*ਮਾਨਸਾ ‘ਚ 6 ਸਾਲਾ ਬੱਚੇ ਦਾ ਕਤਲ, ਅਣਪਛਾਤੇ ਮੋਟਰਸਾਇਕਲ ਸਵਾਰਾਂ ਨੇ ਚਲਾਈ ਗੋਲ਼ੀ*

0
140

ਮਾਨਸਾ, 17 ਮਾਰਚ- (ਸਾਰਾ ਯਹਾਂ/ ਗੁਰਪ੍ਰੀਤ ਧਾਲੀਵਾਲ) ਮਾਨਸਾ ਦੇ ਪਿੰਡ ਕੋਟਲੀ ਕਲਾਂ ’ਚ ਮੋਟਰਸਾਈਕਲ ਸਵਾਰਾਂ ਵੱਲੋਂ 6 ਸਾਲਾ ਬੱਚੇ ਦਾ ਗੋਲ਼ੀ ਮਾਰ ਕੇ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਗੋਲ਼ੀ ਦੇ ਛਰੇ ਲੱਗਣ ਕਾਰਨ ਬੱਚੇ ਦੀ ਭੈਣ ਵੀ ਜ਼ਖ਼ਮੀ ਹੋ ਗਈ। ਜਾਣਕਾਰੀ ਮੁਤਾਬਿਕ ਜਸਪ੍ਰੀਤ ਸਿੰਘ ਆਪਣੇ 6 ਸਾਲਾ ਪੁੱਤਰ ਉਦੈਵੀਰ ਤੇ ਧੀ ਨਵਸੀਰਤ ਨਾਲ ਆਪਣੇ ਘਰ ਵੱਲ ਜਾ ਰਿਹਾ ਸੀ। ਇਸੇ ਦੌਰਾਨ ਮੋਟਰਸਾਈਕਲ ’ਤੇ ਦੋ ਅਣਪਛਾਤੇ ਵਿਅਕਤੀ ਆਏ ਤੇ ਗੋਲ਼ੀ ਚਲਾ ਦਿੱਤੀ ਜੋ ਉਦੈਵੀਰ ਨੂੰ ਜਾ ਲੱਗੀ।

ਮ੍ਰਿਤਕ ਦੇ ਚਾਚੇ ਰੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਦਾ ਭਤੀਜਾ ਜਸਪ੍ਰੀਤ ਸਿੰਘ ਆਪਣੇ ਪੁੱਤਰ ਤੇ ਧੀ ਨਾਲ ਉਨ੍ਹਾਂ ਦੇ ਘਰੋਂ ਆਪਣੇ ਘਰ ਜਾ ਰਿਹਾ ਸੀ ਤੇ ਇਸ ਦੌਰਾਨ ਬਾਈਕ ਸਵਾਰਾਂ ਨੇ ਉਨ੍ਹਾਂ ’ਤੇ ਗੋਲ਼ੀ ਚਲਾ ਦਿੱਤੀ। ਗੋਲ਼ੀ ਲੱਗਣ ਕਾਰਨ ਉਦੈਵੀਰ ਦੀ ਮੌਤ ਹੋ ਗਈ ਜਦਕਿ ਉਦੈਵੀਰ ਦੀ ਭੈਣ ਨਵਸੀਰਤ ਨੂੰ ਛੱਰਰੇ ਵੱਜ ਗਏ। ਇਹ ਘਟਨਾ ਵੀਰਵਾਰ ਸ਼ਾਮ ਦੀ ਹੈ।

ਗੋਲ਼ੀ ਲੱਗਣ ਤੋਂ ਬਾਅਦ ਬੱਚੇ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਸਪੀ ਡਾ. ਨਾਨਕ ਸਿੰਘ ਤੇ ਡੀਐੱਸਪੀ ਸੰਜੀਵ ਗੋਇਲ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਤੇ ਪਿੰਡ ਕੋਟਲੀ ਕਲਾਂ ਵਿਖੇ ਜਾਂਚ ਕੀਤੀ ਜਾ ਰਹੀ ਹੈ। ਇਸ ਮੌਕੇ ਡੀ.ਐੱਸ.ਪੀ ਸੰਜੀਵ ਗੋਇਲ ਨੇ ਕਿਹਾ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

NO COMMENTS