-ਮਾਨਸਾ ’ਚ ਫਸੇ 54 ਪ੍ਰਵਾਸੀਆਂ ਨੂੰ ਕਾਨਪੁਰ ਲਈ ਕੀਤਾ ਰਵਾਨਾ

0
111

ਮਾਨਸਾ, 14 ਮਈ (ਸਾਰਾ ਯਹਾ/ ਬਲਜੀਤ ਸ਼ਰਮਾ ) : ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀ ਗੁਰਪਾਲ ਸਿੰਘ ਚਹਿਲ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨੋਵਲ ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਸੂਬੇ ਵਿਚ ਲਗਾਏ ਗਏ ਕਰਫਿਊ ਦੌਰਾਨ ਬਾਹਰਲੇ ਰਾਜਾਂ ਦੇ ਕਈ ਪ੍ਰਵਾਸੀ ਮਾਨਸਾ ਜ਼ਿਲ੍ਹੇ ਵਿੱਚ ਫਸ ਗਏ ਸਨ ਅਤੇ ਇਨ੍ਹਾਂ ਨੂੰ ਇੱਛਾ ਅਨੁਸਾਰ ਵਾਪਸ ਜਾਣ ਲਈ ਰਜਿਸਟੇ੍ਰਸ਼ਨ ਕਰਵਾਉਣ ਲਈ ਕਿਹਾ ਗਿਆ ਸੀ, ਜਿਸ ਤਹਿਤ ਪਹਿਲਾਂ ਵੀ ਕਈ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਸਬੰਧਤ ਰਾਜਾਂ ਵਿੱਚ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਲੜੀ ਤਹਿਤ ਅੱਜ ਉਤਰ ਪ੍ਰਦੇਸ਼ ਦੇ ਕਾਨਪੁਰ ਸ਼ਹਿਰੀ, ਕਾਨਪੁਰ ਦਿਹਾਤੀ, ਓਰਾਇਆ, ਈਟਾਵਾ, ਫਰੁਖ਼ਾਬਾਦ ਅਤੇ ਕਨੌਜ ਜ਼ਿਲਿ੍ਹਆਂ ਦੇ ਪ੍ਰਵਾਸੀਆਂ 54 ਪ੍ਰਵਾਸੀਆਂ ਨੂੰ ਉਨ੍ਹਾਂ ਦੇ ਰਾਜ ਵਿੱਚ ਭੇਜਿਆ ਗਿਆ ਹੈ।
ਡਿਪਟੀ ਕਮਿਸ਼ਨਰ ਮਾਨਸਾ ਨੇ ਦੱਸਿਆ ਕਿ ਪ੍ਰਵਾਸੀਆਂ ਨੂੰ ਜ਼ਿਲ੍ਹਾ ਮਾਨਸਾ ਤੋਂ ਉਨ੍ਹਾਂ ਦੇ ਰਾਜ ਵਿੱਚ ਭੇਜਣ ਲਈ  ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੂੰ ਨੋਡਲ ਅਫ਼ਸਰ ਤਾਇਨਾਤ ਕੀਤਾ ਗਿਆ ਹੈ ਅਤੇ ਇਨ੍ਹਾਂ ਪ੍ਰਵਾਸੀਆਂ ਨੂੰ ਬੱਸਾ ਭੇਜਣ ਲਈ ਤਿੰਨੋਂ ਸਬ-ਡਵੀਜ਼ਨਾਂ ਵਿੱਚ ਐਸ.ਡੀ.ਐਮਜ਼ ਦੀਆਂ ਡਿਊਟੀਆਂ ਲਗਾਈਆਂ ਗਈਆਂ ਸਨ। ਉਨ੍ਹਾਂ ਦੱਸਿਆ ਕਿ ਮਾਨਸਾ ਵਿਖੇ ਐਸ.ਡੀ.ਐਮ. ਸ਼੍ਰੀਮਤੀ ਸਰਬਜੀਤ ਕੌਰ, ਬੁਢਲਾਡਾ ਵਿਖੇ ਐਸ.ਡੀ.ਐਮ. ਸ਼੍ਰੀ ਆਦਿਤਯ ਡੇਚਲਵਾਲ ਅਤੇ ਸਰਦੂਲਗੜ੍ਹ ਵਿਖੇ ਐਸ.ਡੀ.ਐਮ. ਸ਼੍ਰੀ ਰਾਜਪਾਲ ਸਿੰਘ ਨੂੰ ਇਨ੍ਹਾਂ ਪ੍ਰਵਾਸੀਆਂ ਨੂੰ ਭੇਜਣ ਸਬੰਧੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਸਹਾਇਕ ਕਮਿਸ਼ਨਰ (ਜ) ਸ਼੍ਰੀ ਨਵਦੀਪ ਕੁਮਾਰ ਨੇ ਦੱਸਿਆ ਕਿ ਵਾਪਸ ਆਪਣੇ ਰਾਜ ਪਰਤਣ ਲਈ ਰਜਿਸਟਰਡ ਹੋਏ ਪ੍ਰਵਾਸੀਆਂ ਤਹਿਤ ਅੱਜ 144 ਵਿਅਕਤੀਆਂ ਨੇ ਵਾਪਸ ਆਪਣੇ ਰਾਜ ਵਿੱਚ ਜਾਣਾ ਸੀ ਪਰ ਹੁਣ ਕਈ ਦੁਕਾਨਾਂ ਜਾਂ ਹੋਰ ਕਾਰੋਬਾਰਾਂ ਦੀ ਛੁਟ ਮਿਲਣ ਕਾਰਨ ਕਈ ਲੋਕਾਂ ਨੂੰ ਦੁਬਾਰਾ ਤੋਂ ਕੰਮ ਮਿਲਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਅੱਜ ਸਿਰਫ਼ 54 ਪ੍ਰਵਾਸੀ ਹੀ ਆਪਣੇ ਰਾਜ ਵਿੱਚ ਗਏ।
ਐਸ.ਡੀ.ਐਮ. ਮਾਨਸਾ ਸ਼੍ਰੀਮਤੀ ਸਰਬਜੀਤ ਕੌਰ ਨੇ ਦੱਸਿਆ ਕਿ ਆਪਣੇ ਰਾਜ ਵਿੱਚ ਜਾਣ ਲਈ ਪੰਹੁਚੇ  ਪ੍ਰਵਾਸੀਆਂ ਦੀ ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਡਾਕਟਰਾਂ ਦੀ ਮਾਹਿਰ ਟੀਮ ਵੱਲੋਂ ਇਨ੍ਹਾਂ ਦੀ ਸਕਰੀਨਿੰਗ ਕਰਵਾਈ ਗਈ ਅਤੇ ਇਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰਵਾਸੀਆਂ ਨੂੰ ਮਾਨਸਾ ਤੋਂ ਫਿਰੋਜ਼ਪੁਰ ਪੀ.ਆਰ.ਟੀ.ਸੀ. ਦੀਆਂ ਬੱਸਾਂ ਰਾਹੀਂ ਭੇਜਿਆ ਗਿਆ ਹੈ ਅਤੇ ਫਿਰੋਜ਼ਪੁਰ ਤੋਂ ਟ੍ਰੇਨ ਰਾਹੀਂ ਉਤਰ ਪ੍ਰਦੇਸ਼ ਭੇਜਿਆ ਜਾਵੇਗਾ।
ਇਸ ਮੌਕੇ ਐਸ.ਪੀ. ਸ਼੍ਰੀ ਕੁਲਦੀਪ ਸਿੰਘ ਸੋਹੀ, ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ ਸ਼੍ਰੀ ਰਘਬੀਰ ਸਿੰਘ ਮਾਨ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀ ਹਰਪਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ।

NO COMMENTS