਲ ਤੋਂ ਲੈ ਕੇ ਹੁਣ ਤੱਕ ਮਾਨਸਾ ਜ਼ਿਲ੍ਹੇ ਵਿਖੇ ਕਰੀਬ 280 ਵਿਅਕਤੀਆਂ ਦੇ ਸੈਂਪਲ ਇੱਕਤਰ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 11 ਸੈਂਪਲ ਕੋਰੋਨਾ ਪਾਜ਼ਿਟੀਵ ਆਏ ਸਨ ਅਤੇ ਬਾਕੀਆਂ ਦੀ ਰਿਪੋਰਟ ਨੈਗੇਟਿਵ ਆਈ ਹੈ। ਉਨ੍ਹਾਂ ਦੱਸਿਆ ਕਿ ਇਹ ਬਹੁਤ ਹੀ ਚੁਣੋਤੀਪੂਰਨ ਕੰਮ ਹੈ ਪਰ ਇੱਕ ਮੁਲਾਜ਼ਮ ਲਈ ਉਸਦੀ ਡਿਊਟੀ ਹੀ ਪੂਜਾ ਹੁੰਦੀ ਹੈ ਅਤੇ ਅਜਿਹੀ ਘੜੀ ਵਿੱਚ ਇੱਕ ਡਾਕਟਰ ਦੀ ਭੂਮਿਕਾ ਹੋਰ ਵੀ ਮਹੱਤਵਪੂਰਨ ਹੋ ਜਾਂਦੀ ਹੈ ਜੋ ਖੁਦ ਦੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਦੇਸ਼ ਅਤੇ ਆਪਣੇ ਇਲਾਕੇ ਦੇ ਲੋਕਾਂ ਦੀ ਜਾਨ ਬਚਾਉਣ ਨੂੰ ਤਰਜੀਹ ਦਿੰਦਾ ਹੈ। ਉਨ੍ਹਾਂ ਦੱਸਿਆ ਕਿ ਸੈਂਪਲ ਇੱਕਤਰ ਕਰਨ ਦੇ ਕੰਮ ਵਿੱਚ ਡਾ. ਅਰਸ਼ਦੀਪ ਅਤੇ ਡਾ. ਵਿਸ਼ਵਦੀਪ ਸਿੰਘ ਉਨ੍ਹਾਂ ਦੀ ਟੀਮ ਵਿੱਚ ਸ਼ਾਮਿਲ ਹਨ। ਉਨ੍ਹਾਂ ਨਾਲ ਹੀ ਦੱਸਿਆ ਕਿ ਜ਼ਿਲ੍ਹੇ ਅੰਦਰ ਇਹ ਇਕਲੌਤੀ ਟੀਮ ਹੈ ਜੋ ਕੋਰੋਨਾ ਵਾਇਰਸ ਸਬੰਧੀ ਸੈਂਪਲ ਇਕੱਤਰ ਕਰ ਰਹੀ ਹੈ।

NO COMMENTS