*ਮਾਨਸਾ ਜ਼ਿਲ੍ਹਾ ਜੇਲ੍ਹ ਵਿੱਚ ਲਗਾਇਆ ਗਿਆ ਵਿਸ਼ੇਸ਼ ਮੈਡੀਕਲ ਕੈਂਪ*

0
15

ਮਾਨਸਾ, 18 ਅਗਸਤ (ਸਾਰਾ ਯਹਾਂ/ਬੀਰਬਲ ਧਾਲੀਵਾਲ): ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਵੱਲੋਂ ਸਿਵਲ ਸਰਜਨ ਅਤੇ ਜੇਲ੍ਹ ਅਧਿਕਾਰੀਆਂ ਦੇ ਸਹਿਯੋਗ ਨਾਲ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਹੁਕਮਾਂ ਅਨੁਸਾਰ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਵਿਸ਼ੇਸ਼ ਮੈਡੀਕਲ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਅੱਖਾਂ, ਛਾਤੀ, ਮੈਡੀਸਨ, ਸਕਿਨ, ਦੰਦ, ਗਾਇਨੀ ਅਤੇ ਆਰਥੋ ਸਪੈਸ਼ਲਿਸਟ ਡਾਕਟਰ ਸ਼ਾਮਿਲ ਹੋਏ।
ਜ਼ਿਲ੍ਹਾ ਅਤੇ ਸੈਜ਼ਨਜ ਜੱਜ, ਮਾਨਸਾ ਮੈਡਮ ਨਵਜੋਤ ਕੌਰ ਅਤੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮੈਡਮ ਸ਼ਿਲਪਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਨੇ ਪੂਰੇ ਵਿਸ਼ਵ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਇਸ ਸਬੰਧੀ ਕੋਰੋਨਾ ਦੀ ਤੀਸਰੀ ਲਹਿਰ ਆਉਣ ਸਬੰਧੀ ਜੋ ਖਦਸ਼ੇ ਪ੍ਰਗਟ ਕੀਤੇ ਜਾ ਰਹੇ ਹਨ, ਉਨ੍ਹਾਂ ਖਦਸ਼ਿਆਂ ਪ੍ਰਤੀ ਸੁਚੇਤ ਹੋ ਕੇ ਸਾਵਧਾਨੀਆਂ ਵਰਤਣ ਦੀ ਬਹੁਤ ਜ਼ਰੂਰਤ ਹੈ। ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਦਾ ਸੰਦੇਸ਼ ਦਿੰਦਿਆਂ ਉਨ੍ਹਾਂ ਖੁਦ ਜੇਲ੍ਹ ਵਿੱਚ ਪੌਦੇ ਵੀ ਲਗਾਏ ਅਤੇ ਬੰਦੀਆਂ ਨੂੰ ਚੰਗੀ ਸੇਧ ਪ੍ਰਦਾਨ ਕਰਨ ਲਈ ਲਾਇਬ੍ਰੇਰੀ ਵਿੱਚ ਕਿਤਾਬਾਂ ਵੀ ਮੁਹੱਈਆ ਕਰਵਾਈਆਂ।
ਇਸ ਮੌਕੇ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ-ਕਮ-ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਮਾਨਸਾ ਮੈਡਮ ਸ਼ਿਲਪਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੈਡੀਕਲ ਕੈਂਪ ਦਾ ਮੁੱਖ ਉਦੇਸ਼ ਜ਼ਿਲ੍ਹਾ ਜੇਲ੍ਹ ਵਿੱਚ ਬੰਦ ਬੰਦੀਆਂ ਦੀ ਸਰੀਰਕ ਤੰਦਰੁਸਤੀ ਨੂੰ ਯਕੀਨੀ ਬਣਾਉਣਾ ਅਤੇ ਦੇਸ਼ ਨੂੰ ਕੋਰੋਨਾ ਵਰਗੀ ਮਹਾਂਮਾਰੀ ਤੋਂ ਮੁਕਤ ਕਰਵਾਉਣਾ ਹੈ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਹ ਕੈਂਪ ਹਰ ਤਿੰਨ ਮਹੀਨਿਆਂ ਬਾਅਦ ਇੱਕ ਵਾਰ ਜ਼ਰੂਰ ਲਗਾਇਆ ਜਾਇਆ ਕਰੇਗਾ।
ਇਸ ਮੌਕੇ ਆਸਰਾ ਲੋਕ ਸੇਵਾ ਸੰਸਥਾ ਦੇ ਮੈਂਬਰ ਤਰਸੇਮ ਸੇਮੀ, ਕਮਲ ਅਰੋੜਾ ਤੇ ਲਖਣ ਪਾਲ ਨੇ ਜ਼ਿਲ੍ਹਾ ਜੇਲ੍ਹ ਮਾਨਸਾ ਵਿਖੇ ਬੰਦੀਆਂ ਨੂੰ ਮਾਸਕ ਵੰਡੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੇਲ੍ਹ ਸੁਪਰਡੈਂਟ ਸ਼੍ਰੀ ਪਰਮਜੀਤ ਸਿੰਘ, ਐਡਵੋਕੇਟ ਬਲਵੀਰ ਕੌਰ, ਡਾ. ਸੂਸ਼ਾਕ ਸੂਦ (ਆਈਜ), ਡਾ. ਨਿਸ਼ੀ ਸੂਦ (ਚੈਸਟ), ਡਾ. ਪੰਕਜ ਕੁਮਾਰ (ਮੈਡੀਸਨ), ਡਾ. ਨਿਸ਼ਾਤ ਗੁਪਤਾ (ਸਕਿਨ), ਡਾ. ਹਰਮਨਦੀਪ ਸਿੰਘ (ਡੈਂਟਲ), ਡਾ. ਆਸ਼ਾ ਕਿਰਨ (ਗਾਇਨੀ), ਡਾ. ਦੀਪਕ ਕੁਮਾਰ (ਆਰਥੋ), ਸਮੂਹ ਜੇਲ੍ਹ ਅਧਿਕਾਰੀ ਆਦਿ ਮੌਜੂਦ ਸਨ।

NO COMMENTS