*ਮਾਨਸਾ ਜ਼ਿਲੇ ਵਿੱਚ ਸ਼ਾਂਤੀਪੂਰਵਕ ਢੰਗ ਨਾਲ ਹੋਈ ਵੋਟਿੰਗ!ਮਾਨਸਾ ’ਚ ਕਰੀਬ 81.13 ਫੀਸਦੀ ਹੋਈ ਵੋਟਿੰਗ*

0
85

ਮਾਨਸਾ, 20 ਫਰਵਰੀ (ਸਾਰਾ ਯਹਾਂ/ ਮੁੱਖ ਸੰਪਾਦਕ ): ਵਿਧਾਨ ਸਭਾ ਚੋਣਾਂ-2022 ਦੇ ਮੱਦੇਨਜ਼ਰ ਅੱਜ ਮਾਨਸਾ ਜ਼ਿਲੇ ਦੇ ਵਿਧਾਨ ਸਭਾ ਹਲਕਿਆਂ 96-ਮਾਨਸਾ, 97-ਸਰਦੂਲਗੜ ਅਤੇ 98-ਬੁਢਲਾਡਾ ਵਿੱਚ ਚੋਣ ਅਮਲ ਵੋਟਰਾਂ ਦੇ ਸਹਿਯੋਗ ਸਦਕਾ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਿਆ। ਇਹ ਜਾਣਕਾਰੀ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ਼੍ਰੀ ਮਹਿੰਦਰ ਪਾਲ ਨੇ ਦਿੱਤੀ।  ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਕਿ ਪੂਰੇ ਜ਼ਿਲੇ ਵਿੱਚ ਵੋਟਾਂ ਪਾਉਣ ਦੀ ਪ੍ਰਤੀਸ਼ਤਤਾ ਕਰੀਬ 81.13 ਫੀਸਦੀ ਰਹੀ ਹੈ। ਉਨਾਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 96-ਮਾਨਸਾ ਵਿੱਚ ਕਰੀਬ 78.98 ਫੀਸਦੀ, 97-ਸਰਦੂਲਗੜ ਵਿੱਚ ਕਰੀਬ 83.45 ਫੀਸਦੀ ਅਤੇ 98-ਬੁਢਲਾਡਾ ਵਿੱਚ ਕਰੀਬ 81 ਫੀਸਦੀ ਵੋਟਾਂ ਪਈਆਂ। ਉਨਾਂ ਦੱਸਿਆ ਕਿ ਅੱਜ ਦੀ ਪੋਲਿੰਗ ਦੌਰਾਨ ਪਹਿਲੀ ਵਾਰ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਰਹੇ 18 ਸਾਲ ਦੇ ਨੌਜਵਾਨਾਂ ਤੋਂ ਇਲਾਵਾ ਬਜ਼ੁਰਗ ਅਤੇ ਦਿਵਿਯਾਂਗ ਵੋਟਰਾਂ ਨੂੰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਸਰਟੀਫਿਕੇਟ ਅਤੇ ਗੁਲਾਬ ਦੇ ਫੁੱਲ ਦੇ ਕੇ ਸਨਮਾਨਿਤ ਕੀਤਾ ਗਿਆ। ਜ਼ਿਲਾ ਚੋਣ ਅਫ਼ਸਰ ਨੇ ਦੱਸਿਆ ਅੱਜ ਪਈਆਂ ਵੋਟਾਂ ਨਾਲ ਜ਼ਿਲੇ ਦੇ 34 ਉਮੀਦਵਾਰਾਂ, ਜਿਨਾਂ ਵਿੱਚ ਮਾਨਸਾ ਦੇ 11, ਸਰਦੂਲਗੜ ਦੇ 13 ਅਤੇ ਬੁਢਲਾਡਾ ਦੇ 10 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਈ.ਵੀ.ਐਮਜ਼ (ਇਲੈਕਟੋ੍ਰਨਿਕ ਵੋਟਿੰਗ ਮਸ਼ੀਨ) ਵਿੱਚ ਬੰਦ ਹੋ ਗਿਆ ਹੈ ਅਤੇ ਆਉਣ ਵਾਲੀ 10 ਮਾਰਚ ਨੂੰ ਇਨਾਂ ਵੋਟਾਂ ਦੀ ਗਿਣਤੀ ਹੋਵੇਗੀ। ਐਸ.ਐਸ.ਪੀ. ਸ਼੍ਰੀ ਦੀਪਕ ਪਾਰਿਕ ਨੇ ਕਿਹਾ ਕਿ ਜ਼ਿਲੇ ਵਿੱਚ ਕਿਸੇ ਵੀ ਥਾਂ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਅਤੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਦੀ ਕਰੜੀ ਨਿਗਰਾਨੀ ਹੇਠ ਵੋਟਾਂ ਦਾ ਕੰਮ ਅਮਨ-ਸ਼ਾਂਤੀ ਨਾਲ ਨੇਪਰੇ ਚੜ ਗਿਆ ਹੈ। ਇਸ ਸਮੁੱਚੀ ਵੋਟਿੰਗ ਪ੍ਰਕਿਰਿਆ ਨੂੰ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜਾਉਣ ਲਈ ਜ਼ਿਲਾ ਚੋਣ ਅਫ਼ਸਰ ਸ਼੍ਰੀ ਮਹਿੰਦਰ ਪਾਲ ਅਤੇ ਐਸ.ਐਸ.ਪੀ. ਸ਼੍ਰੀ ਦੀਪਕ ਪਾਰਿਕ ਨੇ ਵੋਟਰਾਂ, ਰਾਜਸੀ ਪਾਰਟੀਆਂ, ਅਧਿਕਾਰੀਆਂ/ਮੁਲਾਜ਼ਮਾਂ, ਪੁਲਿਸ ਤੇ ਅਰਧ ਸੈਨਿਕ ਬਲਾਂ ਦਾ ਧੰਨਵਾਦ ਕੀਤਾ।

NO COMMENTS