*ਮਾਨਸਾ ਚ ਸ਼ੁਰੂ ਹੋਇਆ ਸਕਾਊਂਟ ਐਂਡ ਗਾਈਡ ਦਾ ਪਹਿਲਾ ਰਿਹਾਇਸ਼ੀ ਕੈਂਪ*

0
26

ਮਾਨਸਾ 8 ਅਕਤੂਬਰ (ਸਾਰਾ ਯਹਾਂ/ ਮੁੱਖ ਸੰਪਾਦਕ ) : ਜ਼ਿਲ੍ਹੇ ਦੀ ਟੇਲ ‘ਤੇ ਪੈਂਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਨਾਹਰਾਂ ਵਿਖੇ ਭਾਰਤ ਸਕਾਊਂਟ ਐਂਡ ਗਾਈਡ ਦਾ ਪਹਿਲਾ ਰਿਹਾਇਸ਼ੀ ਕੈਂਪ ਲਾਇਆ ਗਿਆ,ਜਿਸ ਦਾ ਰਸਮੀ ਉਦਘਾਟਨ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਗੁਰਲਾਭ ਸਿੰਘ ਅਤੇ ਯੁਵਾ ਅਧਿਕਾਰੀ ਸੰਦੀਪ ਘੰਡ ਨਹਿਰੂ ਯੁਵਾ ਕੇਂਦਰ ਮਾਨਸਾ ਨੇ ਕੀਤਾ। ਉਨ੍ਹਾਂ ਇਸ ਇਸ ਨਿਵੇਕਲੇ ਕਾਰਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਛੋਟੀ ਉਮਰੇ ਸਕਾਊਂਟ ਐਂਡ ਗਾਇਡ ਵਰਗੇ ਮਿਸ਼ਨ ਦੀ ਭਾਵਨਾ ਨਾਲ ਇਹ ਬੱਚੇ ਅਪਣਾ ਅਨੁਸ਼ਾਸਨ ਮਈ ਜੀਵਨ ਜਿਉਣ ਦੇ ਕਾਬਲ ਬਣਨਗੇ।ਜ਼ਿਲ੍ਹਾ ਆਰਗੇਨਾਈਜੇਸ਼ਨ ਕਮਿਸ਼ਨਰ ਦਰਸ਼ਨ ਸਿੰਘ ਬਰੇਟਾ ਨੇ ਦੱਸਿਆ ਕਿ ਸਰਕਾਰੀ ਪ੍ਰਾਇਮਰੀ ਸਕੂਲ ਨਾਹਰਾਂ ਦੇ ਕੱਬ ਮਾਸਟਰ ਹੇਮੰਤ ਕੁਮਾਰ ਦੀ ਪਹਿਲ ਕਦਮੀ ਨਾਲ ਲੱਗੇ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਤ੍ਰਿਤਿਆ ਚਰਨ ਕੈਂਪ ਦਾ ਆਗਾਜ਼ ਕੀਤਾ ਗਿਆ ਹੈ,ਜੋ ਜ਼ਿਲ੍ਹੇ ਚ ਪ੍ਰਾਇਮਰੀ ਸਕੂਲਾਂ ਦਾ ਪਹਿਲਾ ਤਿੰਨ ਰੋਜ਼ਾ ਰਿਹਾਇਸ਼ੀ ਕੈਂਪ ਹੈ,ਜੋ ਪ੍ਰਾਇਮਰੀ ਜਮਾਤਾਂ ਦੇ ਬੱਚਿਆਂ ਚ ਭਾਰਤ ਸਕਾਊਂਟ ਐਂਡ ਗਾਈਡ ਦੇ ਮਿਸ਼ਨ ਦੀ ਪ੍ਰਾਪਤੀ ਲਈ ਵੱਡਾ ਮਹੌਲ ਸਿਰਜੇਗਾ। ਉਨ੍ਹਾਂ ਦੱਸਿਆ ਕਿ ਅਗਲੇ ਪੜ੍ਹਾਵਾਂ ਦੌਰਾਨ ਇਹ ਬੱਚੇ ਸ਼ਿਮਲੇ ਵਿਖੇ ਤਾਰਾ ਦੇਵੀ ਅਤੇ ਹੋਰਨਾਂ ਕੈਂਪਾਂ ਚ ਸ਼ਮੂਲੀਅਤ ਕਰਨਗੇ। ਸਰਕਾਰੀ ਪ੍ਰਾਇਮਰੀ ਸਕੂਲ ਨਾਹਰਾਂ ਵਿਖੇ ਲੱਗੇ ਰਿਹਾਇਸ਼ੀ ਕੈਂਪ ਚ ਮੇਜ਼ਬਾਨ ਸਕੂਲ ਤੋਂ ਇਲਾਵਾ ਦੋਦੜਾ,  ਕਿਸ਼ਨਗੜ੍ਹ, ਕਰੀਪੁਰ ਡੁੰਮ,ਨਿਊ ਸੰਘਾ ਦੇ ਪ੍ਰਾਇਮਰੀ ਸਕੂਲਾਂ ਦੇ ਬੱਚੇ ਭਾਗ ਲੈ ਰਹੇ ਹਨ। ਇਨ੍ਹਾਂ ਕੈਂਪਾਂ ਦੀ ਅਗਵਾਈ ਕਬ ਮਾਸਟਰ ਹੇਮੰਤ ਕੁਮਾਰ, ਕਬ ਮਾਸਟਰ ਰਾਜੇਸ਼ ਬੁਢਲਾਡਾ, ਕਬ ਮਾਸਟਰ ਮਹਿੰਦਰਪਾਲ ਬਰੇਟਾ, ਕਬ ਮਾਸਟਰ ਭੁਪਿੰਦਰ ਸਿੰਘ ਅਤੇ ਵਿਰੇੰਦਰ ਕੁਮਾਰ ਕਰ ਰਹੇ ਹਨ। ਇਸ ਕੈਂਪ ਦੌਰਾਨ ਭਾਰਤ ਸਕਾਊਂਟ ਐਂਡ ਗਾਈਡ ਪੰਜਾਬ ਦੇ ਕਬ ਸੈਕਸ਼ਨ ਦੇ ਬੱਚਿਆਂ ਨੇ ਦੂਸਰੇ ਸਕੂਲਾਂ ਦੇ ਬੱਚਿਆਂ ਨਾਲ ਆਪਸੀ ਜਾਣ ਪਹਿਚਾਣ ਤੋਂ ਬਾਅਦ ਕਬ ਪ੍ਰਾਰਥਨਾ ‘ਹਮ ਹੈ ਛੋਟੇ-ਛੋਟੇ ਬਾਲ’ ਕਰ ਕੇ ਇਸ ਤ੍ਰਿਤੀਆ ਚਰਨ ਕੈਂਪ ਦਾ ਆਗਾਜ਼ ਕੀਤਾ। ਸਮਾਂ-ਸਾਰਣੀ ਤਹਿਤ ਸਵੇਰੇ ਪੰਜ ਵਜੇ ਉੱਠ ਕੇ ਬੀ ਪੀ ਸਿਕਸ ਕਸਰਤਾਂ ਕਰਵਾ ਕੇ ਕੈਂਪ ਦੀ ਸ਼ੁਰੂਆਤ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਸਵੇਰ ਦਾ ਨਾਸ਼ਤਾ ਕਰਵਾ ਕੇ ਸਕਾਊਂਟ ਦੀ ਰਸਮ ‘ਪਰਮ ਸਤਿਕਾਰ’ ਨਿਭਾਅ ਕੇ ਫਲੈਗ ਸੈਰੇਮਨੀ ਦੀ ਅਹਿਮ ਰਸਮ ਅਦਾ ਕੀਤੀ ਜਾਂਦੀ ਹੈ। ਪ੍ਰਾਇਮਰੀ ਪੱਧਰ ਤੇ ਸਕਾਊਂਟ ਦੇ ਇਸ ਕੈਂਪ ਦੀ ਸਾਰੀ ਕਹਾਣੀ ਮੋਗਲੀ ਦੀ ਕਹਾਣੀ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਕਿ ਬੱਚਿਆਂ ਲਈ ਅਤਿ ਮਨੋਰੰਜਕ ਹੁੰਦੀ ਹੈ। ਮੋਗਲੀ ਦੀ ਕਹਾਣੀ ਅਤੇ ਭਾਲੂ ਦੀ ਖੇਡ ਕਰਵਾ ਕੇ ਦੁਨੀਆਂ ਦੀ ਹਰ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕਰਨ ਅਤੇ ਉਸ ਦਾ ਡਟ ਕੇ ਮੁਕਾਬਲਾ ਕਰਨ ਲਈ ਤਿਆਰ ਬਰ ਤਿਆਰ ਕੀਤਾ ਜਾਂਦਾ ਹੈ। ਕੈਂਪ ਦੌਰਾਨ ਬੱਚਿਆਂ

ਨੂੰ ਵੱਖ-ਵੱਖ ਪ੍ਰਕਾਰ ਦੀਆਂ ਤਾੜੀਆਂ, ਸਕਾਊਟ ਗੰਢਾਂ ਦੇ ਪ੍ਰਕਾਰ, ਵਿੱਦਿਅਕ ਖੇਡਾਂ ਤੇ ਗਤੀਵਿਧੀਆਂ,  ਗਿਆਨ ਵਧਾਊ ਤੇ ਮਨੋਰੰਜਕ ਕਿਰਿਆਵਾਂ ਤੋਂ ਇਲਾਵਾ ਆਪਸੀ ਮੁਕਾਬਲਾ ਕਰਵਾ ਕੇ ਬੱਚਿਆਂ ਨੂੰ ਦੁਨੀਆਂ-ਦਾਰੀ ਦੀ ਤਰੀਕੇ ਸਿਖਾਏ ਜਾਂਦੇ ਹਨ। ਕੱਬ ਸੈਕਸ਼ਨ ਦੇ ਮਾਟੋ ‘ਕੋਸ਼ਿਸ਼ ਕਰੋ’ ਤਹਿਤ ਬੱਚਿਆਂ ਨੂੰ ਦੱਸਿਆਂ ਜਾਂਦਾ ਹੈ ਕਿ ਉਨ੍ਹਾਂ ਨੂੰ ਹਰ ਕੰਮ ਵਿਚ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਸ਼ਾਮ ਨੂੰ ਸਾਰੇ ਦਿਨ ਦੇ ਕੀਤੇ ਗਏ ਕੰਮਾਂ ਦਾ ਮੁਲਾਂਕਣ ਕਰਕੇ ਰਾਤ ਦੇ ਭੋਜਨ ਤੋਂ ਬਾਅਦ ਸਕਾਊਂਟ ਦੀ ਅਹਿਮ ਰਸਮ ‘ਕੈਂਪ ਫਾਇਰ’ ਵਿੱਚ ਬੱਚਿਆਂ ਦੀਆਂ ਮਨ ਦੀਆਂ ਭਾਵਨਾਵਾਂ, ਉਨ੍ਹਾਂ ਅੰਦਰ ਛੁਪੀ ਕਲਾ ਨੂੰ ਉਤਸ਼ਾਹਿਤ ਕੀਤਾ ਗਿਆ।ਇਸ ਮੌਕੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿੰਘ ਸਿੱਧੂ,ਜ਼ਿਲ੍ਹਾ ਟ੍ਰੇਨਿੰਗ ਕਮਿਸ਼ਨਰ ਮਨਦੀਪ ਗੋਲਡੀ,ਅੰਗਰੇਜ਼ ਸਿੰਘ ਬੀ ਐੱਮ ਟੀ, ਸੈਂਟਰ ਹੈੱਡ ਟੀਚਰ ਹਰਵਿੰਦਰ ਸਿੰਘ, ਬੰਸੀ ਲਾਲ ਕਰੀਪੁਰ ਡੁੰਮ,ਅਜੈ ਕੁਮਾਰ ਐਚ ਡਬਲਯੂ ਬੀ,ਜਗਸੀਰ ਸਿੰਘ,ਦੇਸ ਰਾਜ,ਸੁਖਵਿੰਦਰ ਸਿੰਘ ਸਕਾਊਂਟ ਮਾਸਟਰ,ਮਨੋਜ ਕੁਮਾਰ,ਮੰਜੂ ਬਾਲਾ, ਮਨਪ੍ਰੀਤ ਕੌਰ ਹਾਜ਼ਰ ਸਨ।ਸਮਾਗਮ ਦੌਰਾਨ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਕੱਬ ਮਾਸਟਰ ਰਾਜੇਸ਼ ਬੁਢਲਾਡਾ ਨੇ ਬਾਖੂਬੀ ਨਿਭਾਈ।ਸਮਾਗਮ ਦੌਰਾਨ ਸੰਦੀਪ ਘੰਡ ਵੱਲ੍ਹੋਂ ਕਲੀਨ ਇੰਡੀਆ ਮੁਹਿੰਮ ਬਾਰੇ ਜਾਣਕਾਰੀ ਦਿੰਦਿਆਂ ਇਸ ਚ ਅਪਣਾ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ।

NO COMMENTS