-ਮਾਨਸਾ ਜ਼ਿਲ੍ਹਾ ਵਿੱਚ ਸੋਮਵਾਰ ਤੋਂ ਸ਼ਨੀਵਾਰ ਸਵੇਰੇ 10 ਤੋਂ ਦੁਪਹਿਰ ਦੇ 1 ਵਜੇ ਤੱਕ ਡਾਕਟਰ ਤੋਂ ਲਈ ਜਾ ਸਕੇਗੀ ਸਲਾਹ

0
172

ਮਾਨਸਾ, 25 ਅਪ੍ਰੈਲ (ਸਾਰਾ ਯਹਾ, ਬਲਜੀਤ ਸ਼ਰਮਾ) : ਹੁਣ ਜ਼ਿਲ੍ਹਾ ਵਾਸੀ ਘਰ ਬੈਠੇ ਹੀ ਆਨ-ਲਾਈਨ ਪ੍ਰਣਾਲੀ ਰਾਹੀਂ ਸੂਬੇ ਦੇ ਮਾਹਿਰ ਡਾਕਟਰਾਂ ਤੋਂ ਆਪਣੀ ਬਿਮਾਰੀ ਦੇ ਉਪਚਾਰ ਸਬੰਧੀ ਮੁਫ਼ਤ ਵਿੱਚ ਸਲਾਹ ਲੈ ਸਕਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਨੈਸ਼ਨਲ ਹੈਲਥ ਮਿਸ਼ਨ ਤਹਿਤ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸ਼ਨਿਕ ਸੁਧਾਰ ਵਿਭਾਗ ਮੁਹਾਲੀ ਦੇ ਸਹਿਯੋਗ ਸਦਕਾ ਇਹ ਸੁਵਿਧਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦਾ ਲਾਭ ਲੈਣ ਲਈ ਵੈਬਸਾਈਟ https://www.esanjeevaniopd.in ‘ਤੇ ਜਾ ਕੇ ਪੇਸ਼ੈਂਟ ਰਜਿਸਟ੍ਰੇਸ਼ਨ ‘ਤੇ ਜਾਣਾ ਹੈ।
ਡਿਪਟੀ ਕਮਿਸ਼ਨਰ ਸ਼੍ਰੀ ਚਹਿਲ ਨੇ ਦੱਸਿਆ ਕਿ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਜਦੋਂ ਕਿ ਸੂਬੇ ਅੰਦਰ ਕਰਫਿਊ ਲੱਗਾ ਹੋਇਆ ਹੈ ਲੋਕਾਂ ਦੀਆਂ ਬਿਮਾਰੀਆਂ ਸਬੰਧੀ ਸਮੱਸਿਆਵਾਂ ਨੂੰ ਦੇਖਦਿਆਂ ਇਹ ਆਨ-ਲਾਈਨ  ਓ.ਪੀ.ਡੀ. ਦੀ ਸਹੂਲਤ ਸ਼ੁਰੂ ਕੀਤੀ ਗਈ ਹੈ।
ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਦੇ ਮਾਹਿਰ ਡਾਕਟਰਾਂ ਦਾ ਇੱਕ ਪੈਨਲ ਸੋਮਵਾਰ ਤੋਂ ਸ਼ਨੀਵਾਰ ਤੱਕ ਰੋਜ਼ਾਨਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ ਦੇ 1 ਵਜੇ ਤੱਕ ਬਿਮਾਰੀ ਵਿਅਕਤੀਆਂ ਨੂੰ ਆਨ-ਲਾਈਨ ਸਲਾਹ ਦੇਣ ਲਈ ਉਪਲੱਬਧ ਰਹੇਗਾ। ਉਨ੍ਹਾਂ ਦੱਸਿਆ ਕਿ ਫਿਲਹਾਲ ਹਾਲੇ ਜਨਰਲ ਫਿਜ਼ੀਸ਼ੀਅਨ (ਐਮ.ਡੀ. ਡਾਕਟਰ) ਦੀ ਓ.ਪੀ.ਡੀ. ਸ਼ੁਰੂ ਕਰਵਾਈ ਗਈ ਹੈ ਪਰ ਜਲਦ ਹੀ ਹੋਰ ਵੀ ਡਾਕਟਰਾਂ ਜਿਵੇਂ ਕਾਰਡੀਓਲੋਜਿਸਟ, ਗਾਇਨੀ, ਬੱਚਿਆਂ ਦੇ ਮਾਹਿਰ ਆਦਿ ਵੀ ਇਸ ਵਿੱਚ ਸ਼ਾਮਿਲ ਕੀਤੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਆਨ-ਲਾਈਨ ਓ.ਪੀ.ਡੀ. ਦੀ ਪ੍ਰਣਾਲੀ ਬਹੁਤ ਹੀ ਆਸਾਨ ਹੈ। ਉਨ੍ਹਾਂ ਦੱਸਿਆ ਕਿ ਇਸ ਵਿੱਚ ਸਭ ਤੋਂ ਪਹਿਲਾਂ ਵਿਅਕਤੀ ਇਸ ਵੈਬਸਾਈਟ ‘ਤੇ ਆਪਣੇ ਮੋਬਾਇਲ ਸਮੇਤ ਆਪਣਾ ਵੇਰਵਾ ਤਸਦੀਕ ਕਰੇਗਾ। ਉਸ ਉਪਰੰਤ ਮਰੀਜ਼ ਇਸ ‘ਤੇ ਰਜਿਸਟਰ ਹੋ ਜਾਵੇਗਾ ਅਤੇ ਉਸਦਾ ਟੋਕਨ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਜੋ ਟੋਕਨ ਨੰਬਰ ਅਤੇ ਪੇਸ਼ੈਂਟ ਆਈ.ਡੀ. ਸਬੰਧਤ ਵਿਅਕਤੀ ਦੇ ਮੋਬਾਇਲ ਨੰਬਰ ‘ਤੇ ਆਵੇਗੀ ਉਸ ਰਾਹੀਂ ਪੇਸ਼ੈਂਟ ਆਪਣੀ ਆਈ.ਡੀ. ਲਾਗਇਨ ਕਰੇਗਾ ਅਤੇ ਆਪਣੀ ਵਾਰੀ ਦਾ ਇੰਤਜ਼ਾਰ ਕਰਕੇ ਡਾਕਟਰ ਨਾਲ ਸਲਾਹ ਕਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰਕ੍ਰਿਆ ਤੋਂ ਬਾਅਦ ਡਾਕਟਰ ਜੋ ਦਵਾਈਆਂ ਲਿਖਦਾ ਹੈ ਉਨ੍ਹਾਂ ਨੂੰ ਡਾਊਨਲੋਡ ਕਰਕੇ ਕਿਸੇ ਵੀ ਦਵਾਈਆਂ ਦੀ ਦੁਕਾਨ ਤੋਂ ਖਰੀਦ ਕਰਕੇ ਆਪਣਾ ਇਲਾਜ ਕਰਵਾ ਸਕਦਾ ਹੈ।

NO COMMENTS